ਅਕਤੂਬਰ ''ਚ ਘਰੇਲੂ ਹਵਾਬਾਜ਼ੀ ਯਾਤਰੀਆਂ ਦੀ ਗਿਣਤੀ 57 ਫ਼ੀਸਦੀ ਘਟੀ

Wednesday, Nov 18, 2020 - 10:43 PM (IST)

ਅਕਤੂਬਰ ''ਚ ਘਰੇਲੂ ਹਵਾਬਾਜ਼ੀ ਯਾਤਰੀਆਂ ਦੀ ਗਿਣਤੀ 57 ਫ਼ੀਸਦੀ ਘਟੀ

ਮੁੰਬਈ- ਘਰੇਲੂ ਹਵਾਬਾਜ਼ੀ ਯਾਤਰੀਆਂ ਦੀ ਗਿਣਤੀ ਅਕਤੂਬਰ ਵਿਚ ਇਕ ਸਾਲ ਪਹਿਲਾਂ ਦੀ ਤੁਲਨਾ ਵਿਚ 57.21 ਫ਼ੀਸਦੀ ਘੱਟ ਕੇ 52.71 ਲੱਖ ਰਹਿ ਗਈ ਹੈ। ਸ਼ਹਿਰੀ ਹਵਾਬਾਜ਼ੀ ਡਾਇਰੈਕਟਰ ਜਨਰਲ (ਡੀ. ਜੀ. ਸੀ. ਏ.) ਦੇ ਬੁੱਧਵਾਰ ਨੂੰ ਜਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਏਅਰਲਾਈਨਜ਼ ਆਪਣੀ ਸਮਰੱਥਾ ਤੋਂ ਕਾਫ਼ੀ ਘੱਟ ਚੱਲ ਰਹੀ ਹੈ, ਜਿਸ ਕਾਰਨ ਜਹਾਜ਼ ਯਾਤਰੀਆਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਆਈ ਹੈ। 

ਅਕਤੂਬਰ, 2019 ਵਿਚ ਘਰੇਲੂ ਹਵਾਬਾਜ਼ੀ ਯਾਤਰੀਆਂ ਦੀ ਗਿਣਤੀ 1.23 ਕਰੋੜ ਰਹੀ ਸੀ। ਹਾਲਾਂਕਿ, ਯਾਤਰੀ ਲੋਡ ਫੈਕਟਰ ਭਾਵ ਕੁੱਲ ਸਮਰੱਥਾ 'ਤੇ ਬੁਕਿੰਗ ਵਿਚ ਤਾਲਾਬੰਦੀ ਹਟਣ ਦੇ ਬਾਅਦ ਮੰਗ ਵਧਣ ਨਾਲ ਅਕਤੂਬਰ ਵਿਚ ਕੁਝ ਸੁਧਾਰ ਹੋਇਆ ਹੈ। ਡੀ. ਜੀ. ਸੀ. ਏ. ਦਾ ਕਹਿਣਾ ਹੈ ਕਿ ਤਿਉਹਾਰੀ ਮੌਸਮ ਕਾਰਨ ਵੀ ਪੀ. ਐੱਲ. ਐੱਫ. ਵਿਚ ਸੁਧਾਰ ਆਇਆ ਹੈ। 9 ਘਰੇਲੂ ਏਅਰਲਾਈਨਜ਼ ਦਾ ਔਸਤ ਪੀ. ਐੱਲ. ਐੱਫ. ਅਕਤੂਬਰ ਵਿਚ 59.2 ਰਿਹਾ।
ਸਟਾਰ ਏਅਰ ਦਾ ਪੀ. ਐੱਲ. ਐੱਫ. ਸਭ ਤੋਂ ਚੰਗਾ 71.6 ਫ਼ੀਸਦੀ ਰਿਹਾ। ਜਨਤਕ ਖੇਤਰ ਦੀ ਹੈਲੀਕੈਪਟਰ ਕੰਪਨੀ ਪਵਨ ਹੰਸ ਦਾ ਪੀ. ਐੱਲ. ਐੱਫ. ਸਭ ਤੋਂ ਘੱਟ ਭਾਵ 21.9 ਫ਼ੀਸਦੀ ਰਿਹਾ। 

ਅਕਤੂਬਰ ਵਿਚ ਜਨਤਕ ਖੇਤਰ ਦੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੇ 4.94 ਲੱਖ ਯਾਤਰੀਆਂ ਨੂੰ ਯਾਤਰਾ ਕਰਾਈ। ਬਾਜ਼ਾਰ ਹਿੱਸੇਦਾਰੀ ਦੇ ਲਿਹਾਜ ਨਾਲ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦੇ ਯਾਤਰੀਆਂ ਦੀ ਗਿਣਤੀ 29.7 ਲੱਖ ਰਹੀ। ਏਅਰ ਇੰਡੀਆ ਦੀਆਂ ਉਡਾਣਾਂ ਦੇ ਸਮੇਂ 'ਤੇ ਰਵਾਨਾ ਹੋਣ ਅਤੇ ਆਉਣ ਦਾ ਫ਼ੀਸਦੀ 90.7 ਰਿਹਾ। 


author

Sanjeev

Content Editor

Related News