ਡਾਇਰੈਕਟ ਟੈਕਸ ਕੁਲੈਕਸ਼ਨ ’ਚ ਤੇਜ਼ੀ, 21.26 ਲੱਖ ਕਰੋੜ ਤੋਂ ਅੰਕੜਾ ਟੱਪਿਆ
Tuesday, Mar 18, 2025 - 05:11 PM (IST)

ਨਵੀਂ ਦਿੱਲੀ (ਭਾਸ਼ਾ) - ਚਾਲੂ ਮਾਲੀ ਸਾਲ (2024-25) ’ਚ ਹੁਣ ਤੱਕ ਸ਼ੁੱਧ ਡਾਇਰੈਕਟ ਟੈਕਸ ਕੁਲੈਕਸ਼ਨ 13.13 ਫ਼ੀਸਦੀ ਵਧ ਕੇ 21.26 ਲੱਖ ਕਰੋਡ਼ ਰੁਪਏ ਤੋਂ ਜ਼ਿਆਦਾ ਰਹੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਇਸ ’ਚ ਐਡਵਾਂਸ ਟੈਕਸ ਕੁਲੈਕਸ਼ਨ ’ਚ ਵਾਧੇ ਦਾ ਮੁੱਖ ਯੋਗਦਾਨ ਰਿਹਾ।
ਸਾਲ ਦੌਰਾਨ ਸਰਕਾਰ ਨੇ ਐਡਵਾਂਸ ਟੈਕਸ ਦੀਆਂ 4 ਕਿਸ਼ਤਾਂ ਤੋਂ 14.62 ਫ਼ੀਸਦੀ ਵਾਧੇ ਨਾਲ 10.44 ਲੱਖ ਕਰੋਡ਼ ਰੁਪਏ ਜੁਟਾਏ ਹਨ, ਜਦੋਂ ਕਿ ਪਿਛਲੇ ਮਾਲੀ ਸਾਲ ’ਚ ਇਹ ਅੰਕੜਾ 9.11 ਲੱਖ ਕਰੋਡ਼ ਰੁਪਏ ਸੀ। ਚਾਲੂ ਮਾਲੀ ਸਾਲ ਲਈ ਐਡਵਾਂਸ ਟੈਕਸ ਭੁਗਤਾਨ ਦੀ ਆਖਰੀ ਕਿਸ਼ਤ 15 ਮਾਰਚ, 2025 ਨੂੰ ਦੇਣ ਯੋਗ ਸੀ।
ਕਾਰਪੋਰੇਟ ਟੈਕਸ ਸ਼੍ਰੇਣੀ ਤਹਿਤ ਐਡਵਾਂਸ ਟੈਕਸ ਕੁਲੈਕਸ਼ਨ 12.54 ਫ਼ੀਸਦੀ ਵਧ ਕੇ 7.57 ਲੱਖ ਕਰੋਡ਼ ਰੁਪਏ ਹੋ ਗਈ, ਜਦੋਂ ਕਿ ਗੈਰ-ਕਾਰਪੋਰੇਟ ਸ਼੍ਰੇਣੀ ’ਚ ਐਡਵਾਂਸ ਟੈਕਸ ਕੁਲੈਕਸ਼ਨ 20.47 ਫ਼ੀਸਦੀ ਦੇ ਵਾਧੇ ਨਾਲ 2.87 ਲੱਖ ਕਰੋਡ਼ ਰੁਪਏ ’ਤੇ ਪਹੁੰਚ ਗਈ ਹੈ।
ਆਮਦਨ ਟੈਕਸ ਕਾਨੂੰਨ ਦੀ ਧਾਰਾ 208 ਅਨੁਸਾਰ, ਜਿਸ ਵਿਅਕਤੀ ਦੀ ਅੰਦਾਜ਼ਨ ਟੈਕਸ ਦੇਣਦਾਰੀ 10,000 ਰੁਪਏ ਤੋਂ ਜ਼ਿਆਦਾ ਹੋਣ ਦੀ ਸੰਭਾਵਨਾ ਹੈ (ਸ੍ਰੋਤ ’ਤੇ ਟੈਕਸ ਕਟੌਤੀ ਅਤੇ ਕੁਲੈਕਸ਼ਨ- ਟੀ. ਡੀ. ਐੱਸ. ਅਤੇ ਟੀ. ਸੀ. ਐੱਸ. ’ਤੇ ਵਿਚਾਰ ਕਰਨ ਤੋਂ ਬਾਅਦ) ਉਸ ਨੂੰ ਉਸ ਸਾਲ ਐਡਵਾਂਸ ਟੈਕਸ ਦਾ ਭੁਗਤਾਨ ਕਰਨਾ ਜ਼ਰੂਰੀ ਹੈ। ਇਸ ’ਚ ਤਨਖਾਹ ਲਾਭਪਾਤਰੀ ਕਰਦਾਤੇ ਵੀ ਸ਼ਾਮਲ ਹਨ।