ਰੀਅਲ ਅਸਟੇਟ ਬਾਜ਼ਾਰ ’ਚ ਛਾਈ ਨੋਟਬੰਦੀ ਦੇ ਸਮੇਂ ਵਰਗੀ ਨਿਰਾਸ਼ਾ

10/18/2019 10:42:44 AM

ਨਵੀਂ ਦਿੱਲੀ — ਸਰਕਾਰ ਵੱਲੋਂ ਮੰਦੀ ਨੂੰ ਰੋਕਣ ਅਤੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਲਿਕਵੀਡਿਟੀ ਨੂੰ ਮਜ਼ਬੂਤ ਕਰਨ ਅਤੇ ਮੰਗ ਮੁੜ ਪੈਦਾ ਕਰਨ ਦੇ ਅਨੇਕਾਂ ਉਪਰਾਲਿਆਂ ਦੇ ਬਾਵਜੂਦ ਬਿਹਤਰੀ ਦੇ ਕਿਤੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ। ਨਾਈਟ ਫਰੈਂਕ-ਫਿੱਕੀ-ਨਾਰੇਡਕੋ ਰੀਅਲ ਅਸਟੇਟ ਸੈਂਟੀਮੈਂਟ ਇੰਡੈਕਸ ਤਿਮਾਹੀ-3, 2019 ਦਾ ਤਾਜ਼ਾ ਸਰਵੇਖਣ ਦਰਸਾਉਂਦਾ ਹੈ ਕਿ ਭਾਰਤ ’ਚ ਰੀਅਲ ਅਸਟੇਟ ਦੇ ਹਿੱਤਧਾਰਕਾਂ ਦਾ ਮੌਜੂਦਾ ਮੂਡ 2019 ਦੇ ਜੁਲਾਈ-ਸਤੰਬਰ ਤਿਮਾਹੀ (ਤਿਮਾਹੀ-3, 2019) ’ਚ ਪਿਛਲੀ ਤਿਮਾਹੀ ਨਾਲੋਂ ਹੋਰ ਹੇਠਾਂ ਡਿੱਗ ਕੇ 42 ਅੰਕ ’ਤੇ ਆ ਗਿਆ ਹੈ। ਇਹ ਉਵੇਂ ਦੀ ਹੀ ਸਥਿਤੀ ਹੈ, ਜੋ ਇਸ ਤੋਂ ਪਹਿਲਾਂ 2014 ਦੀ ਪਹਿਲੀ ਤਿਮਾਹੀ ’ਚ ਚੋਣਾਂ ਤੋਂ ਪਹਿਲਾਂ ਭਾਰੀ ਅਨਿਸ਼ਚਿਤਤਾ ਅਤੇ 2016 ਦੀ ਅੰਤਿਮ ਤਿਮਾਹੀ ’ਚ ਨੋਟਬੰਦੀ ਦੀ ਮਿਆਦ ਦੌਰਾਨ ਵੇਖੀ ਗਈ ਸੀ।

ਰਿਪੋਰਟ ’ਚ ਅੱਗੇ ਸੰਕੇਤ ਦਿੱਤਾ ਗਿਆ ਹੈ ਕਿ ਅਗਲੇ 6 ਮਹੀਨਿਆਂ ਲਈ ਨਜ਼ਰੀਏ ’ਚ ਵੀ ਇਸ ਸਰਵੇ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ‘ਨਿਰਾਸ਼ਾ’ ਝਲਕ ਰਹੀ ਹੈ। ਇਹ ਸਪੱਸ਼ਟ ਸੰਕੇਤ ਹੈ ਕਿ ਕਮਰਸ਼ੀਅਲ ਸੈਕਟਰ ਭਾਰੀ ਦਬਾਅ ’ਚ ਹੈ ਪਰ ਕਮਰਸ਼ੀਅਲ ਰੀਅਲ ਅਸਟੇਟ ਸੈਕਟਰ ਪ੍ਰਤੀ ਉਤਸ਼ਾਹ ਕਾਇਮ ਹੈ, ਜਿਵੇਂ ਕ‌ਿ ਅਗਲੇ 6 ਮਹੀਨਿਆਂ ਲਈ ਨਵੇਂ ਦਫਤਰਾਂ ਦੀ ਮੰਗ ਮਜ਼ਬੂਤ ਹੈ। 50 ਤੋਂ ਉੱਪਰ ਦਾ ਅੰਕ ਬਾਜ਼ਾਰ ਪ੍ਰਤੀ ਮੂਡ ’ਚ ‘ਆਸ’ ਦਾ ਸੰਕੇਤ ਹੁੰਦਾ ਹੈ। 50 ਦਾ ਅੰਕ ‘ਸਥਿਰਤਾ’ ਜਾਂ ‘ਨਿਰਪੱਖਤਾ’ ਦਾ ਸੂਚਕ ਹੈ, ਜਦੋਂ ਕਿ 50 ਤੋਂ ਹੇਠਾਂ ਦਾ ਅੰਕ ‘ਨਿਰਾਸ਼ਾ’ ਦਾ ਭਾਵ ਦਰਸਾਉਂਦਾ ਹੈ।

ਕਮਰਸ਼ੀਅਲ ਸੈਕਟਰ ਲੰਘ ਰਿਹਾ ਦਬਾਅ ’ਚੋਂ

ਕੁੱਲ ਆਰਥਿਕ ਮੰਦੀ ਅਤੇ ਘਰੇਲੂ ਖਪਤ ਮੰਗ ’ਚ ਗਿਰਾਵਟ ਦੇ ਕਾਰਣ ਹਿੱਸੇਦਾਰਾਂ ’ਚ ਨਿਰਾਸ਼ਾ ਅਤੇ ਚਿੰਤਾ ਦਾ ਭਾਵ ਬਣਿਆ ਹੋਇਆ ਹੈ। ਐੱਨ. ਬੀ. ਐੱਫ. ਸੀ. ਦੇ ਸੰਕਟ ਕਾਰਣ ਨਿਰਮਾਤਾਵਾਂ ਦੇ ਘਟਦੇ ਕਰਜ਼ਾ ਪ੍ਰਵਾਹ ਅਤੇ ਜੂਨ ਦੀ ਤਿਮਾਹੀ ’ਚ ਅਰਥਵਿਵਸਥਾ ਦੇ 5 ਸਾਲਾਂ ’ਚ ਸਭ ਤੋਂ ਘੱਟ ਯਾਨੀ 5 ਫ਼ੀਸਦੀ ਦੇ ਪੱਧਰ ਤੱਕ ਗਿਰਾਵਟ ਨਾਲ ਮੌਜੂਦਾ ਸੈਂਟੀਮੈਂਟ ਸਕੋਰਸ ’ਤੇ ਚਹੁੰ-ਪਾਸੜ ਨਾਂਹ-ਪੱਖੀ ਅਸਰ ਹੋਇਆ ਹੈ। 2019 ਦੀ ਤੀਜੀ ਤਿਮਾਹੀ ’ਚ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਚੁੱਕੇ ਭਾਵੀ ਸੈਂਟੀਮੈਂਟ ਇੰਡੈਕਸ ਸਕੋਰ ਇਸ ਗੱਲ ਦਾ ਸਾਫ਼ ਸੰਕੇਤ ਹੈ ਕਿ ਇਹ ਕਮਰਸ਼ੀਅਲ ਸੈਕਟਰ ਦਬਾਅ ’ਚੋਂ ਲੰਘ ਰਿਹਾ ਹੈ। ਰੀਅਲ ਅਸਟੇਟ ਉਦਯੋਗ ਲਗਭਗ 3 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਮੰਦੀ ਦੀ ਮਾਰ ਝੱਲ ਰਿਹਾ ਹੈ ਅਤੇ ਬਾਕੀ, ਕਮਜ਼ੋਰ ਮੰਗ ਅਤੇ ਐੱਨ. ਬੀ. ਐੱਫ. ਸੀ. ਸੰਕਟ ਕਾਰਣ ਫੰਡਿੰਗ ਦੇ ਘਟਦੇ ਸਰੋਤਾਂ ਤੋਂ ਪੀਡ਼ਤ ਇਸ ਸੈਕਟਰ ਲਈ ਹਿੱਤਧਾਰਕਾਂ ਨੂੰ ਤੁਰੰਤ ਕੋਈ ਹੱਲ ਨਹੀਂ ਦਿਸ ਰਿਹਾ ਹੈ।

ਆਉਣ ਵਾਲੇ 6 ਮਹੀਨਿਆਂ ’ਚ ਹੋਰ ਵਿਗੜ ਸਕਦੀ ਹੈ ਸਥਿਤੀ

ਵਿੱਤੀ ਸੰਸਥਾਵਾਂ ਦਾ ਭਾਵੀ ਸੈਂਟੀਮੈਂਟ ਸਕੋਰ 51 ਵੀ ਮੋਦੀ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ ਹੈ। ਆਈ. ਐੱਲ. ਐਂਡ ਐੱਫ. ਐੱਸ. ਗਰੁੱਪ ਦੇ ਡਿਫਾਲਟ ਨਾਲ ਪੈਦਾ ਤਰਲਤਾ ਸੰਕਟ ਤੋਂ ਸਬਕ ਲੈ ਕੇ ਕਰਜ਼ਾ ਦੇਣ ਵਾਲੇ ਰੀਅਲ ਅਸਟੇਟ ਸੈਕਟਰ ਤੋਂ ਹੱਥ ਖਿੱਚਣ ਲੱਗੇ ਹਨ। 22 ਤਿਮਾਹੀਆਂ ’ਚ ਸਭ ਤੋਂ ਹੇਠਾਂ ਡਿੱਗਣ ਕਾਰਣ ਕਰਜ਼ਾ ਦੇਣ ਵਾਲੇ ਅਗਲੇ 6 ਮਹੀਨਿਆਂ ਲਈ ਸਾਵਧਾਨੀ ਵਰਤ ਰਹੇ ਹਨ। ਅਰਥਵਿਵਸਥਾ ਨੂੰ ਲੈ ਕੇ ਰੀਅਲ ਅਸਟੇਟ ਉਦਯੋਗ ਦਾ ਮੂਡ ਤੀਜੀ ਤਿਮਾਹੀ 2019 ’ਚ ਚੌਕਸੀ ਵਾਲਾ ਬਣਿਆ ਰਿਹਾ ਹੈ, ਜਿੱਥੇ 63 ਫ਼ੀਸਦੀ ਹਿੱਤਧਾਰਕਾਂ ਦਾ ਕਹਿਣਾ ਹੈ ਕਿ ਅਗਲੇ 6 ਮਹੀਨਿਆਂ ’ਚ ਆਰਥਿਕ ਹਾਲਤ ਜਿਓਂ ਦੀ ਤਿਓਂ ਰਹੇਗੀ ਜਾਂ ਹੋ ਸਕਦਾ ਹੈ ਹੋਰ ਵੀ ਜ਼ਿਆਦਾ ਖ਼ਰਾਬ ਹੋ ਜਾਵੇ।


Related News