ਆਟੋ ਸੈਕਟਰ ’ਚ ਮੰਦੀ, ਕੰਪਨੀਆਂ ਦੀ ਡਿੱਗੀ ਵਿਕਰੀ
Monday, Mar 02, 2020 - 11:23 AM (IST)
ਨਵੀਂ ਦਿੱਲੀ — ਫਰਵਰੀ ਮਹੀਨੇ ’ਚ ਵੀ ਆਟੋ ਸੈਕਟਰ ’ਚ ਮੰਦੀ ਰਹੀ, ਜਿਸ ਨਾਲ ਤਕਰੀਬਨ ਸਾਰੀਆਂ ਕੰਪਨੀਆਂ ਦੀ ਵਿਕਰੀ ’ਚ ਗਿਰਾਵਟ ਦਰਜ ਕੀਤੀ ਗਈ ਪਰ ਕੰਪਨੀਆਂ ਦਾ ਕਹਿਣਾ ਹੈ ਕਿ ਇਸ ਗਿਰਾਵਟ ’ਚ ਕੋਰੋਨਾ ਵਾਇਰਸ ਦਾ ਕੋਈ ਅਸਰ ਨਹੀਂ ਹੈ। ਵਾਹਨ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਦੀ ਵਿਕਰੀ ਫਰਵਰੀ ਮਹੀਨੇ ’ਚ ਸਾਲਾਨਾ ਆਧਾਰ ’ਤੇ 42 ਫੀਸਦੀ ਡਿੱਗ ਕੇ 32,476 ਇਕਾਈਆਂ ’ਤੇ ਆ ਗਈ। ਕੰਪਨੀ ਨੇ ਕਿਹਾ ਕਿ ਉਸ ਨੇ ਪਿਛਲੇ ਸਾਲ ਫਰਵਰੀ ਮਹੀਨੇ ’ਚ 56,005 ਵਾਹਨਾਂ ਦੀ ਵਿਕਰੀ ਕੀਤੀ ਸੀ। ਕੰਪਨੀ ਦੀ ਘਰੇਲੂ ਵਿਕਰੀ ਇਸ ਦੌਰਾਨ 42 ਫੀਸਦੀ ਡਿੱਗ ਕੇ ਪਿਛਲੇ ਸਾਲ ਦੀਆਂ 52,915 ਇਕਾਈਆਂ ਦੀ ਤੁਲਨਾ ’ਚ 30,637 ਇਕਾਈਆਂ ’ਤੇ ਆ ਗਈ। ਇਸ ਦੌਰਾਨ ਬਰਾਮਦ ਵੀ ਪਿਛਲੇ ਸਾਲ ਦੀਆਂ 3,090 ਇਕਾਈਆਂ ਦੀ ਤੁਲਨਾ ’ਚ 40 ਫੀਸਦੀ ਡਿੱਗ ਕੇ 1,839 ਇਕਾਈਆਂ ’ਤੇ ਆ ਗਈ।
ਕੰਪਨੀ ਨੇ ਯੂਟੀਲਿਟੀ ਵਾਹਨਾਂ, ਕਾਰਾਂ ਅਤੇ ਵੈਨ ਸਮੇਤ ਯਾਤਰੀ ਵਾਹਨ ਸ਼੍ਰੇਣੀ ’ਚ ਫਰਵਰੀ 2020 ’ਚ 10,938 ਵਾਹਨਾਂ ਦੀ ਵਿਕਰੀ ਕੀਤੀ। ਇਹ ਫਰਵਰੀ 2019 ’ਚ ਇਸ ਸ਼੍ਰੇਣੀ ’ਚ ਵਿਕੇ 26,109 ਵਾਹਨਾਂ ਦੀ ਤੁਲਨਾ ’ਚ 58 ਫੀਸਦੀ ਘੱਟ ਹੈ। ਇਸ ਦੌਰਾਨ ਕੰਪਨੀ ਦੇ ਵਪਾਰਕ ਵਾਹਨਾਂ ਦੀ ਵਿਕਰੀ ਸਾਲ ਭਰ ਪਹਿਲਾਂ ਦੀਆਂ 21,154 ਇਕਾਈਆਂ ਤੋਂ 25 ਫੀਸਦੀ ਡਿੱਗ ਕੇ 15,856 ਇਕਾਈਆਂ ’ਤੇ ਆ ਗਈ। ਮੱਧ ਅਤੇ ਭਾਰੀ ਵਪਾਰਕ ਵਾਹਨਾਂ ਦੇ ਸੈਕਟਰ ’ਚ ਵੀ ਵਿਕਰੀ 686 ਇਕਾਈਆਂ ਦੀ ਤੁਲਨਾ ’ਚ ਘੱਟ ਹੋ ਕੇ 436 ਇਕਾਈਆਂ ’ਤੇ ਆ ਗਈ।
ਕੋਰੋਨਾ ਵਾਇਰਸ ਨਾਲ ਸੁਜ਼ੂਕੀ, ਹੁੰਡਈ, ਟੋਇਟਾ ਦੇ ਉਤਪਾਦਨ ’ਤੇ ਅਸਰ ਨਹੀਂ
ਪ੍ਰਮੁੱਖ ਵਾਹਨ ਵਿਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ, ਹੁੰਡਈ ਅਤੇ ਟੋਇਟਾ ਕਿਰਲੋਸਕਰ ਮੋਟਰ ਦਾ ਕਹਿਣਾ ਹੈ ਕਿ ਚੀਨ ’ਚ ਕੋਰੋਨਾ ਵਾਇਰਸ ਦੇ ਕਹਿਰ ਨਾਲ ਕਲਪੁਰਜ਼ਿਆਂ ਦੀ ਸਪਲਾਈ ’ਚ ਰੁਕਾਵਟ ਨਾਲ ਉਨ੍ਹਾਂ ਦੇ ਉਤਪਾਦਨ ਪ੍ਰੋਗਰਾਮ ’ਤੇ ਤੁਰੰਤ ਕੋਈ ਅਸਰ ਨਹੀਂ ਪਿਆ ਹੈ। ਹਾਲਾਂਕਿ ਕੰਪਨੀਆਂ ਭਵਿੱਖ ’ਚ ਕਿਸੇ ਵੀ ਉਲਟ ਸਥਿਤੀ ਨਾਲ ਨਿੱਬੜਨ ਲਈ ਹਾਲਾਤ ’ਤੇ ਨਜ਼ਰ ਬਣਾਏ ਹੋਏ ਹਨ।
ਮਾਰੂਤੀ ਸੁਜ਼ੂਕੀ ਇੰਡੀਆ ਦੇ ਪ੍ਰਮੋਟਰ ਨੇ ਕਿਹਾ, ‘‘ਫਿਲਹਾਲ ਅਜੇ ਸਾਨੂੰ ਕਿਸੇ ਵੀ ਸਮੱਸਿਆ ਦਾ ਖਦਸ਼ਾ ਨਹੀਂ ਹੈ। ਅਸੀਂ ਆਪਣੇ ਸਪਲਾਈਕਰਤਾਵਾਂ ਦੇ ਸੰਪਰਕ ’ਚ ਰਹਾਂਗੇ ਅਤੇ ਕੋਈ ਸਮੱਸਿਆ ਹੋਣ ’ਤੇ ਸੂਚਿਤ ਕਰਾਂਗੇ।’’ ਹੁੰਡਈ ਮੋਟਰ ਇੰਡੀਆ ਦੇ ਪ੍ਰਮੋਟਰ ਨੇ ਕਿਹਾ,‘‘ਅਸੀਂ ਹਾਲਾਤ ’ਤੇ ਨਜ਼ਰ ਬਣਾਏ ਹੋਏ ਹਾਂ। ਹਾਲਾਂਕਿ, ਫਿਲਹਾਲ ਕੰਪਨੀ ਦੇ ਕਾਰੋਬਾਰ ’ਤੇ ਕੋਈ ਅਸਰ ਨਹੀਂ ਹੈ।’’ ਟੋਇਟਾ ਕਿਰਲੋਸਕਰ ਮੋਟਰ ਨੇ ਵੀ ਅਜਿਹੀ ਹੀ ਗੱਲ ਕਹੀ ਹੈ।
ਕੰਪਨੀ ਦੇ ਉੱਚ ਉਪ-ਪ੍ਰਧਾਨ (ਵਿਕਰੀ ਅਤੇ ਮਾਰਕੀਟਿੰਗ) ਨਵੀਨ ਸੋਨੀ ਨੇ ਕਿਹਾ, ‘‘ਸਾਡੇ ਪਹਿਲੇ ਅਤੇ ਦੂਜੇ ਸ਼੍ਰੇਣੀ ਦੇ ਸਪਲਾਈਕਰਤਾ ਅਜੇ ਤੱਕ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਨਹੀਂ ਹੋਏ ਹਨ। ਹਾਲਾਂਕਿ ਅਸੀਂ ਤੀਜੇ ਅਤੇ ਚੌਥੀ ਸ਼੍ਰੇਣੀ ਦੇ ਸਪਲਾਈਕਰਤਾਵਾਂ ਦੇ ਸੰਚਾਲਨ ’ਤੇ ਕਰੀਬ ਤੋਂ ਨਜ਼ਰ ਰੱਖੇ ਹੋਏ ਹਨ।’’ ਕੰਪਨੀ ਆਪਣੇ ਕਲਪੁਰਜ਼ਿਆਂ ਦੀ ਸਥਾਨਕ ਸਪਲਾਈ ਵਧਾਉਣ ’ਤੇ ਧਿਆਨ ਦੇ ਰਹੀ ਹੈ, ਇਸ ਲਈ ਉਹ ਇਨ੍ਹਾਂ ਦਾ ਸਥਾਨੀਕਰਨ ਕਰ ਰਹੀ ਹੈ। ਇਸ ਨਾਲ ਘਰੇਲੂ ਸਪਲਾਈਕਰਤਾਵਾਂ ਦੇ ਸਾਹਮਣੇ ਇਕ ਚੰਗਾ ਮੌਕਾ ਹੈ। ਦੱਖਣ ਕੋਰੀਆ ਦੀ ਕੀਯਾ ਮੋਟਰਸ ਦੇ ਭਾਰਤੀ ਸੰਚਾਲਨ ’ਤੇ ਅਜੇ ਤੱਕ ਕੋਰੋਨਾ ਵਾਇਰਸ ਦਾ ਅਸਰ ਨਹੀਂ ਪਿਆ ਹੈ।
ਐੱਮ. ਜੀ. ਮੋਟਰ ਇੰਡੀਆ ਦੀ ਸਪਲਾਈ ’ਚ ਪੈਦਾ ਹੋਈ ਅੜਚਨ
ਹਾਲਾਂਕਿ ਐੱਮ. ਜੀ. ਮੋਟਰ ਇੰਡੀਆ ਦੀ ਸਪਲਾਈ ’ਚ ਅੜਚਨ ਪੈਦਾ ਹੋਈ ਹੈ। ਇਸ ਨਾਲ ਕੰਪਨੀ ਦਾ ਫਰਵਰੀ ਦਾ ਉਤਪਾਦਨ ਅਤੇ ਵਿਕਰੀ ਪ੍ਰਦਰਸ਼ਨ ਪ੍ਰਭਾਵਿਤ ਹੋਇਆ ਹੈ। ਐੱਮ. ਜੀ. ਮੋਟਰ ਇੰਡੀਆ ਦੇ ਵਿਕਰੀ ਨਿਰਦੇਸ਼ਕ ਰਾਕੇਸ਼ ਸਿਧਾਨਾ ਨੇ ਕਿਹਾ, ‘‘ਕੋਰੋਨਾ ਵਾਇਰਸ ਦੇ ਪ੍ਰਸਾਰ ਨੇ ਸਾਡੇ ਯੂਰਪੀ ਅਤੇ ਚੀਨੀ ਸਪਲਾਈਕਰਤਾਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਨੇ ਸਾਡੇ ਫਰਵਰੀ ਦੇ ਉਤਪਾਦਨ ਅਤੇ ਵਿਕਰੀ ’ਤੇ ਅਸਰ ਪਾਇਆ ਹੈ। ਇਸ ਦੇ ਮਾਰਚ ’ਚ ਵੀ ਬਣੇ ਰਹਿਣ ਦੀ ਸੰਭਾਵਨਾ ਹੈ।’’ ਟਾਟਾ ਮੋਟਰਸ ਨੇ ਇਸ ਬਾਰੇ ’ਚ ਟਿੱਪਣੀ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ ਪਰ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧ ਨਿਰਦੇਸ਼ਕ ਗੁਏਂਟਰ ਬਟਸ਼ੇਕ ਨੇ ਫਰਵਰੀ ਦੀ ਸ਼ੁਰੂਆਤ ’ਚ ਕਿਹਾ ਸੀ ਕਿ ਚੀਨ ਵੱਲੋਂ ਕਲਪੁਰਜ਼ਿਆਂ ਦੀ ਸਪਲਾਈ ’ਚ ਕਮੀ ਬਾਰੇ ਠੀਕ ਅਨੁਮਾਨ ਉਦੋਂ ਲਾਇਆ ਜਾ ਸਕਦਾ ਹੈ, ਜਦੋਂ ਉੱਥੇ ਕਿਰਤੀ ਦੁਬਾਰਾ ਕੰਮ ’ਤੇ ਪਰਤਨਗੇ। ਵਾਹਨ ਵਿਨਿਰਮਾਤਾਵਾਂ ਦੇ ਸੰਗਠਨ ਸਿਆਮ ਨੇ ਵੀ ਕਿਹਾ ਸੀ ਕਿ ਉਹ ਕੰਪਨੀਆਂ ਵੱਲੋਂ ਅੰਕੜੇ ਜੁਟਾਏਗੀ ਤਾਂਕਿ ਪਤਾ ਲਾਇਆ ਜਾ ਸਕੇ ਕਿ ਕੋਰੋਨਾ ਵਾਇਰਸ ਦਾ ਅਸਰ ਕਿਸ ਹੱਦ ਤੱਕ ਪਿਆ ਹੈ। ਦੋਪਹੀਆ ਵਾਹਨ ਕੰਪਨੀ ਹੀਰੋ ਮੋਟੋਕਾਰਪ ਅਤੇ ਟੀ. ਵੀ. ਐੱਸ. ਮੋਟਰ ਕੰਪਨੀ ਨੇ ਕਿਹਾ ਸੀ ਕਿ ਚੀਨ ’ਚ ਫੈਲੇ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਫਰਵਰੀ ’ਚ ਉਨ੍ਹਾਂ ਦਾ ਉਤਪਾਦਨ ਕਰੀਬ 10 ਫੀਸਦੀ ਤੱਕ ਘੱਟ ਹੋ ਸਕਦਾ ਹੈ।
ਮਾਰੂਤੀ ਦੀ ਵਾਹਨ ਵਿਕਰੀ ਫਰਵਰੀ ’ਚ ਇਕ ਫੀਸਦੀ ਘੱਟ ਕੇ 1,47,110 ਇਕਾਈ ਰਹੀ
ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਦੀ ਫਰਵਰੀ ’ਚ ਵਿਕਰੀ 1.1 ਫੀਸਦੀ ਘੱਟ ਕੇ 1,47,110 ਇਕਾਈ ਰਹਿ ਗਈ। ਇਕ ਸਾਲ ਪਹਿਲਾਂ ਇਸੇ ਮਹੀਨੇ ’ਚ ਕੰਪਨੀ ਨੇ 1,48,682 ਵਾਹਨ ਵੇਚੇ ਸਨ। ਮਾਰੂਤੀ ਨੇ ਐਤਵਾਰ ਨੂੰ ਜਾਰੀ ਬਿਆਨ ’ਚ ਕਿਹਾ ਕਿ ਫਰਵਰੀ, 2020 ’ਚ ਉਸ ਦੀ ਘਰੇਲੂ ਵਿਕਰੀ 1.6 ਫੀਸਦੀ ਘੱਟ ਕੇ 1,36,849 ਇਕਾਈ ਰਹਿ ਗਈ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 1,39,100 ਇਕਾਈ ਰਹੀ ਸੀ।
ਸਮੀਖਿਆ ਅਧੀਨ ਮਹੀਨੇ ’ਚ ਕੰਪਨੀ ਦੀਆਂ ਛੋਟੀਆਂ ਕਾਰਾਂ ਆਲਟੋ ਅਤੇ ਵੈਗਨ ਆਰ ਦੀ ਵਿਕਰੀ 11.1 ਫੀਸਦੀ ਵਧ ਕੇ 27,499 ਇਕਾਈ ’ਤੇ ਪਹੁੰਚ ਗਈ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 24,751 ਇਕਾਈ ਸੀ। ਉਥੇ ਹੀ ਕੰਪੈਕਟ ਸੈਕਟਰ ’ਚ ਸਵਿੱਫਟ, ਸੇਲੇਰੀਓ, ਇਗਨਿਸ, ਬਲੇਨੋ ਅਤੇ ਡਿਜ਼ਾਇਰ ਦੀ ਵਿਕਰੀ 3.9 ਫੀਸਦੀ ਘੱਟ ਕੇ 69,828 ਇਕਾਈ ਰਹਿ ਗਈ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 72,678 ਇਕਾਈ ਰਹੀ ਸੀ। ਮੱਧ ਵਾਹਨ ਸੈਕਟਰ ’ਚ ਕੰਪਨੀ ਦੀ ਸਿਆਜ਼ ਕਾਰ ਦੀ ਵਿਕਰੀ ਘੱਟ ਕੇ 2,544 ਇਕਾਈ ਰਹੀ, ਜੋ ਫਰਵਰੀ, 2019 ’ਚ 3,084 ਇਕਾਈ ਰਹੀ ਸੀ। ਹਾਲਾਂਕਿ, ਸਮੀਖਿਆ ਅਧੀਨ ਮਿਆਦ ’ਚ ਕੰਪਨੀ ਦੇ ਯੂਟੀਲਿਟੀ ਵਾਹਨਾਂ ਵਿਟਾਰਾ ਬ੍ਰੀਜ਼ਾ, ਐੱਸ-ਕਰਾਸ ਅਤੇ ਅਰਟਿਗਾ ਦੀ ਵਿਕਰੀ 3.5 ਫੀਸਦੀ ਵਧ ਕੇ 22,604 ਇਕਾਈ ਰਹੀ, ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 21,834 ਇਕਾਈ ਰਹੀ ਸੀ। ਫਰਵਰੀ ’ਚ ਕੰਪਨੀ ਦੀ ਬਰਾਮਦ 7.1 ਫੀਸਦੀ ਵਧ ਕਰ 10,261 ਇਕਾਈ ’ਤੇ ਪਹੁੰਚ ਗਿਆ। ਇਕ ਸਾਲ ਪਹਿਲਾਂ ਇਸੇ ਮਹੀਨੇ ’ਚ ਕੰਪਨੀ ਨੇ 9,582 ਵਾਹਨਾਂ ਦੀ ਬਰਾਮਦ ਕੀਤੀ ਸੀ।
ਐੱਮ. ਜੀ. ਮੋਟਰ ਦੀ ਵਿਕਰੀ ’ਚ ਭਾਰੀ ਗਿਰਾਵਟ
ਐੱਮ. ਜੀ. ਮੋਟਰ ਇੰਡੀਆ ਦੀ ਵਿਕਰੀ ’ਚ ਫਰਵਰੀ ’ਚ ਭਾਰੀ ਗਿਰਾਵਟ ਆਈ ਹੈ। ਚੀਨ ਅਤੇ ਹੋਰ ਦੇਸ਼ਾਂ ’ਚ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਫੈਲਣ ਨਾਲ ਕੰਪਨੀ ਦੀ ਕੱਲ-ਪੁਰਜ਼ਿਆਂ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਨਾਲ ਉਸ ਦੀ ਵਿਕਰੀ ’ਚ ਗਿਰਾਵਟ ਆਈ ਹੈ। ਫਰਵਰੀ ’ਚ ਕੰਪਨੀ ਦੀ ਪ੍ਰਚੂਨ ਵਿਕਰੀ 1,376 ਇਕਾਈ ਰਹੀ ਹੈ, ਜਦੋਂਕਿ ਜਨਵਰੀ ’ਚ ਇਹ 3,130 ਇਕਾਈ ਰਹੀ ਸੀ। ਐੱਮ. ਜੀ. ਮੋਟਰ ਇੰਡੀਆ ਦੇ ਪੋਰਟਫੋਲੀਓ ’ਚ 2 ਮਾਡਲ ਐੱਸ. ਯੂ. ਵੀ. ਹੈਕਟਰ ਅਤੇ ਜੇ. ਐੱਸ. ਈ. ਵੀ. ਹਨ। ਕੰਪਨੀ ਨੇ ਬਿਆਨ ’ਚ ਕਿਹਾ ਕਿ ਪਿਛਲੇ ਮਹੀਨੇ ਉਸ ਨੇ ਜੇਐੱਸ ਈ. ਵੀ. ਦੀਆਂ 158 ਇਕਾਈਆਂ ਵੇਚੀਆਂ। ਕੰਪਨੀ ਨੇ ਜ਼ੈੱਡਐੱਸ ਈ. ਵੀ. ਨੂੰ ਹਾਲ ’ਚ 20.88 ਲੱਖ ਰੁਪਏ (ਦਿੱਲੀ ਸ਼ੋਅਰੂਮ) ਦੀ ਸ਼ੁਰੂਆਤੀ ਕੀਮਤ ’ਤੇ ਪੇਸ਼ ਕੀਤਾ ਸੀ। ਕੰਪਨੀ ਨੇ ਕਿਹਾ ਕਿ ਉਸ ਨੂੰ ਇਸ ਦੀ ਅੱਜ ਦੀ ਤਰੀਕ ਤੱਕ 3,000 ਬੁਕਿੰਗਾਂ ਮਿਲ ਚੁੱਕੀਆਂ ਹਨ। ਇਹ 2019 ’ਚ ਦੇਸ਼ ’ਚ ਵਿਕੀ ਕੁਲ ਈ. ਵੀ. ਕਾਰਾਂ ਤੋਂ ਜ਼ਿਆਦਾ ਹੈ।
ਹੁੰਡਈ ਦੀ ਵਿਕਰੀ ਫਰਵਰੀ ’ਚ 10 ਫੀਸਦੀ ਡਿੱਗੀ
ਹੁੰਡਈ ਮੋਟਰ ਇੰਡੀਆ ਲਿਮਟਿਡ (ਐੱਚ. ਐੱਮ. ਆਈ. ਐੱਲ.) ਨੇ ਕਿਹਾ ਕਿ ਫਰਵਰੀ ’ਚ ਉਸ ਦੀ ਵਿਕਰੀ ’ਚ 10.3 ਫੀਸਦੀ ਦੀ ਗਿਰਾਵਟ ਹੋਈ ਅਤੇ ਇਸ ਦੌਰਾਨ ਉਸ ਨੇ 48,910 ਗੱਡੀਆਂ ਵੇਚੀਆਂ। ਐੱਚ. ਐੱਮ. ਆਈ. ਐੱਲ. ਨੇ ਕਿਹਾ ਕਿ ਕੰਪਨੀ ਨੇ ਪਿਛਲੇ ਸਾਲ ਇਸੇ ਮਹੀਨੇ ’ਚ 54,518 ਗੱਡੀਆਂ ਵੇਚੀਆਂ ਸਨ। ਬਿਆਨ ’ਚ ਕਿਹਾ ਗਿਆ ਕਿ ਇਸ ਦੌਰਾਨ ਉਨ੍ਹਾਂ ਦੀ ਘਰੇਲੂ ਵਿਕਰੀ ’ਚ 7.2 ਫੀਸਦੀ ਦੀ ਕਮੀ ਹੋਈ ਅਤੇ ਇਹ ਫਰਵਰੀ 2019 ਦੀਆਂ 43,110 ਇਕਾਈਆਂ ਮੁਕਾਬਲੇ ਘੱਟ ਕੇ 40,010 ਇਕਾਈ ਰਹਿ ਗਈ। ਇਸੇ ਤਰ੍ਹਾਂ ਕੰਪਨੀ ਦੀ ਬਰਾਮਦ ’ਚ 22 ਫੀਸਦੀ ਦੀ ਕਮੀ ਹੋਈ ਅਤੇ ਇਹ ਇਕ ਸਾਲ ਪਹਿਲਾਂ ਦੀ 11,408 ਇਕਾਈਆਂ ਦੇ ਮੁਕਾਬਲੇ ਘੱਟ ਕੇ 8,900 ਇਕਾਈ ਰਹਿ ਗਈ।