DHFL ਦੀ ਵਿੱਤੀ ਹਾਲਤ ਵਿਗੜੀ, ਕੰਪਨੀ ਨੇ ਦਿੱਤੀ ਇਹ ਸੂਚਨਾ

07/15/2019 3:46:54 PM

ਨਵੀਂ ਦਿੱਲੀ — ਦੀਵਾਨ ਹਾਊਸਿੰਗ ਫਾਇਨਾਂਸ ਲਿਮਟਿਡ ਦੇ ਵਜੂਦ 'ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਕੰਪਨੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਕੰਪਨੀ ਨੇ ਆਪਣੇ ਨਿਵੇਸ਼ਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਸਦੀ ਵਿੱਤੀ ਹਾਲਤ ਖਸਤਾ ਹੋ ਚੁੱਕੀ ਹੈ। ਇਸ ਲਈ ਕੰਪਨੀ ਲਈ ਹੋਰ ਅੱਗੇ ਚਲਨਾ ਮੁਸ਼ਕਲ ਹੋ ਰਿਹਾ ਹੈ। ਅਜਿਹੇ 'ਚ ਕੰਪਨੀ ਬੰਦ ਹੋਣ ਕੰਢੇ ਪਹੁੰਚ ਸਕਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਉਸਦੀ ਫੰਡ ਇਕੱਠਾ ਕਰਨ ਦੀ ਸਮਰੱਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। 

ਕੰਪਨੀ ਨੇ 31 ਮਾਰਚ ਨੂੰ ਖਤਮ ਚੌਥੀ ਤਿਮਾਹੀ ਦੇ ਨਤੀਜੇ ਦੇ ਬਾਅਦ ਕੰਪਨੀ ਦੇ ਚੇਅਰਮੈਨ ਅਤੇ ਐਮ.ਡੀ. ਕਪਿਲ ਵਾਧਵਾਨ ਨੇ ਕਿਹਾ ਕਿ ਅਜਿਹੇ ਹਾਲਾਤਾਂ ਵਿਚ ਆਪਣਾ ਕਾਰੋਬਾਰ ਜਾਰੀ ਰੱਖਣ ਲਈ ਕੰਪਨੀ ਦੀ ਸਮਰੱਥਾ 'ਤੇ ਖਦਸ਼ਾ ਹੋ ਰਿਹਾ ਹੈ, ਜਿਹੜਾ ਕਿ ਚਿੰਤਾ ਦਾ ਕਾਰਨ ਹੈ।

ਜ਼ਿਕਰਯੋਗ ਹੈ ਕਿ DHFL ਨੂੰ ਚੌਥੀ ਤਿਮਾਹੀ 'ਚ 2,223 ਕਰੋੜ ਦਾ ਘਾਟਾ ਹੋਇਆ ਹੈ ਜਦੋਂਕਿ ਇਸਦੇ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ ਉਸਨੂੰ 134 ਕਰੋੜ ਦਾ ਮੁਨਾਫਾ ਹੋਇਆ ਸੀ।

DHFL ਨੇ 13 ਜੁਲਾਈ ਨੂੰ ਐਲਾਨ ਕੀਤਾ ਸੀ ਕਿ ਉਸਨੇ ਨਾਨ ਕਨਵਰਟਿਬਲ ਡਿਬੈਂਚਰਸ 'ਤੇ 6 ਜੁਲਾਈ ਅਤੇ 8 ਜੁਲਾਈ ਨੂੰ 25.58 ਕਰੋੜ ਰੁਪਏ ਦਾ ਵਿਆਜ ਡਿਫਾਲਟ ਕੀਤਾ।

ਕੰਪਨੀ ਨੇ ਕੀਤਾ ਐਲਾਨ

DHFL ਨੇ ਸੋਮਵਾਰ ਨੂੰ ਕਿਹਾ ਹੈ ਕਿ ਕੰਪਨੀ ਨਕਦ ਧਨ ਦੀ ਕਮੀ ਦੇ ਮੁੱਦੇ ਨੂੰ ਹੱਲ ਕਰਨ ਲਈ ਹਿੱਤਧਾਰਕਾਂ ਅਤੇ ਕਰਜ਼ਾਦਾਤਿਆਂ ਦੇ ਨਾਲ ਕੰਮ ਕਰ ਰਹੀ ਹੈ। ਕੰਪਨੀ ਨੇ ਸ਼ੇਅਰ ਬਜ਼ਾਰ ਨੂੰ ਸੂਚਨਾ ਦਿੱਤੀ ਹੈ ਕਿ ਇਸ ਮੁੱਦੇ ਦਾ ਹੱਲ ਇਸ ਤਰੀਕੇ ਨਾਲ ਕੀਤਾ ਜਾਵੇਗਾ ਕਿ ਕਰਜ਼ਾਦਾਤਿਆਂ ਨੂੰ ਕੋਈ ਨੁਕਸਾਨ ਨਾ ਹੋਵੇ। 

ਮੀਡੀਆ ਦੇ ਇਕ ਵਰਗ 'ਚ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹਨ ਕਿ ਕਰਜ਼ਾਦਾਤਿਆਂ ਨੂੰ ਨੁਕਸਾਨ ਹੋ ਸਕਦਾ ਹੈ। DHFL ਨੇ ਕਿਹਾ ਕਿ ਇਸ ਖੇਤਰ ਵਿਚ ਦਬਾਅ ਦੇ ਬਾਰੇ ਕਈ ਮਹੀਨੇ ਪਹਿਲਾਂ ਤੋਂ ਪਤਾ ਸੀ। ਕੰਪਨੀ ਇਸ ਦਬਾਅ 'ਚ ਡਟੀ ਹੋਈ ਹੈ ਅਤੇ ਲਗਾਤਾਰ ਮਜ਼ਬੂਤ ਬਣੀ ਹੋਈ ਹੈ। DHFL ਨੇ ਕਿਹਾ ਕਿ ਉਸਨੇ ਸਤੰਬਰ 2018 ਤੋਂ 41,800 ਕਰੋੜ ਰੁਪਏ ਦੀ ਵਚਨਬੱਧਤਾ ਨੂੰ ਪੂਰਾ ਕੀਤਾ ਹੈ। DHFL ਦੇ ਚੇਅਰਮੈਨ ਕਪਿਲ ਵਾਧਵਾਨ ਨੇ ਕਿਹਾ ਕਿ ਸਤੰਬਰ 2018 ਤੋਂ ਕੰਪਨੀ 41,800 ਕਰੋੜ ਰੁਪਏ ਦਾ ਭੁਗਤਾਨ ਕਰਨ 'ਚ ਸਫਲ ਰਹੀ ਹੈ। ਇਹ ਭੁਗਤਾਨ ਮੁੱਖ ਰੂਪ ਨਾਲ ਜਾਇਦਾਦਾਂ ਦੇ Securitization ਅਤੇ ਮੁੜ-ਭੁਗਤਾਨ ਇਕੱਠ ਨਾਲ ਕੀਤਾ ਗਿਆ ਹੈ। ਵਿੱਤੀ ਸਾਲ 2018-19 'ਚ DHFL ਨੂੰ 1,036 ਕਰੋੜ ਰੁਪਏ ਦਾ ਘਾਟਾ ਹੋਇਆ ਹੈ। 2017-18 'ਚ ਕੰਪਨੀ ਨੇ 1,240 ਕਰੋੜ ਰੁਪਏ ਦਾ ਲਾਭ ਕਮਾਇਆ ਸੀ।


Related News