5 ਸਾਲਾਂ ਦੌਰਾਨ ਵਿਦੇਸ਼ਾਂ 'ਚ 633 ਭਾਰਤੀ ਵਿਦਿਆਰਥੀਆਂ ਦੀ ਹੋਈ ਮੌਤ, ਕੈਨੇਡਾ 'ਚ ਗਈ ਜ਼ਿਆਦਾ ਲੋਕਾਂ ਦੀ ਜਾਨ

Sunday, Jul 28, 2024 - 04:59 PM (IST)

5 ਸਾਲਾਂ ਦੌਰਾਨ ਵਿਦੇਸ਼ਾਂ 'ਚ 633 ਭਾਰਤੀ ਵਿਦਿਆਰਥੀਆਂ ਦੀ ਹੋਈ ਮੌਤ, ਕੈਨੇਡਾ 'ਚ ਗਈ ਜ਼ਿਆਦਾ ਲੋਕਾਂ ਦੀ ਜਾਨ

ਨਵੀਂ ਦਿੱਲੀ - ਪਿਛਲੇ 5 ਸਾਲਾਂ 'ਚ ਵਿਦੇਸ਼ਾਂ 'ਚ ਪੜ੍ਹ ਰਹੇ 633 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਇਹ ਮੌਤਾਂ 41 ਦੇਸ਼ਾਂ ਵਿੱਚ ਹੋਈਆਂ ਹਨ। ਦਰਅਸਲ ਇਸ ਸਮੇਂ ਸੰਸਦ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਹੈ। ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਲੋਕ ਸਭਾ 'ਚ ਇਹ ਜਾਣਕਾਰੀ ਦਿੱਤੀ।

ਕੈਨੇਡਾ 'ਚ 172 ਭਾਰਤੀ ਵਿਦਿਆਰਥੀਆਂ ਦੀ ਹੋਈ ਮੌਤ 

ਵਿਦੇਸ਼ ਰਾਜ ਮੰਤਰੀ ਕੀਰਤੀਵਰਧਨ ਸਿੰਘ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਵਿੱਚ ਦੱਸਿਆ ਕਿ ਪਿਛਲੇ ਪੰਜ ਸਾਲਾਂ ਵਿੱਚ ਵਿਦੇਸ਼ਾਂ ਵਿੱਚ ਪੜ੍ਹ ਰਹੇ 633 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 172 ਭਾਰਤੀ ਵਿਦਿਆਰਥੀਆਂ ਦੀ ਮੌਤ ਕੈਨੇਡਾ ਵਿੱਚ ਹੋਈ ਹੈ। ਇਸ ਤੋਂ ਬਾਅਦ ਅਮਰੀਕਾ ਦਾ ਨੰਬਰ ਆਉਂਦਾ ਹੈ, ਜਿੱਥੇ 108 ਵਿਦਿਆਰਥੀਆਂ ਦੀ ਮੌਤ ਹੋ ਗਈ। ਪਾਕਿਸਤਾਨ ਵਿੱਚ ਵੀ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਕੇਰਲ ਦੇ ਸੰਸਦ ਮੈਂਬਰ ਕੋਡੀਕੁਨਿਲ ਸੁਰੇਸ਼ ਦੇ ਸਵਾਲ ਦੇ ਜਵਾਬ 'ਚ ਦਿੱਤੀ ਗਈ।

ਵੱਖ-ਵੱਖ ਹਮਲਿਆਂ ਵਿੱਚ 19 ਭਾਰਤੀ ਵਿਦਿਆਰਥੀਆਂ ਦੀ ਜਾਨ ਚਲੀ ਗਈ

ਕੀਰਤੀਵਰਧਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੌਤਾਂ ਦੇ ਕਾਰਨ ਵੱਖ-ਵੱਖ ਸਨ। ਕੁਝ ਮੌਤਾਂ ਕੁਦਰਤੀ ਕਾਰਨਾਂ ਕਰਕੇ ਹੋਈਆਂ ਹਨ, ਜਦਕਿ ਕੁਝ ਮੌਤਾਂ ਹਾਦਸਿਆਂ ਕਾਰਨ ਹੋਈਆਂ ਹਨ। ਵੱਖ-ਵੱਖ ਹਮਲਿਆਂ ਵਿੱਚ 19 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 9 ਵਿਦਿਆਰਥੀਆਂ ਦੀ ਮੌਤ ਕੈਨੇਡਾ ਵਿੱਚ ਹੋਈ ਅਤੇ 6 ਵਿਦਿਆਰਥੀਆਂ ਦੀ ਮੌਤ ਅਮਰੀਕਾ ਵਿੱਚ ਹੋਈ। ਹਮਲਿਆਂ ਦੇ ਨਤੀਜੇ ਵਜੋਂ ਆਸਟ੍ਰੇਲੀਆ, ਬ੍ਰਿਟੇਨ, ਚੀਨ ਅਤੇ ਕਿਰਗਿਸਤਾਨ ਵਿੱਚ ਇੱਕ-ਇੱਕ ਵਿਦਿਆਰਥੀ ਦੀ ਮੌਤ ਹੋ ਗਈ।

'ਇਸ ਵੇਲੇ 13 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਵਿਦੇਸ਼ਾਂ 'ਚ ਪੜ੍ਹ ਰਹੇ ਹਨ'

ਮੰਤਰੀ ਨੇ ਅੱਗੇ ਕਿਹਾ ਕਿ ਵਿਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਭਾਰਤ ਸਰਕਾਰ ਦੀ ਤਰਜੀਹ ਹੈ। ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨ ਭਾਰਤੀ ਵਿਦਿਆਰਥੀਆਂ ਨਾਲ ਨਿਯਮਤ ਸੰਪਰਕ ਰੱਖਦੇ ਹਨ। ਕੀਰਤੀਵਰਧਨ ਸਿੰਘ ਨੇ ਦੱਸਿਆ ਕਿ ਇਸ ਵੇਲੇ 13 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਵਿਦੇਸ਼ਾਂ ਵਿੱਚ ਪੜ੍ਹ ਰਹੇ ਹਨ। ਪਿਛਲੇ 3 ਸਾਲਾਂ 'ਚ ਇਹ ਗਿਣਤੀ ਵਧੀ ਹੈ। 2022 ਵਿੱਚ 7.5 ਲੱਖ ਵਿਦਿਆਰਥੀ, 2023 ਵਿੱਚ 9.3 ਲੱਖ ਵਿਦਿਆਰਥੀ ਅਤੇ 2024 ਵਿੱਚ 13.35 ਲੱਖ ਵਿਦਿਆਰਥੀ ਉੱਚ ਸਿੱਖਿਆ ਹਾਸਲ ਕਰ ਰਹੇ ਹਨ। ਇਹ ਵਿਦਿਆਰਥੀ 101 ਦੇਸ਼ਾਂ ਵਿੱਚ ਪੜ੍ਹ ਰਹੇ ਹਨ।

ਬਹੁਤੇ ਵਿਦਿਆਰਥੀ ਕੈਨੇਡਾ ਵਿੱਚ ਪੜ੍ਹ ਰਹੇ 

ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਵਿਦਿਆਰਥੀ ਕੈਨੇਡਾ ਵਿੱਚ ਪੜ੍ਹ ਰਹੇ ਹਨ। ਇਸ ਤੋਂ ਬਾਅਦ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ, ਜਰਮਨੀ, ਯੂਏਈ ਅਤੇ ਰੂਸ ਦਾ ਨੰਬਰ ਆਉਂਦਾ ਹੈ। ਚੀਨ ਵਿੱਚ 8 ਹਜ਼ਾਰ ਤੋਂ ਵੱਧ ਵਿਦਿਆਰਥੀ ਪੜ੍ਹ ਰਹੇ ਹਨ। ਜੰਗ ਦੇ ਬਾਵਜੂਦ 2510 ਵਿਦਿਆਰਥੀ ਯੂਕਰੇਨ ਵਿੱਚ ਪੜ੍ਹ ਰਹੇ ਹਨ, ਜਦਕਿ 14 ਵਿਦਿਆਰਥੀ ਪਾਕਿਸਤਾਨ ਵਿੱਚ ਵੀ ਪੜ੍ਹ ਰਹੇ ਹਨ।


 


author

Harinder Kaur

Content Editor

Related News