2017-18 ’ਚ 6 ਸੂਬਿਆਂ ’ਚ ਡਾਇਰੈਕਟ ਟੈਕਸ ਕੁਲੈਕਸ਼ਨ ਘਟੀ

Friday, Oct 26, 2018 - 12:00 AM (IST)

ਨਵੀਂ ਦਿੱਲੀ -ਆਮਦਨ ਕਰ ਵਿਭਾਗ ਦੇ ਹਾਲ ਹੀ ਦੇ ਅੰਕੜਿਆਂ ਮੁਤਾਬਕ 2017-18 ’ਚ 6 ਸੂਬਿਆਂ ਤੋਂ ਡਾਇਰੈਕਟ ਟੈਕਸ ਕੁਲੈਕਸ਼ਨ ’ਚ ਕਮੀ ਆਈ ਹੈ। ਵੱਡੇ ਸੂਬਿਆਂ ’ਚ ਸਭ ਤੋਂ ਤੇਜ਼ ਗਿਰਾਵਟ ਉੱਤਰ ਪ੍ਰਦੇਸ਼ ਤੋਂ ਆਈ ਹੈ, ਜਦੋਂ ਕਿ ਦੂਜੇ ਅਤੇ ਤੀਸਰੇ ਸਥਾਨ ’ਤੇ ਕ੍ਰਮਵਾਰ ਰਾਜਸਥਾਨ ਅਤੇ ਬਿਹਾਰ ਹਨ। ਮਿਜ਼ੋਰਮ, ਨਾਗਾਲੈਂਡ ਅਤੇ ਸਿੱਕਮ ਹੋਰ ਸੂਬੇ ਹਨ, ਜਿੱਥੇ ਕੁਲੈਕਸ਼ਨ ਘੱਟ ਹੋਈ ਹੈ। ਇਸ ਤੋਂ ਇਲਾਵਾ ਕੇਂਦਰ ਸ਼ਾਸਿਤ ਖੇਤਰ ਦਮਨ ਅਤੇ ਦੀਵ ਤੋਂ ਵੀ ਕੁਲੈਕਸ਼ਨ ਘਟੀ ਹੈ। ਜੇਕਰ ਕੁਲ ਮਿਲਾ ਕੇ ਵੇਖੀਏ ਤਾਂ ਡਾਇਰੈਕਟ ਟੈਕਸ ਕੁਲੈਕਸ਼ਨ ’ਚ 2017-18 ’ਚ 18 ਫ਼ੀਸਦੀ ਵਾਧਾ ਹੋਇਆ ਹੈ ਅਤੇ ਇਹ 2016-17 ਦੇ 8.49 ਲੱਖ ਕਰੋੜ ਤੋਂ ਵਧ ਕੇ 10 ਲੱਖ ਕਰੋੜ ਰੁਪਏ ਹੋ ਗਈ ਹੈ।

ਉੱਤਰ ਪ੍ਰਦੇਸ਼ ਤੋਂ 20 ਫ਼ੀਸਦੀ ਹੋਈ ਘੱਟ
ਫਿਲਹਾਲ ਉੱਤਰ ਪ੍ਰਦੇਸ਼ ਤੋਂ ਟੈਕਸ ਕੁਲੈਕਸ਼ਨ ਕਰੀਬ 20 ਫ਼ੀਸਦੀ ਘੱਟ ਹੋਈ ਹੈ ਅਤੇ ਇਹ 2016-17 ਦੇ 293 ਅਰਬ ਤੋਂ ਘਟ ਕੇ 2017-18 ’ਚ 235 ਅਰਬ ਰੁਪਏ ਰਹਿ ਗਈ ਹੈ। ਇਸੇ ਤਰ੍ਹਾਂ ਰਾਜਸਥਾਨ ’ਚ ਕੁਲੈਕਸ਼ਨ 4.8 ਫ਼ੀਸਦੀ ਘਟ ਕੇ 2017-18 ’ਚ 192 ਅਰਬ ਰੁਪਏ ਰਹਿ ਗਈ, ਜੋ ਇਕ ਸਾਲ ਪਹਿਲਾਂ 201.8 ਅਰਬ ਰੁਪਏ ਸੀ। ਬਿਹਾਰ ’ਚ ਟੈਕਸ ਕੁਲੈਕਸ਼ਨ 3.6 ਫ਼ੀਸਦੀ ਘਟੀ ਹੈ ਅਤੇ ਇਹ ਇਕ ਸਾਲ ਪਹਿਲਾਂ ਦੇ 65 ਅਰਬ ਰੁਪਏ ਦੇ ਮੁਕਾਬਲੇ 2017-18 ’ਚ 62.8 ਅਰਬ ਰੁਪਏ ਰਹਿ ਗਈ। ਇਨ੍ਹਾਂ ਸੂਬਿਆਂ ’ਚ ਟੈਕਸ ਕੁਲੈਕਸ਼ਨ ’ਚ ਗਿਰਾਵਟ ਦਾ ਪੱਕਾ ਕਾਰਨ ਦੱਸਣਾ ਮੁਸ਼ਕਲ ਹੈ। ਸੁਸਤ ਆਰਥਕ ਰਫਤਾਰ ਇਸ ਦੀ ਵਜ੍ਹਾ ਨਹੀਂਂ ਹੋ ਸਕਦੀ ਕਿਉਂਕਿ ਇਨ੍ਹਾਂ ਸੂਬਿਆਂ ’ਚ ਚੋਖੀ ਵਾਧਾ ਦਰ ਵੇਖੀ ਗਈ ਹੈ।

ਯੂ. ਪੀ. ਦੀ ਅਰਥਵਿਵਸਥਾ ’ਚ ਵਾਧਾ
ਉਦਾਹਰਣ ਲਈ ਉੱਤਰ ਪ੍ਰਦੇਸ਼ (ਯੂ. ਪੀ.) ਦੀ ਅਰਥਵਿਵਸਥਾ 2017-18 (ਮੌਜੂਦਾ ਮੁੱਲਾਂ ’ਤੇ) ’ਚ 10 ਫ਼ੀਸਦੀ ਵਧੀ ਹੈ ਜੋ 2016-17 ਦੇ 9.9 ਫ਼ੀਸਦੀ ਦੇ ਮੁਕਾਬਲੇ ਥੋੜ੍ਹੀ ਜ਼ਿਆਦਾ ਹੈ। ਹਾਲਾਂਕਿ ਰਾਜਸਥਾਨ ’ਚ 2017-18 ’ਚ ਵਾਧਾ ਦਰ 10.7 ਫ਼ੀਸਦੀ ਰਹੀ, ਜੋ 2016-17 ਦੇ 11 ਫ਼ੀਸਦੀ ਦੇ ਮੁਕਾਬਲੇ ਮਾਮੂਲੀ ਘੱਟ ਹੈ। ਬਿਹਾਰ ਦੀ ਅਰਥਵਿਵਸਥਾ 14.5 ਫ਼ੀਸਦੀ ਦੀ ਦਰ ਨਾਲ ਵਧੀ ਹੈ ਜੋ ਇਕ ਸਾਲ ਪਹਿਲਾਂ ਦੇ 15.3 ਫ਼ੀਸਦੀ ਦੇ ਮੁਕਾਬਲੇ ਘੱਟ ਹੈ।


Related News