ਡਾਓ 100 ਤੋਂ ਵੱਧ ਅੰਕ ਟੁੱਟਾ, S&P 500 ਵੀ ਲਾਲ ਨਿਸ਼ਾਨ ''ਤੇ ਬੰਦ

09/17/2019 8:02:30 AM

ਵਾਸ਼ਿੰਗਟਨ— ਸਾਊਦੀ 'ਚ ਡਰੋਨ ਹਮਲੇ ਮਗਰੋਂ ਤੇਲ ਕੀਮਤਾਂ 'ਚ ਵਾਧਾ ਹੋਣ ਨਾਲ ਸੋਮਵਾਰ ਨੂੰ ਅਮਰੀਕੀ ਬਾਜ਼ਾਰ ਗਿਰਾਵਟ 'ਚ ਬੰਦ ਹੋਏ। ਨਿਵੇਸ਼ਕਾਂ ਨੂੰ ਡਰ ਹੈ ਕਿ ਤੇਲ ਕੀਮਤਾਂ ਵਧਣ ਨਾਲ ਗਲੋਬਲ ਆਰਥਿਕ ਵਿਕਾਸ ਦੀ ਰਫਤਾਰ ਹੌਲੀ ਹੋ ਸਕਦੀ ਹੈ।
 

ਡਾਓ ਜੋਂਸ 142.70 ਅੰਕ ਯਾਨੀ 0.5 ਫੀਸਦੀ ਡਿੱਗ ਕੇ 27,067.82 ਦੇ ਪੱਧਰ 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਲਗਾਤਾਰ ਅੱਠ ਕਾਰੋਬਾਰੀ ਸਤਰ 'ਚ ਡਾਓ ਮਜਬੂਤ ਰਿਹਾ ਸੀ।
ਉੱਥੇ ਹੀ, ਐੱਸ. ਐਂਡ ਪੀ.-500 ਇੰਡੈਕਸ 0.3 ਫੀਸਦੀ ਦੀ ਕਮਜ਼ੋਰੀ ਨਾਲ 2,997.96 ਦੇ ਪੱਧਰ 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਨੈਸਡੈਕ ਕੰਪੋਜ਼ਿਟ ਵੀ 0.3 ਫੀਸਦੀ ਦੀ ਗਿਰਾਵਟ ਦਰਜ ਕਰਦੇ ਹੋਏ 8,153.54 ਦੇ ਪੱਧਰ 'ਤੇ ਬੰਦ ਹੋਇਆ। ਸ਼ਨੀਵਾਰ ਸਾਊਦੀ 'ਚ ਹੋਏ ਡਰੋਨ ਹਮਲੇ ਮਗਰੋਂ ਅਮਰੀਕਾ ਦੇ ਡਬਲਿਊ. ਟੀ. ਆਈ. ਕੱਚੇ ਤੇਲ 'ਚ 14 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ, ਜੋ 2008 ਤੋਂ ਬਾਅਦ ਸਭ ਤੋਂ ਵੱਡਾ ਇਕ ਦਿਨਾ ਉਛਾਲ ਸੀ। ਇਸ ਵਿਚਕਾਰ ਸਾਊਦੀ ਅਰਬ ਦੀ ਅਰਾਮਕੋ ਕੰਪਨੀ ਨੇ ਕਿਹਾ ਹੈ ਕਿ ਉਹ ਤੇਲ ਸਪਲਾਈ ਨੂੰ ਦੁਬਾਰਾ ਪਹਿਲਾਂ ਵਾਲੀ ਸਥਿਤੀ 'ਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉੱਥੇ ਹੀ, ਟਰੰਪ ਨੇ ਵੀ ਬਾਜ਼ਾਰ ਨੂੰ ਭਰੋਸਾ ਦਿੱਤਾ ਹੈ ਕਿ ਤੇਲ ਕੀਮਤਾਂ 'ਚ ਹੋਰ ਵਾਧਾ ਨਾ ਹੋਵੇ ਇਸ ਲਈ ਉਹ ਯੂ. ਐੱਸ. ਰਿਜ਼ਰਵਡ 'ਚੋਂ ਤੇਲ ਜਾਰੀ ਕਰ ਸਕਦੇ ਹਨ।


Related News