ਬਿਨਾਂ ਡਰਾਈਵਿੰਗ ਟੈਸਟ ਤੋਂ ਮਿਲੇਗਾ ਲਾਇਸੰਸ, ਸਰਕਾਰ ਦੀ ਵੱਡੀ ਤਿਆਰੀ
Wednesday, Feb 10, 2021 - 10:19 AM (IST)
 
            
            ਨਵੀਂ ਦਿੱਲੀ– ਆਉਣ ਵਾਲੇ ਦਿਨਾਂ ’ਚ ਡਰਾਈਵਿੰਗ ਲਾਇਸੰਸ ਪਾਉਣ ਲਈ ਡਰਾਈਵਿੰਗ ਟੈਸਟ ਤੋਂ ਛੋਟ ਮਿਲ ਸਕਦੀ ਹੈ ਪਰ ਸ਼ਰਤ ਇਹ ਹੋਵੇਗੀ ਕਿ ਤੁਹਾਨੂੰ ਕਿਸੇ ਮਾਨਤਾ ਪ੍ਰਾਪਤ ਡਰਾਈਵਿੰਗ ਸੈਂਟਰ ਤੋਂ ਗੱਡੀ ਚਲਾਉਣ ਦੀ ਟ੍ਰੇਨਿੰਗ ਸਫਲਤਾਪੂਰਵਕ ਪੂਰੀ ਕਰਨੀ ਹੋਵੇਗੀ।
ਦਰਅਸਲ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਏਕ੍ਰੀਡੇਡੇਟ ਡਰਾਈਵਰ ਟ੍ਰੇਨਿੰਗ ਸੈਂਟਰਸ ਦੇ ਸਬੰਧ ’ਚ ਇਕ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਡਰਾਫਟ ਦੇ ਮੁਤਾਬਕ ਕੋਈ ਵਿਅਕਤੀ ਜੇ ਇਨ੍ਹਾਂ ਏਕ੍ਰੀਡੇਡੇਟ ਸੈਂਟਰਸ ਤੋਂ ਡਰਾਈਵਿੰਗ ਦੀ ਟ੍ਰੇਨਿੰਗ ਸਫਲਤਾਪੂਰਵਕ ਪੂਰੀ ਕਰ ਲੈਂਦਾ ਹੈ ਤਾਂ ਉਸ ਨੂੰ ਡਰਾਈਵਿੰਗ ਲਾਇਸੰਸ ਲਈ ਅਰਜ਼ੀ ਦਾਖਲ ਕਰਨ ਦੌਰਾਨ ਡਰਾਈਵਿੰਗ ਟੈਸਟ ਤੋਂ ਛੋਟ ਮਿਲੇਗੀ। ਲੋਕਾਂ ਦੇ ਸੁਝਾਅ ਜਾਣਨ ਲਈ ਡਰਾਫਟ ਨੋਟੀਫਿਕੇਸ਼ਨ ਨੂੰ ਮੰਤਰਾਲਾ ਦੀ ਵੈੱਬਸਾਈਟ ’ਤੇ ਅਪਲੋਡ ਕਰ ਦਿੱਤਾ ਗਿਆ ਹੈ। ਇਹ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸਰਕਾਰ ਇਸ ਨੂੰ ਰਸਮੀ ਤੌਰ ’ਤੇ ਜਾਰੀ ਕਰੇਗੀ।
ਸੜਕ ਆਵਾਜਾਈ ਮੰਤਰਾਲਾ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਟ੍ਰਾਂਸਪੋਰਟ ਇੰਡਸਟਰੀ ਨੂੰ ਹੁਨਰਮੰਦ ਡਰਾਈਵਰਸ ਮਿਲ ਸਕਣਗੇ। ਇਸ ਨਾਲ ਸਮਰੱਥਾ ਦਾ ਵਿਸਤਾਰ ਹੋਵੇਗਾ, ਨਾਲ ਹੀ ਸੜਕ ਹਾਦਸਿਆਂ ਦੇ ਮਾਮਲਿਆਂ ’ਚ ਕਮੀ ਆਵੇਗੀ।
ਸੜਕ ਹਾਦਸਿਆਂ ’ਚ ਕਮੀ ਲਿਆਉਣਾ ਮਕਸਦ
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਦਾ ਮਕਸਦ ਸੜਕ ਹਾਦਸਿਆਂ ਦੀ ਗਿਣਤੀ 2025 ਤੱਕ ਘਟਾ ਕੇ ਅੱਧੀ ਕਰਨਾ ਹੈ। ਰਾਸ਼ਟਰੀ ਸੜਕ ਸੁਰੱਖਿਆ ਪਰਿਸ਼ਦ ਦੀ ਬੈਠਕ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਸੀ ਕਿ ਸੜਕ ਹਾਦਸਿਆਂ ’ਚ ਕਮੀ ਲਿਆਉਣਾ ਧੀਮੀ ਪ੍ਰਕਿਰਿਆ ਨਹੀਂ ਹੈ ਅਤੇ ਇਸ ਨੂੰ ਤੁਰੰਤ ਹੀ ਪਹਿਲ ਦੇ ਆਧਾਰ ’ਤੇ ਲੈਣਾ ਚਾਹੀਦਾ ਹੈ। ਗਡਕਰੀ ਨੇ ਇਹ ਵੀ ਕਿਹਾ ਸੀ ਕਿ ਸੜਕ ਸੁਰੱਖਿਆ ਮਾਪਦੰਡਾਂ ਬਾਰੇ ਜਾਗਰੂਕਤਾ ਵਧਾਉਣ ਦੀ ਲੋੜ ਹੈ। ਮੰਤਰਾਲਾ 1 ਜਨਵਰੀ ਤੋਂ 17 ਫਰਵਰੀ 2021 ਤੱਕ ਸੜਕ ਸੁਰੱਖਿਆ ਮਹੀਨਾ ਮਨਾ ਰਿਹਾ ਹੈ। ਇਸ ਦੌਰਾਨ ਸੜਕ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            