Sunday ਨੂੰ ਘਰ ''ਚ ਪਤਨੀ ਨੂੰ ਘੂਰ ਕੇ ਨਾ ਦੇਖੋ, ਇਸ ਤੋਂ ਬਿਹਤਰ ਹੈ...

Friday, Jan 10, 2025 - 11:36 AM (IST)

Sunday ਨੂੰ ਘਰ ''ਚ ਪਤਨੀ ਨੂੰ ਘੂਰ ਕੇ ਨਾ ਦੇਖੋ, ਇਸ ਤੋਂ ਬਿਹਤਰ ਹੈ...

ਨਵੀਂ ਦਿੱਲੀ - ਲਾਰਸਨ ਐਂਡ ਟੂਬਰੋ (LT) ਦੇ ਚੇਅਰਮੈਨ ਐਸਐਨ ਸੁਬਰਾਮਨੀਅਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਹਾਲ ਹੀ 'ਚ ਉਨ੍ਹਾਂ ਨੇ ਇਕ ਅਜਿਹਾ ਬਿਆਨ ਦਿੱਤਾ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ ਚਰਚਾ ਛੇੜ ਦਿੱਤੀ ਹੈ। ਸੁਬਰਾਮਣੀਅਨ ਨੇ ਕਰਮਚਾਰੀਆਂ ਨੂੰ ਹਫ਼ਤੇ ਵਿੱਚ 90 ਘੰਟੇ ਕੰਮ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਮੁਤਾਬਕ ਘਰ 'ਚ ਸਮਾਂ ਬਿਤਾਉਣ ਦੀ ਬਜਾਏ ਐਤਵਾਰ ਨੂੰ ਦਫਤਰ ਆਉਣਾ ਬਿਹਤਰ ਹੈ। ਉਨ੍ਹਾਂ ਦਾ ਕਹਿਣਾ ਹੈ , "ਐਤਵਾਰ ਨੂੰ ਘਰ ਬੈਠ ਕੇ ਕੀ ਕਰੋਗੇ? ਆਪਣੀ ਘਰਵਾਲੀ ਨੂੰ ਕਦੋਂ ਤੱਕ ਘੂਰੋਗੇ ਅਤੇ ਤੁਹਾਡੀ ਪਤਨੀ ਵੀ ਤੁਹਾਨੂੰ ਕਿੰਨੀ ਦੇਰ ਤੱਕ ਦੇਖੇਗੀ? ਇਸ ਤੋਂ ਬਿਹਤਰ ਹੈ ਕਿ ਤੁਸੀਂ ਕੰਮ ਕਰੋ" 

ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ 'ਤੇ ਸਵਾਲ

ਇੱਕ ਇਵੈਂਟ ਦੌਰਾਨ ਸੁਬਰਾਮਣੀਅਨ ਤੋਂ ਪੁੱਛਿਆ ਗਿਆ ਕਿ ਕੀ ਸ਼ਨੀਵਾਰ ਨੂੰ ਕੰਮ ਕਰਨਾ ਸਹੀ ਹੈ, ਖਾਸ ਕਰਕੇ ਜਦੋਂ ਉਨ੍ਹਾਂ ਦੀ ਕੰਪਨੀ ਅਰਬਾਂ ਡਾਲਰ ਦੀ ਹੈ। ਇਸ ਦੇ ਜਵਾਬ 'ਚ ਉਨ੍ਹਾਂ ਕਿਹਾ, "ਮੈਨੂੰ ਅਫਸੋਸ ਹੈ ਕਿ ਮੈਂ ਆਪਣੇ ਕਰਮਚਾਰੀਆਂ ਨੂੰ ਐਤਵਾਰ ਨੂੰ ਕੰਮ ਨਹੀਂ ਕਰਾ ਪਾ ਰਿਹਾ ਹਾਂ। ਜੇਕਰ ਉਹ ਐਤਵਾਰ ਨੂੰ ਵੀ ਕੰਮ ਕਰਦੇ ਤਾਂ ਮੈਨੂੰ ਖੁਸ਼ੀ ਹੋਵੇਗੀ। ਮੈਂ ਖੁਦ ਐਤਵਾਰ ਨੂੰ ਕੰਮ ਕਰਦਾ ਹਾਂ ਅਤੇ ਇਹ ਸਫਲਤਾ ਦਾ ਮੰਤਰ ਹੈ।"

ਚੀਨੀ ਅਤੇ ਅਮਰੀਕੀ ਕੰਮ ਦੇ ਸਭਿਆਚਾਰ ਦੀ ਉਦਾਹਰਨ

ਗੱਲਬਾਤ ਦੌਰਾਨ ਸੁਬਰਾਮਨੀਅਨ ਨੇ ਚੀਨੀ ਅਤੇ ਅਮਰੀਕੀ ਵਰਕ ਕਲਚਰ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਚੀਨੀ ਲੋਕ ਹਫ਼ਤੇ ਵਿੱਚ 90 ਘੰਟੇ ਕੰਮ ਕਰਦੇ ਹਨ, ਜਦਕਿ ਅਮਰੀਕੀ ਸਿਰਫ਼ 50 ਘੰਟੇ ਕੰਮ ਕਰਦੇ ਹਨ। ਉਸ ਨੇ ਕਿਹਾ, "ਜੇ ਤੁਸੀਂ ਦੁਨੀਆ ਦੇ ਸਿਖਰ 'ਤੇ ਹੋਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸਖ਼ਤ ਮਿਹਨਤ ਕਰਨੀ ਪਵੇਗੀ।"

ਸੋਸ਼ਲ ਮੀਡੀਆ 'ਤੇ ਪ੍ਰਤੀਕਰਮ

ਉਨ੍ਹਾਂ ਦੇ ਬਿਆਨ ਦਾ 56 ਸੈਕਿੰਡ ਦਾ ਵੀਡੀਓ ਰੈਡਿਟ 'ਤੇ ਵਾਇਰਲ ਹੋਇਆ ਹੈ। ਵੀਡੀਓ 'ਚ ਉਹ ਕਿਸੇ ਹੋਰ ਕਰਮਚਾਰੀ ਨਾਲ ਵੀਡੀਓ ਕਾਲ 'ਤੇ ਗੱਲ ਕਰਦੇ ਨਜ਼ਰ ਆ ਰਹੇ ਹਨ। ਇਸ ਬਿਆਨ 'ਤੇ ਸੋਸ਼ਲ ਮੀਡੀਆ 'ਤੇ ਤਿੱਖੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕੁਝ ਲੋਕ ਇਸ ਨੂੰ ਗਲਤ ਦੱਸ ਰਹੇ ਹਨ, ਜਦਕਿ ਕੁਝ ਇਸ ਨੂੰ ਅੱਜ ਦੇ ਕੰਮ-ਜੀਵਨ ਸੰਤੁਲਨ ਦੇ ਵਿਰੁੱਧ ਮੰਨ ਰਹੇ ਹਨ।

ਨਰਾਇਣ ਮੂਰਤੀ ਦਾ ਬਿਆਨ ਵੀ ਚਰਚਾ 'ਚ 

ਇਸ ਤੋਂ ਪਹਿਲਾਂ ਇਨਫੋਸਿਸ ਦੇ ਸੰਸਥਾਪਕ ਨਾਰਾਇਣ ਮੂਰਤੀ ਨੇ ਵੀ ਨੌਜਵਾਨਾਂ ਨੂੰ ਹਫ਼ਤੇ ਵਿੱਚ 70 ਘੰਟੇ ਕੰਮ ਕਰਨ ਦੀ ਸਲਾਹ ਦਿੱਤੀ ਸੀ। ਹੁਣ ਸੁਬਰਾਮਨੀਅਨ ਵੱਲੋਂ 90 ਘੰਟੇ ਕੰਮ ਕਰਨ ਦਾ ਸੁਝਾਅ ਇਸ ਬਹਿਸ ਨੂੰ ਹੋਰ ਵਧਾ ਰਿਹਾ ਹੈ। ਅਜੇ ਤੱਕ L&T ਵਲੋਂ ਇਸ ਬਿਆਨ ਬਾਰੇ ਕੋਈ ਅਧਿਕਾਰਕ ਪ੍ਰਤਿਕਿਰਿਆ ਨਹੀਂ ਆਈ ਹੈ।


author

Harinder Kaur

Content Editor

Related News