ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ’ਚ ਅਕਤੂਬਰ ’ਚ ਵੀ ਸੁਧਾਰ : ਇਕਰਾ
Sunday, Nov 08, 2020 - 12:50 AM (IST)
ਮੁੰਬਈ– ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ’ਚ ਮਹੀਨੇ-ਦਰ-ਮਹੀਨੇ ਵਾਧਾ ਹੋ ਰਿਹਾ ਹੈ। ਰੇਟਿੰਗ ਏਜੰਸੀ ਇਕਰਾ ਦੀ ਰਿਪੋਰਟ ਮੁਤਾਬਕ ਸਤੰਬਰ ਦੇ ਮੁਕਾਬਲੇ ਅਕਤੂਬਰ ’ਚ ਹਵਾਈ ਯਾਤਰੀਆਂ ਦੀ ਗਿਣਤੀ ’ਚ 33 ਫੀਸਦੀ ਦੀ ਬੜ੍ਹਤ ਦਰਜ ਕੀਤੀ ਗਈ ਅਤੇ ਇਨ੍ਹਾਂ ਦੀ ਗਿਣਤੀ 52 ਲੱਖ ਰਹੀ। ਹਾਲਾਂਕਿ ਸਾਲਾਨਾ ਆਧਾਰ ’ਤੇ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ’ਚ 58 ਫੀਸਦੀ ਅਤੇ ਕੌਮਾਂਤਰੀ ਯਾਤਰੀਆਂ ਦੀ ਗਿਣਤੀ ’ਚ 87 ਫੀਸਦੀ ਦੀ ਗਿਰਾਵਟ ਰਹੀ।
ਇਕਰਾ ਨੇ ਇਕ ਪ੍ਰੈੱਸ ਨੋਟ ’ਚ ਕਿਹਾ ਕਿ ਭਾਰਤੀ ਜਹਾਜ਼ਰਾਨੀ ਉਦਯੋਗ ’ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਅਕਤੂਬਰ ’ਚ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ’ਚ ਮਾਸਿਕ ਆਧਾਰ ’ਤੇ ਕਰੀਬ 33 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਹ ਗਿਣਤੀ 52 ਲੱਖ ਯਾਤਰੀ ਰਹੀ। ਉਥੇ ਹੀ, ਪਿਛਲੇ ਸਾਲ ਅਕਤੂਬਰ ਦੀ ਤੁਲਨਾ ’ਚ ਜਹਾਜ਼ਰਾਨੀ ਕੰਪਨੀਆਂ ਨੇ 52 ਫੀਸਦੀ ਸਮਰੱਥ ਨਾਲ ਉਡਾਨ ਭਰੀ। ਹਾਲਾਂਕਿ ਇਹ ਇਸੇ ਸਾਲ ਦੇ ਅਗਸਤ ਦੀ 33 ਫੀਸਦੀ ਅਤੇ ਸਤੰਬਰ ਦ 46 ਫੀਸਦੀ ਸਮਰੱਥਾ ਤੋਂ ਬਿਹਤਰ ਸਥਿਤੀ ਹੈ।
ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ 27 ਜੂਨ ਤੋਂ 45 ਫੀਸਦੀ ਸਮੱਰਥਾ ਦੇ ਨਾਲ ਉਡਾਨ ਭਰਨ ਦੀ ਇਜਾਜ਼ਤ ਦਿੱਤੀ ਸੀ। ਇਹ ਲਾਕਡਾਊਨ ਤੋਂ ਬਾਅਦ 25 ਮਈ ਨੂੰ ਘਰੇਲੂ ਉਡਾਨਾਂ ਦੇ ਮੁੜ ਚਾਲੂ ਹੋਣ ’ਤੇ ਲਾਗੂ ਕੀਤੀ ਗਈ ਇਕ ਤਿਹਾਈ ਸਮਰੱਥਾ ਤੋਂ ਵੱਧ ਸੀ। ਬਾਅਦ ’ਚ ਸਰਕਾਰ ਨੇ 2 ਸਤੰਬਰ ਨੂੰ ਇਹ ਸਮਰੱਥਾ ਵਧਾ ਕੇ 60 ਫੀਸਦੀ ਕਰ ਦਿੱਤੀ। ਆਉਣ ਵਾਲੇ ਦਿਨਾਂ ’ਚ ਤਿਉਹਾਰੀ ਮੌਸਮ ਨੂੰ ਦੇਖਦੇ ਹੋਏ ਇਸ ਨੂੰ ਵਧਾ ਕੇ 70-75 ਫੀਸਦੀ ਤੱਕ ਕੀਤੇ ਜਾਣ ਦੀ ਉਮੀਦ ਹੈ।