2021-22 ''ਚ ਬਾਜ਼ਾਰ ''ਚ ਦਸਤਕ ਦੇਣਗੇ 55,000 ਕਰੋੜ ਰੁ: ਦੇ ਆਈ. ਪੀ. ਓ.
Sunday, Jun 13, 2021 - 06:17 PM (IST)
ਮੁੰਬਈ- ਪੇਟੀਐੱਮ ਦੇ ਨਿਰਦੇਸ਼ਕ ਮੰਡਲ ਨੇ 22,000 ਕਰੋੜ ਰੁਪਏ ਦੀ ਸ਼ੇਅਰ ਵਿਕਰੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਜਿਹੀ ਸਥਿਤੀ ਵਿਚ ਆਉਣ ਵਾਲੇ ਦਿਨਾਂ ਵਿਚ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਦਾ ਬਾਜ਼ਾਰ ਕਾਫ਼ੀ ਵੱਡਾ ਹੋਣ ਦੀ ਉਮੀਦ ਹੈ। ਵਿੱਤੀ ਤਕਨਾਲੋਜੀ ਕੰਪਨੀਆਂ ਸਣੇ ਤਕਰੀਬਨ ਇਕ ਦਰਜਨ ਵਿੱਤੀ ਸੇਵਾ ਕੰਪੀਆਂ ਚਾਲੂ ਵਿੱਤੀ ਸਾਲ ਦੌਰਾਨ 55,000 ਕਰੋੜ ਰੁਪਏ ਤੋਂ ਜ਼ਿਆਦਾ ਦੇ ਆਈ. ਪੀ. ਓ. ਲਿਆਉਣ ਦੀ ਤਿਆਰੀ ਕਰ ਰਹੀਆਂ ਹਨ। ਨਿਵੇਸ਼ ਬੈਂਕਰਾਂ ਨੇ ਇਹ ਜਾਣਕਾਰੀ ਦਿੱਤੀ।
ਇਕ ਦਰਜਨ ਤੋਂ ਜ਼ਿਆਦਾ ਬੀਮਾ, ਸੰਪਤੀ ਪ੍ਰਬੰਧਨ, ਵਪਾਰਕ ਬੈਂਕਿੰਗ, ਗੈਰ-ਬੈਂਕ, ਸੂਖਮ ਵਿੱਤ, ਰਿਹਾਇਸ਼ੀ ਵਿੱਤ ਤੇ ਭੁਗਤਾਨ ਬੈਂਕ ਕੰਪਨੀਆਂ ਨੇ ਭਾਰਤੀ ਸਕਿਓਰਿਟੀ ਤੇ ਐਕਸਚੇਂਜ ਬੋਰਡ (ਸੇਬੀ) ਕੋਲ ਆਈ. ਪੀ. ਓ. ਲਈ ਦਸਤਾਵੇਜ਼ ਜਮ੍ਹਾ ਕਰਾਏ ਹਨ। ਇਸ ਨੂੰ ਦੇਖਦੇ ਹੋਏ ਅਗਾਮੀ ਮਹੀਨਿਆਂ ਵਿਚ ਆਈ. ਪੀ. ਓ. ਬਾਜ਼ਾਰ ਵਿਚ ਵਿੱਤੀ ਸੇਵਾ ਖੇਤਰ ਦਾ ਦਬਦਬਾ ਰਹਿਣ ਦੀ ਉਮੀਦ ਹੈ।
ਜਿਨ੍ਹਾਂ ਕੰਪਨੀਆਂ ਨੇ ਆਈ. ਪੀ. ਓ. ਲਈ ਦਸਤਾਵੇਜ਼ ਜਮ੍ਹਾ ਕਰਾਏ ਹਨ ਉਨ੍ਹਾਂ ਵਿਚ ਆਧਾਰ ਹਾਊਸਿੰਗ ਫਾਈਨੈਂ, ਪਾਲਿਸੀ ਬਾਜ਼ਾਰ, ਐਪਟਸ ਹਾਊਸਿੰਗ ਫਾਈਨੈਂਸ, ਸਟਾਰ ਹੈਲਥਕ ਇੰਸ਼ੋਰੈਂਸ, ਆਦਿੱਤਿਆ ਬਿਰਲਾ ਸਨ ਲਾਈਫ ਏ. ਐੱਮ. ਸੀ., ਆਰੋਹਣ ਫਾਈਨੈਂਸ਼ਲ ਸਰਵਿਸਿਜ਼, ਫਿਊਜਨ ਮਾਈਕ੍ਰੋਫਾਈਨੈਂਸ, ਫਿਨਕੇਅਰ ਸਮਾਲ ਫਾਈਨੈਂਸ ਬੈਂਕ, ਤਾਮਿਲਨਾਡੂ ਮਰਕੇਂਟਾਈਲ ਬੈਂਕ, ਮੇਡੀ ਐਸਿਸਟ ਅਤੇ ਜਨ ਸਮਾਲ ਫਾਈਨੈਂਸ ਬੈਂਕ ਸ਼ਾਮਲ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਡਾ ਆਈ. ਪੀ. ਓ. ਪੇਟੀਐੱਮ ਦਾ ਹੈ। ਪੇਟੀਐੱਮ ਦੇ ਨਿਰਦੇਸ਼ਕ ਮੰਡਲ ਨੇ 22,000 ਕਰੋੜ ਰੁਪਏ ਦੀ ਸ਼ੇਅਰ ਵਿਕਰੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ, ਜੇਕਰ ਇਹ ਯੋਜਨਾ ਇਸੇ ਤਰ੍ਹਾਂ ਰਹਿੰਦੀ ਹੈ ਤਾਂ ਇਹ ਦੇਸ਼ ਦਾ ਹੁਣ ਤੱਕ ਦਾ ਵੱਡਾ ਆਈ. ਪੀ. ਓ. ਹੋਵੇਗਾ।