ਡਾਲਰ ਦੇ ਮੁਕਾਬਲੇ ਰੁਪਏ ਨੇ ਲਾਈ 16 ਪੈਸੇ ਦੀ ਛਲਾਂਗ, ਇੰਨਾ ਰਿਹੈ ਮੁੱਲ

Tuesday, Nov 17, 2020 - 04:11 PM (IST)

ਡਾਲਰ ਦੇ ਮੁਕਾਬਲੇ ਰੁਪਏ ਨੇ ਲਾਈ 16 ਪੈਸੇ ਦੀ ਛਲਾਂਗ, ਇੰਨਾ ਰਿਹੈ ਮੁੱਲ

ਮੁੰਬਈ— ਮੋਡੇਰਨਾ ਦੀ ਕੋਰੋਨਾ ਟੀਕੇ ਨੂੰ ਲੈ ਕੇ ਕੀਤੀ ਗਈ ਘੋਸ਼ਣਾ ਮਗਰੋਂ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਰਹੀ। ਉੱਥੇ ਹੀ, ਦੁਨੀਆ ਦੀਆਂ ਪ੍ਰਮੁੱਖ ਕਰੰਸੀਆਂ ਦੀ ਤੁਲਨਾ 'ਚ ਡਾਲਰ ਦੇ ਕਮਜ਼ੋਰ ਪੈਣ ਅਤੇ ਘਰੇਲੂ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇ ਦਮ 'ਤੇ ਮੰਗਲਵਾਰ ਨੂੰ ਭਾਰਤੀ ਕਰੰਸੀ ਨੇ ਚੰਗੀ ਮਜਬੂਤੀ ਦਰਜ ਕੀਤੀ।

ਭਾਰਤੀ ਕਰੰਸੀ 16 ਪੈਸੇ ਦੀ ਛਲਾਂਗ ਲਾ ਕੇ 74.46 ਰੁਪਏ ਪ੍ਰਤੀ ਡਾਲਰ 'ਤੇ ਬੰਦੀ ਹੋਈ। ਪਿਛਲੇ ਦਿਨ ਰੁਪਿਆ 1 ਪੈਸੇ ਦੀ ਮਾਮੂਲੀ ਤੇਜ਼ੀ ਨਾਲ 74.62 ਦੇ ਪੱਧਰ 'ਤੇ ਰਿਹਾ ਸੀ।

ਭਾਰਤੀ ਰੁਪਏ ਨੇ ਅੱਜ ਕਾਰੋਬਾਰ ਦੇ ਸ਼ੁਰੂ 'ਚ ਬੜ੍ਹਤ ਬਣਾਈ ਰੱਖੀ। ਇਹ 19 ਪੈਸੇ ਦੀ ਤੇਜ਼ੀ ਨਾਲ 74.43 ਪ੍ਰਤੀ ਡਾਲਰ 'ਤੇ ਖੁੱਲ੍ਹਾ। ਕਾਰੋਬਾਰ ਦੌਰਾਨ ਇਹ 74.64 ਪ੍ਰਤੀ ਡਾਲਰ ਦੇ ਦਿਨ ਦੇ ਹੇਠਲੇ ਪੱਧਰ ਅਤੇ 74.38 ਪ੍ਰਤੀ ਡਾਲਰ ਦੇ ਦਿਨ ਦੇ ਉੱਚੇ ਪੱਧਰ ਵਿਚਕਾਰ ਰਿਹਾ। ਕਾਰੋਬਾਰ ਦੀ ਸਮਾਪਤੀ 'ਤੇ ਇਹ ਪਿਛਲੇ ਦਿਨ ਦੇ ਮੁਕਾਬਲੇ 16 ਪੈਸੇ ਦੀ ਮਜਬੂਤੀ ਦਰਜ ਕਰਕੇ 74.46 ਪ੍ਰਤੀ ਡਾਲਰ 'ਤੇ ਬੰਦ ਹੋਇਆ।

ਉੱਥੇ ਹੀ, ਮੋਡੇਰਨਾ ਦੀ ਘੋਸ਼ਣਾ ਮਗਰੋਂ ਵਿਸ਼ਵ ਭਰ ਦੇ ਬਾਜ਼ਾਰ ਰੌਣਕ 'ਚ ਰਹੇ। ਇਸ ਦੇ ਨਾਲ ਹੀ ਸੈਂਸੈਕਸ ਤੇ ਨਿਫਟੀ ਵੀ ਹਰੇ ਨਿਸ਼ਾਨ 'ਤੇ ਬੰਦ ਹੋਏ। ਸੈਂਸੈਕਸ ਨੇ 314 ਅੰਕ ਦੀ ਬੜ੍ਹਤ ਦਰਜ ਕੀਤੀ ਅਤੇ 43,952 ਦੇ ਪੱਧਰ 'ਤੇ ਬੰਦ ਹੋਇਆ। ਨਿਫਟੀ 94 ਅੰਕ ਵੱਧ ਕੇ 12,874 ਦੇ ਪੱਧਰ 'ਤੇ ਬੰਦ ਹੋਇਆ। ਗੌਰਤਲਬ ਹੈ ਕਿ ਮੋਡੇਰਨਾ ਦਾ ਕਹਿਣਾ ਹੈ ਕਿ ਕਲੀਨੀਕਲ ਟ੍ਰਾਇਲ ਦੌਰਾਨ ਉਸ ਦਾ ਕੋਵਿਡ-19 ਟੀਕਾ ਤਕਰੀਬਨ 95 ਫ਼ੀਸਦੀ ਅਸਰਦਾਰ ਦਿਸਿਆ ਹੈ। ਇਸ ਤੋਂ ਥੋੜ੍ਹੇ ਦਿਨ ਪਹਿਲਾਂ ਫਾਈਜ਼ਰ ਨੇ ਵੀ ਆਪਣੇ ਟੀਕੇ ਦੇ ਸੰਕਰਮਣ ਨੂੰ ਰੋਕਣ 'ਚ 90 ਫ਼ੀਸਦੀ ਸਫ਼ਲ ਰਹਿਣ ਦੀ ਘੋਸ਼ਣਾ ਕੀਤੀ ਸੀ। ਹਾਲਾਂਕਿ, ਦੋਹਾਂ ਕੰਪਨੀਆਂ ਨੇ ਸ਼ੁਰੂਆਤੀ ਅੰਕੜਿਆਂ ਦੇ ਆਧਾਰ 'ਤੇ ਇਹ ਘੋਸ਼ਣਾ ਕੀਤੀ ਹੈ। ਇਸ ਨਾਲ ਸਬੰਧਤ ਸੁਰੱਖਿਆ ਅੰਕੜੇ ਇੱਕਠੇ ਕਰਨੇ ਬਾਕੀ ਹਨ, ਜਿਸ ਮਗਰੋਂ ਇਹ ਰੈਗੂਲੇਟਰਾਂ ਤੋਂ ਮਨਜ਼ੂਰੀ ਲੈ ਕੇ ਬਾਜ਼ਾਰ 'ਚ ਇਨ੍ਹਾਂ ਨੂੰ ਉਤਾਰ ਸਕਣਗੇ।


author

Sanjeev

Content Editor

Related News