ਇਕੋਨਮੀ ਲਈ ਚੰਗੀ ਖ਼ਬਰ, ਬਿਜਲੀ ਦੀ ਮੰਗ ਨੇ ਬਣਾਇਆ ਨਵਾਂ ਰਿਕਾਰਡ

01/20/2021 1:43:13 PM

ਨਵੀਂ ਦਿੱਲੀ- ਬਿਜਲੀ ਦੀ ਮੰਗ ਨੂੰ ਲੈ ਕੇ ਅਰਥਵਿਵਸਥਾ ਲਈ ਚੰਗੀ ਖ਼ਬਰ ਹੈ। ਬਿਜਲੀ ਮੰਤਰੀ ਆਰ. ਕੇ. ਸਿੰਘ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਅੱਜ ਸਵੇਰੇ ਬਿਜਲੀ ਦੀ ਮੰਗ 185,820 ਮੈਗਾਵਾਟ ਨੂੰ ਪਾਰ ਕਰ ਗਈ, ਜੋ ਹੁਣ ਤੱਕ ਸਭ ਤੋਂ ਜ਼ਿਆਦਾ ਹੈ। ਉੱਥੇ ਹੀ, 19 ਜਨਵਰੀ ਤੱਕ ਬਿਜਲੀ ਦੀ ਮੰਗ ਅਤੇ ਸਪਲਾਈ ਪਿਛਲੇ ਸਾਲ ਦੀ ਤੁਲਨਾ ਵਿਚ 8 ਫ਼ੀਸਦੀ ਵਧੀ ਹੈ। ਇਹ ਆਰਥਿਕ ਗਤੀਵਧੀਆਂ ਦੇ ਪਟੜੀ 'ਤੇ ਵਾਪਸੀ ਦਾ ਸੰਕੇਤ ਹੈ।

ਬਿਜਲੀ ਮੰਤਰੀ ਆਰ. ਕੇ. ਸਿੰਘ ਨੇ ਕਿਹਾ ਕਿ ਅੱਜ ਸਵੇਰੇ 9 ਵੱਜ ਕੇ 35 ਮਿੰਟ 'ਤੇ ਦੇਸ਼ ਵਿਚ ਬਿਜਲੀ ਦੀ ਮੰਗ 185820 ਮੈਗਾਵਾਟ ਨੂੰ ਪਾਰ ਕਰ ਗਈ ਜੋ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਮੰਗ ਹੈ।

ਉਨ੍ਹਾਂ ਕਿਹਾ ਕਿ ਬਿਜਲੀ ਦੀ ਵਧਦੀ ਮੰਗ ਸੌਭਾਗਿਆ ਯੋਜਨਾ ਦੀ ਸਫ਼ਲਤਾ ਦਾ ਪ੍ਰਤੀਕ ਹੈ। ਇਸ ਯੋਜਨਾ ਤਹਿਤ ਗਰੀਬਾਂ ਸਣੇ ਸਾਰੇ ਘਰਾਂ ਤੱਕ ਬਿਜਲੀ ਪਹੁੰਚਾਈ ਗਈ ਹੈ। ਵਿਸ਼ਲੇਸ਼ਕਾਂ ਨੇ ਕਿਹਾ ਕਿ ਖ਼ਪਤ ਦੇ ਅੰਕੜੇ ਦੱਸਦੇ ਹਨ ਕਿ ਤਾਲਾਬੰਦੀ ਵਿਚ ਢਿੱਲ ਤੋਂ ਬਾਅਦ ਵਪਾਰਕ ਅਤੇ ਉਦਯੋਗਿਕ ਮੰਗ ਵਿਚ ਨਿਰੰਤਰ ਸੁਧਾਰ ਹੋ ਰਿਹਾ ਹੈ। ਸਰਕਾਰ ਨੇ 25 ਮਾਰਚ ਤੋਂ ਦੇਸ਼ ਵਿਚ ਤਾਲਾਬੰਦੀ ਲਾਉਣ ਦੀ ਘੋਸ਼ਣਾ ਕੀਤੀ ਸੀ। ਦੇਸ਼ ਵਿਚ ਆਰਥਿਕ ਗਤੀਵਧੀਆ ਪ੍ਰਭਾਵਿਤ ਹੋਣ ਕਾਰਨ ਬਿਜਲੀ ਖ਼ਪਤ ਵਿਚ ਮਾਰਚ ਤੋਂ ਗਿਰਾਵਟ ਆਉਣੀ ਸ਼ੁਰੂ ਹੋ ਗਈ ਅਤੇ ਅਗਸਤ ਤੱਕ ਪ੍ਰਭਾਵਿਤ ਰਹੀ। ਸਾਲਾਨਾ ਆਧਾਰ 'ਤੇ ਬਿਜਲੀ ਦੀ ਖ਼ਪਤ ਮਾਰਚ ਵਿਚ 8.7 ਫ਼ੀਸਦੀ, ਅਪ੍ਰੈਲ ਵਿਚ 23.2 ਫ਼ੀਸਦੀ, ਮਈ ਵਿਚ 14.9 ਫ਼ੀਸਦੀ, ਜੂਨ ਵਿਚ 10.9 ਫ਼ੀਸਦੀ, ਜੁਲਾਈ ਵਿਚ 3.7 ਫ਼ੀਸਦੀ ਅਤੇ ਅਗਸਤ ਵਿਚ 1.7 ਫ਼ੀਸਦੀ ਦੀ ਗਿਰਾਵਟ ਆਈ ਸੀ।


Sanjeev

Content Editor

Related News