ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ਜਨਵਰੀ ’ਚ 43 ਫੀਸਦੀ ਘਟ ਕੇ 64 ਲੱਖ ਰਹੀ : ਇਕਰਾ
Wednesday, Feb 09, 2022 - 12:34 PM (IST)
ਮੁੰਬਈ– ਕੋਵਿਡ-19 ਦੇ ਨਵੇਂ ਰੂਪ ਓਮੀਕ੍ਰੋਨ ਦੀ ਰੋਕਥਾਮ ਲਈ ਸੂਬਾ ਸਰਕਾਰਾਂ ਵਲੋਂ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਘਰੇਲੂ ਹਵਾਈ ਯਾਤਰੀਆਂ ਦੀ ਆਵਾਜਾਈ ਜਨਵਰੀ 2022 ’ਚ ਇਸ ਤੋਂ ਪਿਛਲੇ ਮਹੀਨੇ ਦੇ ਮੁਕਾਬਲੇ ਲਗਭਗ 43 ਫੀਸਦੀ ਡਿਗਕੇ 64 ਲੱਖ ਯਾਤਰੀਆਂ ’ਤੇ ਆ ਗਈ। ਰੇਟਿੰਗ ਏਜੰਸੀ ਇਕਰਾ ਨੇ ਇਹ ਜਾਣਕਾਰੀ ਦਿੱਤੀ। ਦਸੰਬਰ 2021 ’ਚ ਘਰੇਲੂ ਹਵਾਈ ਮੁਸਾਫਰਾਂ ਦੀ ਗਿਣਤੀ 112 ਲੱਖ ਰਹੀ ਸੀ। ਰੇਟਿੰਗ ਏਜੰਸੀ ਨੇ ਕਿਹਾ ਕਿ ਉਸ ਨੂੰ ਲਗਦਾ ਹੈ ਕਿ ਮਾਰਚ ਤਿਮਾਹੀ ’ਚ ਸੁਧਾਰ ਦੀ ਪ੍ਰਕਿਰਿਆ ਹੌਲੀ ਰਹੇਗੀ ਅਤੇ ਜੈੱਟ ਈਂਧਨ ਦੀਆਂ ਕੀਮਤਾਂ ’ਚ ਤੇਜ਼ੀ ਕਾਰਨ ਇਸ ਖੇਤਰ ’ਤੇ ਦਬਾਅ ਬਣਿਆ ਰਹੇਗਾ।
ਇਕਰਾ ਨੇ ਕਿਹਾ ਕਿ ਯਾਤਰੀ ਆਵਾਜਾਈ ’ਚ ਪਿਛਲੇ ਮਹੀਨੇ ਸਾਲਾਨਾ ਆਧਾਰ ’ਤੇ 17 ਫੀਸਦੀ ਦੀ ਗਿਰਾਵਟ ਆਈ। ਜਨਵਰੀ 2021 ’ਚ ਘਰੇਲੂ ਹਵਾਈ ਮੁਸਾਫਰਾਂ ਦੀ ਗਿਣਤੀ 77 ਲੱਖ ਰਹੀ ਸੀ। ਇਸ ਤੋਂ ਇਲਾਵਾ ਹਵਾਬਾਜ਼ੀ ਕੰਪਨੀਆਂ ਨੇ ਜਨਵਰੀ 2022 ’ਚ ਸੱਤ ਫੀਸਦੀ ਘੱਟ 62,979 ਉਡਾਣਾਂ ਦਾ ਸੰਚਾਲਨ ਕੀਤਾ ਜਦ ਕਿ ਜਨਵਰੀ 2021 ’ਚ ਇਹ ਅੰਕੜਾ 67,877 ਸੀ। ਮਾਸਿਕ ਆਧਾਰ ’ਤੇ ਉਡਾਣਾਂ ਦੀ ਗਿਣਤੀ ’ਚ 27 ਫੀਸਦੀ ਦੀ ਗਿਰਾਵਟ ਰਹੀ।