ਯਾਤਰੀ ਵਾਹਨਾਂ ਦੀ ਘਰੇਲੂ ਵਿਕਰੀ ਜਨਵਰੀ ''ਚ 6.2 ਫੀਸਦੀ ਤੱਕ ਡਿੱਗੀ : ਸਿਆਮ
Monday, Feb 10, 2020 - 03:20 PM (IST)

ਨੋਇਡਾ — ਯਾਤਰੀ ਵਾਹਨਾਂ ਦੀ ਘਰੇਲੂ ਵਿਕਰੀ 'ਚ ਜਨਵਰੀ 'ਚ 6.2 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ। ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਸ ਦਾ ਮੁੱਖ ਕਾਰਨ ਕੁੱਲ ਘਰੇਲੂ ਉਤਪਾਦ(GDP) ਦੀ ਵਾਧਾ ਦਰ ਦਾ ਨਰਮ ਰਹਿਣਾ ਅਤੇ ਵਾਹਨ ਮੰਗ ਦਾ ਕਮਜ਼ੋਰ ਰਹਿਣਾ ਹੈ।
ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (ਸਿਆਮ) ਦੇ ਅੰਕੜਿਆਂ ਅਨੁਸਾਰ ਜਨਵਰੀ ਵਿਚ ਘਰੇਲੂ ਬਜ਼ਾਰ ਵਿਚ ਕੁਲ 2,62,714 ਯਾਤਰੀ ਵਾਹਨ ਵੇਚੇ ਗਏ ਜਦੋਂ ਕਿ ਜਨਵਰੀ 2019 ਵਿਚ ਇਹ ਅੰਕੜਾ 2,80,091 ਸੀ। ਇਸ ਮਿਆਦ ਦੌਰਾਨ ਕਾਰਾਂ ਦੀ ਵਿਕਰੀ 8.1 ਪ੍ਰਤੀਸ਼ਤ ਘਟ ਕੇ 1,64,793 ਵਾਹਨ ਰਹਿ ਗਈ, ਜਿਹੜੀ ਕਿ ਪਿਛਲੇ ਸਾਲ ਜਨਵਰੀ ਵਿਚ 1,79,324 ਇਕਾਈ ਸੀ। ਸਿਆਮ ਨੇ ਕਿਹਾ ਕਿ ਵੱਖ ਵੱਖ ਸ਼੍ਰੇਣੀਆਂ ਦੇ ਵਾਹਨਾਂ ਦੀ ਵਿਕਰੀ ਜਨਵਰੀ ਵਿਚ 13.83 ਫੀਸਦੀ ਘਟ ਕੇ 17,39,975 ਵਾਹਨ ਰਹਿ ਗਈ ਜਿਹੜੀ ਕਿ ਪਿਛਲੇ ਸਾਲ ਜਨਵਰੀ ਵਿਚ 20,19,253 ਵਾਹਨ ਸੀ।
ਸਿਆਮ ਦੇ ਪ੍ਰਧਾਨ ਰਾਜਨ ਵਡੇਰਾ ਨੇ ਕਿਹਾ,'ਜੀ.ਡੀ.ਪੀ. ਵਾਧਾ ਦਰ ਹੇਠਾਂ ਰਹਿਣ ਕਾਰਨ ਅਤੇ ਵਾਹਨ ਰੱਖਣ ਦੀ ਵਧਦੀ ਲਾਗਤ ਦੇ ਕਾਰਨ ਹੀ ਵਾਹਨਾਂ ਦੀ ਵਿਕਰੀ 'ਤੇ ਦਬਾਅ ਬਣਿਆ ਹੋਇਆ ਹੈ।' ਦੇਸ਼ ਵਿਚ 1 ਅਪਰੈਲ ਤੋਂ ਭਾਰਤ ਸਟੇਜ-6 ਦੇ ਨਿਕਾਸੀ ਦੇ ਮਾਪਦੰਡ ਨੂੰ ਲਾਗੂ ਕਰਨ ਕਾਰਨ ਵਾਹਨ ਨਿਰਮਾਤਾਵਾਂ ਨੇ ਬੀ.ਐਸ. -4 ਤੋਂ ਬੀ.ਐਸ.-6 ਵਿਚ ਤਬਦੀਲੀ ਕੀਤੀ ਹੈ। ਇਸ ਕਾਰਨ ਵਾਹਨਾਂ ਦੀ ਕੀਮਤ ਵਿਚ ਵਾਧਾ ਹੋਇਆ ਹੈ। ਲਾਗਤ ਵਿਚ ਵਾਧੇ ਦੇ ਕਾਰਨ ਕਈ ਕੰਪਨੀਆਂ ਨੇ ਜਨਵਰੀ ਵਿਚ ਵਾਹਨਾਂ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਵਡੇਰਾ ਨੇ ਕਿਹਾ, 'ਬੁਨਿਆਦੀ ਢਾਂਚੇ ਅਤੇ ਪੇਂਡੂ ਆਰਥਿਕਤਾ ਨੂੰ ਲੈ ਕੇ ਸਰਕਾਰ ਦੀਆਂ ਤਾਜ਼ਾ ਘੋਸ਼ਣਾਵਾਂ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਇਹ ਵਾਹਨਾਂ ਦੀ ਵਿਕਰੀ ਅਤੇ ਵਿਕਾਸ ਦੇ ਸਮਰਥਨ ਨੂੰ ਉਤਸ਼ਾਹਤ ਕਰੇਗੀ।' ਸਿਆਮ ਦੇ ਮੁਤਾਬਕ, 'ਸਮੀਖਿਆ ਮਿਆਦ ਵਿਚ ਦੋਪਹੀਆ ਵਾਹਨਾਂ ਦੀ ਵਿਕਰੀ 16.06 ਪ੍ਰਤੀਸ਼ਤ ਘਟ ਕੇ 13, 41,005 ਇਕਾਈ ਰਹੀ ਜਦੋਂ ਕਿ ਪਿਛਲੇ ਸਾਲ ਜਨਵਰੀ ਵਿਚ ਇਹ ਅੰਕੜਾ 15,97,528 ਇਕਾਈ ਸੀ। ਸਮੀਖਿਆ ਅਧੀਨ ਇਸ ਮਿਆਦ ਦੌਰਾਨ ਮੋਟਰਸਾਈਕਲ ਦੀ ਵਿਕਰੀ 15.17 ਫੀਸਦੀ ਘੱਟ ਕੇ 8,71,886 ਵਾਹਨ ਅਤੇ ਸਕੂਟਰਾਂ ਦੀ ਵਿਕਰੀ 16.21 ਪ੍ਰਤੀਸ਼ਤ ਘੱਟ ਕੇ 4,16,594 ਵਾਹਨ ਰਹੀ। ਜਨਵਰੀ 2019 ਵਿਚ ਇਹ ਅੰਕੜਾ ਕ੍ਰਮਵਾਰ 10,27,766 ਅਤੇ 4,97,169 ਵਾਹਨ ਸੀ। ਸਿਆਮ ਅਨੁਸਾਰ ਜਨਵਰੀ 2020 'ਚ ਵਪਾਰਕ ਵਾਹਨਾਂ ਦੀ ਵਿਕਰੀ 14.04 ਫੀਸਦੀ ਘਟ ਕੇ 75,289 ਵਾਹਨ ਰਹੀ ਜਿਹੜੀ ਕਿ ਜਨਵਰੀ 2019 ਵਿਚ 87,591 ਵਾਹਨ ਸੀ। ਸਿਆਮ ਦੇ ਡਾਇਰੈਕਟਰ ਜਨਰਲ ਰਾਜੇਸ਼ ਮੈਨਨ ਨੇ ਕਿਹਾ ਕਿ ਤਿੰਨ ਪਹੀਆ ਵਾਹਨ ਸ਼੍ਰੇਣੀ ਨੂੰ ਛੱਡ ਕੇ ਸਾਰੀਆਂ ਸ਼੍ਰੇਣੀਆਂ ਦੇ ਵਾਹਨਾਂ ਦੀ ਥੋਕ ਵਿਕਰੀ ਘਟ ਗਈ ਹੈ। ਉਨ੍ਹ੍ਹਾਂ ਨੇ ਕਿਹਾ, 'ਸਾਨੂੰ ਉਮੀਦ ਹੈ ਕਿ ਚਲ ਰਹੇ ਆਟੋ ਐਕਸਪੋ ਵਿਖੇ ਜਿਸ ਕਿਸਮ ਦਾ ਹੁੰਗਾਰਾ ਮਿਲ ਰਿਹਾ ਹੈ, ਉਹ ਗਾਹਕਾਂ ਦੀ ਧਾਰਨਾ ਨੂੰ ਮਜ਼ਬੂਤ ਕਰਨ ਵਿਚ ਸਹਾਇਤਾ ਕਰੇਗਾ।' ਹੁਣ ਤੱਕ 70 ਤੋਂ ਵੀ ਜ਼ਿਆਦਾ ਨਵੇਂ ਵਾਹਨ ਪੇਸ਼ ਕੀਤੇ ਜਾ ਚੁੱਕੇ ਹਨ।