ਦੀਵਾਲੀ ਗਿਫ਼ਟ ''ਤੇ ਚੱਲੇਗੀ ਕੋਰੋਨਾ ਦੀ ਕੈਂਚੀ, ਡ੍ਰਾਈ ਫਰੂਟਸ ਦੀ ਬਜਾਏ ਸਸਤੇ ਤੋਹਫ਼ੇ ਲੱਭ ਰਹੀਆਂ ਹਨ ਕੰਪਨੀਆਂ

Saturday, Oct 31, 2020 - 10:08 AM (IST)

ਦੀਵਾਲੀ ਗਿਫ਼ਟ ''ਤੇ ਚੱਲੇਗੀ ਕੋਰੋਨਾ ਦੀ ਕੈਂਚੀ, ਡ੍ਰਾਈ ਫਰੂਟਸ ਦੀ ਬਜਾਏ ਸਸਤੇ ਤੋਹਫ਼ੇ ਲੱਭ ਰਹੀਆਂ ਹਨ ਕੰਪਨੀਆਂ

ਨਵੀਂ ਦਿੱਲੀ : ਨੌਕਰੀ ਅਤੇ ਕਾਰੋਬਾਰ ਤੋਂ ਹੁੰਦੇ ਹੋਏ ਇਸ ਵਾਰ ਕੋਰੋਨਾ ਦੀ ਮਾਰ ਦੀਵਾਲੀ ਤੋਹਫਿਆਂ 'ਤੇ ਵੀ ਪੈਣ ਵਾਲੀ ਹੈ। ਕੋਰੋਨਾ ਕਾਰਣ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੀਆਂ ਕੰਪਨੀਆਂ ਇਸ ਵਾਰ ਤਿਓਹਾਰਾਂ 'ਤੇ ਹੋਣ ਵਾਲੇ ਖਰਚੇ 'ਚ 20 ਤੋਂ ਲੈ ਕੇ 50 ਫ਼ੀਸਦੀ ਤੱਕ ਦੀ ਕਟੌਤੀ ਕਰਨ ਜਾ ਰਹੀਆਂ ਹਨ। ਯਾਨੀ ਦੀਵਾਲੀ ਗਿਫ਼ਟ 'ਤੇ ਹੁਣ ਕੋਰੋਨਾ ਦੀ ਕੈਂਚੀ ਚੱਲੇਗੀ।

ਕੰਪਨੀਆਂ ਸਸਤੇ ਤੋਹਫਿਆਂ ਦੀ ਖੋਜ 'ਚ ਹਨ।
ਕੰਪਨੀਆਂ ਦੀਵਾਲੀ 'ਤੇ 1000 ਤੋਂ 50,000 ਰੁਪਏ ਤੱਕ ਦੇ ਤੋਹਫ਼ੇ ਵੰਡਦੀਆਂ ਰਹੀਆਂ ਹਨ ਪਰ ਇਸ ਵਾਰ ਉਨ੍ਹਾਂ ਲਈ 1000 ਰੁਪਇਆ ਵੀ ਵੱਧ ਮਹਿੰਗਾ ਲੱਗ ਰਿਹਾ ਹੈ। ਉਦਯੋਗ ਮਾਹਰਾਂ ਦਾ ਕਹਿਣਾ ਹੈ ਕਿ ਕੰਪਨੀਆਂ 500 ਰੁਪਏ ਤੋਂ ਵੀ ਘੱਟ ਵਾਲੇ ਤੋਹਫ਼ਿਆਂ ਦੇ ਜ਼ਿਆਦਾ ਆਰਡਰ ਦੇ ਰਹੀਆਂ ਹਨ। ਅਜਿਹੇ 'ਚ ਇਸ ਵਾਰ ਕਾਰਪੋਰੇਟ ਦੀ ਦੀਵਾਲੀ ਫਿੱਕੀ ਰਹਿਣ ਦੀ ਉਮੀਦ ਹੈ।

ਮਹਿੰਗੇ ਤੋਹਫ਼ਿਆਂ ਦੀ ਰਹੀ ਹੈ ਪਰੰਪਰਾ
ਦੀਵਾਲੀ ਦੇ ਮੌਕੇ 'ਤੇ ਕੰਪਨੀਆਂ ਮਹਿੰਗੇ ਤੋਹਫ਼ੇ ਵੰਡਦੀਆਂ ਰਹੀਆਂ ਹਨ। ਕਾਰਪੋਰੇਟ ਨੇ ਪਿਛਲੇ ਸਾਲ ਤੱਕ ਰਸੋਈ ਦੇ ਸਾਮਾਨ ਜਿਸ 'ਚ ਕੀਮਤੀ ਬਰਤਨ ਅਤੇ ਹੋਰ ਘਰੇਲੂ ਇਲੈਕਟ੍ਰਾਨਿਕ ਉਤਪਾਦ ਆਦਿ ਦੀਵਾਲੀ 'ਤੇ ਵੰਡੇ ਹਨ ਪਰ ਇਸ ਵਾਰ ਹਾਲਾਤ ਬਦਲੇ ਨਜ਼ਰ ਆ ਰਹੇ ਹਨ।

ਸੁੱਕੇ ਮੇਵੇ ਦੀ ਮੰਗ ਵੀ ਘਟੀ
ਕਈ ਕੰਪਨੀਆਂ ਦੀਵਾਲੀ ਮੌਕੇ ਸੁੱਕੇ ਮੇਵੇ ਯਾਨੀ ਡ੍ਰਾਈ ਫਰੂਟਸ ਵੀ ਵੰਡਦੀਆਂ ਹਨ। ਕੰਪਨੀਆਂ ਇਨ੍ਹਾਂ ਦੀ ਖ਼ਰੀਦਦਾਰੀ ਵੱਡੀ ਮਾਤਰਾ 'ਚ ਕਰਦੀਆਂ ਹਨ ਪਰ ਕੋਰੋਨਾ ਦੀ ਮਾਰ ਕਾਰਣ ਇਸ ਵਾਰ ਇਨ੍ਹਾਂ 'ਤੇ ਵੀ ਆਫ਼ਤ ਹੈ। ਉਦਯੋਗ ਮਾਹਰਾਂ ਦਾ ਕਹਿਣਾ ਹੈ ਕਿ ਸੁੱਕੇ ਮੇਵੇ ਦੀ ਮੰਗ ਇਸ ਦੀਵਾਲੀ 60 ਫ਼ੀਸਦੀ ਘੱਟ ਰਹਿਣ ਦੀ ਉਮੀਦ ਹੈ। ਇਸ ਲਈ ਕੰਪਨੀਆਂ ਕਾਫ਼ੀ ਪਹਿਲਾਂ ਤੋਂ ਆਰਡਰ ਦੇ ਦਿਆ ਕਰਦੀਆਂ ਹਨ ਪਰ ਸਿਰਫ਼ 15 ਦਿਨ ਰਹਿ ਜਾਣ ਦੇ ਬਾਵਜੂਦ 40 ਫ਼ੀਸਦੀ ਤੋਂ ਵੀ ਘੱਟ ਆਰਡਰ ਹੁਣ ਤੱਕ ਮਿਲੇ ਹਨ।

ਕੋਰੋਨਾ ਨੇ ਖਰਚੇ ਘਟਾਉਣ ਨੂੰ ਮਜ਼ਬੂਰ ਕੀਤਾ
ਦੇਸ਼ ਵਿਚ ਤਿੰਨ ਮਹੀਨੇ ਤੱਕ ਤਾਲਾਬੰਦੀ ਰਹਿਣ ਤੋਂ ਬਾਅਦ ਅਰਥਵਿਵਸਥਾ ਨੂੰ ਹੌਲੀ-ਹੌਲੀ ਖੋਲ੍ਹਿਆ ਗਿਆ ਹੈ। ਕੰਪਨੀਆਂ ਦਾ ਕਹਿਣਾ ਹੈ ਕਿ ਨੁਕਸਾਨ ਦੀ ਭਰਪਾਈ ਇੰਨੀ ਜਲਦੀ ਨਹੀਂ ਹੋਣ ਵਾਲੀ ਹੈ। ਅਜਿਹੇ 'ਚ ਉਹ ਹਰ ਤਰ੍ਹਾਂ ਦੇ ਖਰਚੇ 'ਚ ਕਟੌਤੀ ਨੂੰ ਮਜ਼ਬੂਰ ਹਨ, ਜਿਸ 'ਚ ਇਸ ਵਾਰ ਦੀਵਾਲੀ ਤੋਹਫ਼ੇ ਵੀ ਸ਼ਾਮਲ ਹਨ।


author

cherry

Content Editor

Related News