ਮਾਰ ਨਾ ਦੇਵੇ ਮਹਿੰਗਾਈ! ਇਕ ਸਾਲ ਤੋਂ ਦਹਾਈ ਅੰਕ ’ਚ ਹੈ ਥੋਕ ਮਹਿੰਗਾਈ ਦਰ, ਮਾਰਚ ’ਚ ਫਿਰ ਵਧੀ

Tuesday, Apr 19, 2022 - 11:02 AM (IST)

ਮਾਰ ਨਾ ਦੇਵੇ ਮਹਿੰਗਾਈ! ਇਕ ਸਾਲ ਤੋਂ ਦਹਾਈ ਅੰਕ ’ਚ ਹੈ ਥੋਕ ਮਹਿੰਗਾਈ ਦਰ, ਮਾਰਚ ’ਚ ਫਿਰ ਵਧੀ

ਨਵੀਂ ਦਿੱਲੀ (ਭਾਸ਼ਾ) – ਥੋਕ ਮੁੱਲ ਆਧਾਰਿਤ ਮਹਿੰਗਾਈ ਸੂਚਕ ਅੰਕ (ਡਬਲਯੂ. ਪੀ. ਆਈ.) ਪਿਛਲੇ ਇਕ ਸਾਲ ਤੋਂ ਦਹਾਈ ਅੰਕਾਂ ’ਚ ਬਣੀ ਹੋਈ ਹੈ। ਮਾਰਚ ’ਚ ਇਹ ਵਧ ਕੇ 14.55 ਫੀਸਦੀ ’ਤੇ ਪਹੁੰਚ ਗਈ ਜੋ 4 ਮਹੀਨਿਆਂ ਦਾ ਚੋਟੀ ਦਾ ਪੱਧਰ ਹੈ।

ਵਪਾਰ ਮੰਤਰਾਲਾ ਨੇ ਥੋਕ ਮੁੱਲ ਆਧਾਰਿਤ ਮਹਿੰਗਾਈ ਦਰ ਦੇ ਅੰਕੜੇ ਜਾਰੀ ਕੀਤੇ। ਮੰਤਰਾਲਾ ਨੇ ਦੱਸਿਆ ਕਿ ਮਾਰਚ ’ਚ ਡਬਲਯੂ. ਪੀ. ਆਈ. ਕਰੀਬ 1.5 ਫੀਸਦੀ ਵਧੀ ਹੈ। ਫਰਵਰੀ ’ਚ ਇਸ ਦੀ ਦਰ 13.11 ਫੀਸਦੀ ਸੀ। ਪਿਛਲੇ 12 ਮਹੀਨਿਆਂ ਤੋਂ ਥੋਕ ਮਹਿੰਗਾਈ ਦੀ ਦਰ ਦਹਾਈ ਅੰਕਾਂ ’ਚ ਬਣੀ ਹੋਈ ਹੈ। ਮਾਰਚ 2021 ’ਚ ਥੋਕ ਮਹਿੰਗਾਈ 7.89 ਫੀਸਦੀ ਸੀ ਅਤੇ ਇਸ ਤੋਂ ਬਾਅਦ ਤੋਂ ਇਹ ਦਰ ਕਦੀ ਵੀ 10 ਫੀਸਦੀ ਤੋਂ ਹੇਠਾਂ ਨਹੀਂ ਆਈ ਹੈ।

ਥੋਕ ਮਹਿੰਗਾਈ ਦਰ ਜ਼ਿਆਦਾ ਹੋਣ ਦਾ ਮਤਲਬ ਹੈ ਕਿ ਜਦੋਂ ਉਤਪਾਦਾਂ ਦੀਆਂ ਥੋਕ ਕੀਮਤਾਂ ’ਚ ਹੀ ਰਾਹਤ ਨਹੀਂ ਤਾਂ ਖਪਤਕਾਰਾਂ ਤੱਕ ਪਹੁੰਚਣ ਵਾਲੀ ਪ੍ਰਚੂਨ ਕੀਮਤ ਹੇਠਾਂ ਕਿਵੇਂ ਆਵੇਗੀ। 12 ਅਪ੍ਰੈਲ ਨੂੰ ਜਾਰੀ ਅੰਕੜਿਆਂ ਮੁਤਾਬਕ ਮਾਰਚ ’ਚ ਪ੍ਰਚੂਨ ਮਹਿੰਗਾਈ ਦਰ 6.95 ਫੀਸਦੀ ’ਤੇ ਪਹੁੰਚ ਗਈ ਜੋ 17 ਮਹੀਨਿਆਂ ਦਾ ਸਭ ਤੋਂ ਉੱਚ ਪੱਧਰ ਹੈ। ਖਪਤਕਾਰ ਉਤਪਾਦਾਂ ਦੀ ਨਿਰਮਾਣ ਲਾਗਤ ਲਗਾਤਾਰ ਵਧ ਰਹੀ ਹੈ, ਜਿਸ ਦਾ ਬੋਝ ਅਖੀਰ ’ਚ ਖਪਤਕਾਰਾਂ ’ਤੇ ਹੀ ਪਾਇਆ ਜਾ ਰਿਹਾ ਹੈ ਅਤੇ ਥੋਕ ਦੇ ਨਾਲ ਪ੍ਰਚੂਨ ਮਹਿੰਗਾਈ ਦਰ ਵੀ ਉੱਪਰ ਜਾ ਰਹੀ ਹੈ।

ਇਹ ਵੀ ਪੜ੍ਹੋ : ਸੋਨਾ ਪਹੁੰਚਿਆ 53 ਹਜ਼ਾਰ ਤੋਂ ਪਾਰ ਤੇ ਚਾਂਦੀ ਹੋਈ 70 ਹਜ਼ਾਰੀ, ਚੈੱਕ ਕਰੋ ਅੱਜ ਦੇ ਭਾਅ

ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ’ਚ ਲੱਗੀ ‘ਅੱਗ’

ਥੋਕ ਮਹਿੰਗਾਈ ਦੇ ਅਸਮਾਨ ਛੂਹਣ ਪਿੱਛੇ ਸਭ ਤੋਂ ਵੱਡਾ ਕਾਰਨ ਖਾਣ-ਪੀਣ ਦੀਆਂ ਵਸਤਾਂ ਦੇ ਰੇਟ ਵਧਣਾ ਹੈ। ਤਿਆਰ ਉਤਪਾਦਾਂ ਦੀ ਮਹਿੰਗਾਈ ਦਰ ਫਰਵਰੀ ’ਚ 8.47 ਫੀਸਦੀ ਸੀ ਜੋ ਮਾਰਚ ’ਚ ਵਧ ਕੇ 8.71 ਫੀਸਦੀ ਹੋ ਗਈ ਹੈ। ਇਸ ਤੋਂ ਇਲਾਵਾ ਪੈਟਰੋਲੀਅਮ ਅਤੇ ਕੁਦਰਤੀ ਗੈਸ ਦੀਆਂ ਕੀਮਤਾਂ ’ਚ ਵਾਧੇ ਕਾਰਨ ਵੀ ਮਹਿੰਗਾਈ ਭੜਕੀ ਹੈ। ਰੂਸ-ਯੂਕ੍ਰੇਨ ਜੰਗ ਕਾਰਨ ਧਾਤਾਂ ਅਤੇ ਕੱਚੇ ਮਾਲ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ।

ਤੇਲ ਅਤੇ ਬਿਜਲੀ ਨੇ ਭੜਕਾਈ ਮਹਿੰਗਾਈ

ਥੋਕ ਮਹਿੰਗਾਈ ’ਚ 13.15 ਫੀਸਦੀ ਭਾਈਵਾਲੀ ਵਾਲੇ ਤੇਲ ਅਤੇ ਬਿਜਲੀ ਦੀ ਮਹਿੰਗਾਈ ਦਰ ’ਚ ਵੀ ਤੇਜ਼ ਵਾਧਾ ਹੋਇਆ ਹੈ। ਮੰਤਰਾਲਾ ਨੇ ਕਿਹਾ ਕਿ ਫਰਵਰੀ ’ਚ ਈਂਧਨ ਦੀ ਮਹਿੰਗਾਈ ਦਰ 5.68 ਫੀਸਦੀ ਸੀ ਜੋ ਮਾਰਚ ’ਚ ਹੀ ਵਧ ਕੇ 9.19 ਫੀਸਦੀ ਪਹੁੰਚ ਗਈ ਹੈ। ਇਸ ’ਚ ਸਭ ਤੋਂ ਵੱਡੀ ਭੂਮਿਕਾ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣਾ ਅਤੇ ਸੀ. ਐੱਨ. ਜੀ-ਪੀ. ਐੱਨ. ਜੀ. ਮਹਿੰਗੀ ਹੋਣ ਦੀ ਹੈ।

ਇਹ ਵੀ ਪੜ੍ਹੋ : ਪੱਛਮੀ ਪਾਬੰਦੀਆਂ ਦਰਮਿਆਨ ਰੂਸ ਨੇ ਭਾਰਤੀ ਬਰਾਮਦਕਾਰਾਂ ਨੂੰ ਯੂਰੋ ’ਚ ਭੁਗਤਾਨ ਕੀਤੇ 100 ਮਿਲੀਅਨ ਡਾਲਰ

ਸਬਜ਼ੀਆਂ ਨੇ ਵਿਗਾੜਿਆ ਸੁਆਦ

ਸਬਜ਼ੀਆਂ ਦੀਆਂ ਕੀਮਤਾਂ ’ਚ ਜ਼ਿਆਦਾ ਅਸਰ ਦਿਖਾਈ ਦੇ ਰਿਹਾ ਹੈ। ਮਾਰਚ ’ਚ ਸਬਜ਼ੀਆਂ ਦੀ ਔਸਤ ਕੀਮਤ 19.88 ਫੀਸਦੀ ਵਧੀ ਹੈ, ਜਿਸ ਨੇ ਲੋਕਾਂ ਦਾ ਸਵਾਦ ਹੀ ਵਿਗਾੜ ਦਿੱਤਾ ਹੈ। ਆਲੂ ਦੀਆਂ ਕੀਮਤਾਂ ’ਚ 24.62 ਫੀਸਦੀ ਦਾ ਵਾਧਾ ਹੋਇਆ ਜਦ ਕਿ ਪਿਆਜ਼ 9.33 ਫੀਸਦੀ ਸਸਤਾ ਹੋ ਗਿਆ ਹੈ। ਫਲਾਂ ਦੀ ਥੋਕ ਮਹਿੰਗਾਈ ਦਰ 10.62 ਫੀਸਦੀ ਰਹੀ ਜਦ ਕਿ ਕਣਕ ਦੀ ਮਹਿੰਗਾਈ ਦਰ 14.04 ਫੀਸਦੀ ਪਹੁੰਚ ਗਈ। ਆਂਡਾ, ਮਾਸ ਅਤੇ ਮੱਛੀ ਦੀ ਮਹਿੰਗਾਈ ਦਰ 9.42 ਫੀਸਦੀ ਪਹੁੰਚ ਗਈ ਜੋ ਇਕ ਮਹੀਨਾ ਪਹਿਲਾਂ 8.14 ਫੀਸਦੀ ਸੀ।

ਇਹ ਵੀ ਪੜ੍ਹੋ : 5% ਟੈਕਸ ਸਲੈਬ ਨੂੰ ਹਟਾ ਸਕਦੀ ਹੈ GST ਕੌਂਸਲ, ਕੁਝ ਉਤਪਾਦਾਂ ਲਈ ਨਵੀਆਂ ਦਰਾਂ ਸੰਭਵ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News