ਡੇਢ ਦਹਾਕੇ ਬਾਅਦ ਪਹਿਲੀ ਵਾਰ ਵਧੀ ਪਾਇਲਟਾਂ ਦੀ ਮੰਗ, ਕੰਪਨੀ ਆਫ਼ਰ ਕਰ ਰਹੀ 1 ਕਰੋੜ ਦਾ ਪੈਕੇਜ

Saturday, Dec 25, 2021 - 06:38 PM (IST)

ਡੇਢ ਦਹਾਕੇ ਬਾਅਦ ਪਹਿਲੀ ਵਾਰ ਵਧੀ ਪਾਇਲਟਾਂ ਦੀ ਮੰਗ, ਕੰਪਨੀ ਆਫ਼ਰ ਕਰ ਰਹੀ 1 ਕਰੋੜ ਦਾ ਪੈਕੇਜ

ਨਵੀਂ ਦਿੱਲੀ (ਇੰਟ.) – ਭਾਰਤੀ ਏਅਰਲਾਈਨ ਇੰਡਸਟਰੀ ’ਚ ਹਲਚਲ ਤੇਜ਼ ਹੋਣ ਵਾਲੀ ਹੈ। ਇਕ ਪਾਸੇ ਬਿੱਗਬੁਲ ਰਾਕੇਸ਼ ਝੁਨਝੁਨਵਾਲਾ ਦੇ ਨਿਵੇਸ਼ ਵਾਲੀ ਅਕਾਸਾ ਏਅਰ ਅਸਮਾਨ ’ਚ ਉਡਾਣ ਭਰਨ ਲਈ ਤਿਆਰ ਹੈ। ਉੱਥੇ ਹੀ ਦੂਜੇ ਪਾਸੇ ਜੈੱਟ ਏਅਰਵੇਜ਼ 2.0 ਵੀ ਨਵੇਂ ਅੰਦਾਜ਼ ’ਚ ਵਾਪਸੀ ਦੀ ਤਿਆਰੀ ਕਰ ਰਹੀ ਹੈ। ਦੋਵੇਂ ਏਅਰਲਾਈਨ ਨੇ ਆਪਣਾ ਕੰਮਕਾਜ ਸ਼ੁਰੂ ਕਰਨ ਤੋਂ ਪਹਿਲਾਂ ਪਾਇਲਟ ਅਤੇ ਹੋਰ ਕਰਮਚਾਰੀਆਂ ਦੀ ਹਾਇਰਿੰਗ ਤੇਜ਼ ਕਰ ਦਿੱਤੀ ਹੈ।

ਇੰਡਸਟਰੀ ਦੇ ਜਾਣਕਾਰਾਂ ਅਤੇ ਐਗਜ਼ੀਕਿਊਟਿਵਸ ਨੇ ਦੱਸਿਆ ਕਿ ਦੋਵੇਂ ਏਅਰਲਾਈਨਜ਼ ਚੰਗੇ ਅਤੇ ਤਜ਼ਰਬੇਕਾਰ ਟੈਲੈਂਟ ਨੂੰ ਹਾਇਰ ਕਰਨਾ ਚਾਹੁਣਗੀਆਂ, ਅਜਿਹੇ ’ਚ ਇੰਡੀਗੋ ਅਤੇ ਸਪਲਾਈਸਜੈੱਟ ਇਸ ਦਾ ਸ਼ਿਕਾਰ ਹੋ ਸਕਦੀਆਂ ਹਨ ਜੋ ਇਸ ਉਦਯੋਗ ’ਚ ਪਹਿਲਾਂ ਤੋਂ ਸਥਾਪਿਤ ਅਤੇ ਵਿਰੋਧੀ ਕੰਪਨੀਆਂ ਹਨ।

ਇਹ ਵੀ ਪੜ੍ਹੋ : ਆਨਲਾਇਨ ਭੁਗਤਾਨ ਨਾਲ ਸਬੰਧਿਤ RBI ਦਾ ਅਹਿਮ ਫ਼ੈਸਲਾ,ਕਾਰਡ ਟੋਕਨਾਈਜ਼ੇਸ਼ਨ ਦੀ ਤਾਰੀਖ਼ ਵਧਾਈ

ਹਾਲਾਂਕਿ ਇੰਡੀਗੋ ਅਤੇ ਸਪਾਈਸਜੈੱਟ ਦੋਹਾਂ ਨੇ ਫਿਲਹਾਲ ਆਪਣੇ ਕਰਮਚਾਰੀਆਂ ਦੇ ਕਿਸੇ ਤਰ੍ਹਾਂ ਦੀ ਹਿਜ਼ਰਤ ਦੀ ਖਬਰ ਤੋਂ ਇਨਕਾਰ ਕੀਤਾ ਹੈ। ਅਕਾਸਾ ਨੇ ਕਿਹਾ ਕਿ ਇਸ ਮਾਮਲੇ ’ਤੇ ਟਿੱਪਣੀ ਕਰਨਾ ਹਾਲੇ ਜਲਦਬਾਜ਼ੀ ਹੋਵੇਗੀ। ਉੱਥੇ ਹੀ ਜੈੱਟ ਏਅਰਵੇਜ਼ ਨੇ ਵੀ ਸਵਾਲਾਂ ਦਾ ਜਵਾਬ ਨਹੀਂ ਦਿੱਤਾ।

ਸੈਂਟਰ ਫਾਰ ਏਸ਼ੀਆ ਪੈਸੀਫਿਕ ਏਵੀਏਸ਼ਨ ’ਚ ਭਾਰਤੀ ਉਪ-ਮਹਾਦੀਪ ਦੇ ਚੀਫ ਐਗਜ਼ੀਕਿਊਟਿਵ ਕਪਿਲ ਕੌਲ ਦਾ ਮੰਨਣਾ ਹੈ ਕਿ ਅਕਾਸਾ ਵਿੱਤੀ ਸਾਲ 2022-23 ’ਚ ਆਪਣਾ ਕੰਮਕਾਜ ਸ਼ੁਰੂ ਕਰ ਦੇਵੇਗੀ। ਉੱਥੇ ਹੀ ਜੈੱਟ ਏਅਰਵੇਜ਼ 2.0 ਦੇ ਅਗਲੇ ਸਾਲ ਜੁਲਾਈ-ਸਤੰਬਰ ਤਿਮਾਹੀ ’ਚ ਆਪ੍ਰੇਸ਼ਨ ਸ਼ੁਰੂ ਕਰਨ ਦੀ ਉਮੀਦ ਹੈ। ਇਸ ਦਰਮਿਆਨ ਟਾਟਾ ਸੰਨਜ਼ ਲਿਮਟਿਡ ਵੀ ਏਅਰ ਇੰਡੀਆ ਦੀ ਕਮਾਨ ਸੰਭਾਲੇਗਾ ਅਤੇ ਇਸ ਤੋਂ ਅਗਲੇ ਸਾਲ ਏਵੀਏਸ਼ਨ ਇੰਡਸਟਰੀ ’ਚ ਮੁਕਾਬਲੇਬਾਜ਼ੀ ਤੇਜ਼ ਹੋਣ ਦੀ ਉਮੀਦ ਹੈ। ਨਾਲ ਹੀ ਇੰਡਸਟਰੀ ’ਚ ਹਾਇਰਿੰਗ ਦੀਆਂ ਸਰਗਰਮੀਆਂ ਵੀ ਤੇਜ਼ ਹੋਣਗੀਆਂ। ਇਕ ਅਨੁਮਾਨ ਮੁਤਾਬਕ ਭਾਰਤ ’ਚ ਕਰੀਬ 17,000 ਪਾਇਲਟ ਹਨ। ਕਰੀਬ ਡੇਢ ਦਹਾਕੇ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਏਵੀਏਸ਼ਨ ਇੰਡਸਟਰੀ ’ਚ ਬੂਮ ਦੇਖਿਆ ਜਾ ਰਿਹਾ ਹੈ ਅਤੇ ਪਾਇਲਟਾਂ ਦੀ ਇੰਨੀ ਜ਼ਿਆਦਾ ਮੰਗ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਅਮਰੀਕਾ : ਮਹਿੰਗੇ ਭਾਅ ਵਿਕ ਰਹੀਆਂ ਕਾਰਾਂ, ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮਿਲ ਰਹੀ ਡਿਲਿਵਰੀ

ਇੰਨੀ ਵੱਡੀ ਗਿਣਤੀ ’ਚ ਹਾਇਰਿੰਗ ਕਰਨਾ ਚੁਣੌਤੀਪੂਰਨ

ਜੇ ਕਪਿਲ ਕੌਲ ਦਾ ਅਕਾਸਾ ਏਅਰ ਅਤੇ ਜੈੱਟ ਏਅਰਵੇਜ਼ ਦੇ ਲਾਂਚ ਹੋਣ ਦੀ ਮਿਆਦ ਨੂੰ ਲੈ ਕੇ ਅਨੁਮਾਨ ਸਹੀ ਹੈ ਤਾਂ ਦੋਵੇਂ ਏਅਰਲਾਈਨ ਨੂੰ ਅਗਲੇ ਕੁੱਝ ਮਹੀਨਿਆਂ ’ਚ ਕਾਫੀ ਤੇਜ਼ੀ ਨਾਲ ਆਪਣੇ ਪਾਇਲਟ ਅਤੇ ਕੈਬਿਨ ਕਰੂ ਦੀ ਹਾਇਰਿੰਗ ਕਰਨੀ ਹੋਵੇਗੀ।

ਹਾਲਾਂਕਿ ਇੰਨੀ ਵੱਡੀ ਗਿਣਤੀ ’ਚ ਹਾਇਰਿੰਗ ਕਰਨਾ ਚੁਣੌਤੀਪੂਰਨ ਵੀ ਹੋ ਸਕਦਾ ਹੈ। ਉਦਾਹਰਣ ਲਈ ਇੰਡਸਟਰੀ ਦੇ ਪੱਧਰ ’ਤੇ ਅਜਿਹੀ ਮਿਆਰ ਹੈ ਕਿ ਜਹਾਜ਼ ਦੇ ਹਰੇਕ ਦਰਵਾਜ਼ੇ ’ਤੇ ਇਕ ਕੈਬਿਨ ਕਰੂ ਹੋਣਾ ਚਾਹੀਦਾ ਹੈ। ਅਜਿਹੇ ’ਚ ਬੋਇੰਗ 737 ਮੈਕਸ ਜਹਾਜ਼ ਲਈ ਘੱਟ ਤੋਂ ਘੱਟ 4 ਕੈਬਿਨ ਕਰੂ ਚਾਹੀਦੇ ਹਨ, ਕਿਉਂਕਿ ਇਸ ਚ 4 ਦਰਵਾਜ਼ੇ ਹੁੰਦੇ ਹਨ।

ਇਹ ਵੀ ਪੜ੍ਹੋ : ਫਰਵਰੀ ਤੱਕ 45 ਕੰਪਨੀਆਂ ਲਿਆ ਸਕਦੀਆਂ ਹਨ IPO, ਸਟਾਰਟਅੱਪ ਵੀ ਹੋਣਗੇ ਲਾਈਨ 'ਚ

ਹਾਇਰਿੰਗ ਦਾ ਵਿਰੋਧੀ ਏਅਰਲਾਈਨਜ਼ ’ਤੇ ਪਵੇਗਾ ਅਸਰ?

ਇੰਡਸਟਰੀ ਦੇ ਜਾਣਕਾਰਾਂ ਨੇ ਦੱਸਿਆ ਕਿ ਹਾਇਰਿੰਗ ਲਈ 2 ਬਦਲ ਹਨ। ਪਹਿਲਾ ਬਦਲ ਇਹ ਹੈ ਕਿ ਦੋਵੇਂ ਏਅਰਲਾਈਨਜ਼ ਬਿਲਕੁਲ ਨਵੇਂ ਲੋਕਾਂ ਨੂੰ ਹਾਇਰ ਕਰਨ, ਜੋ ਤੁਸੀਂ ਵੀ ਜਾਣਦੇ ਹੋ ਕਿ ਸੰਭਵ ਨਹੀਂ ਹੈ। ਅਜਿਹੇ ’ਚ ਦੂਜਾ ਬਦਲ ਇਹ ਹੋਵੇਗਾ ਕਿ ਕੁੱਝ ਅਜਿਹੇ ਲੋਕਾਂ ਨੂੰ ਵੀ ਹਾਇਰ ਕੀਤਾ ਜਾਵੇ, ਜੋ ਇੰਡਸਟਰੀ ’ਚ ਪਹਿਲਾਂ ਤੋਂ ਕੰਮ ਕਰ ਰਹੇ ਹਨ। ਜ਼ਾਹਰ ਹੈ ਕਿ ਇਸ ਲਈ ਇੰਡੀਗੋ ਅਤੇ ਸਪਾਈਸਜੈੱਟ ਦੇ ਪਾਇਲਟ ਅਤੇ ਕਰਮਚਾਰੀਆਂ ਨੂੰ ਲੁਭਾਇਆ ਜਾਵੇਗਾ ਕਿਉਂਕਿ ਇੰਡਸਟਰੀ ’ਚ ਇਹੀ 2 ਸਥਾਪਿਤ ਕੰਪਨੀਆਂ ਹਨ। ਦੋਵੇਂ ਏਅਰਲਾਈਨ ਇਸ ਨੂੰ ਆਨ-ਰਿਕਾਰਡ ਨਹੀਂ ਸਵੀਕਾਰ ਕਰਨਾ ਚਾਹੁੰਦੀਆਂ ਹਨ। ਹਾਲਾਂਕਿ ਇੰਡਸਟਰੀ ਦੇ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇੰਡੀਗੋ ਅਤੇ ਸਪਾਈਸਜੈੱਟ ਤੋਂ ਕਰੂ ਮੈਂਬਰ ਅਤੇ ਪਾਇਲਟ ਦਾ ਅਸਤੀਫਾ ਦੇ ਕੇ ਇਨ੍ਹਾਂ ਕੰਪਨੀਆਂ ’ਚ ਜਾਣ ਦਾ ਸਿਲਸਿਲਾ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ।

ਇਹ ਵੀ ਪੜ੍ਹੋ : ਸਪਾਈਸ ਮਨੀ ਅਤੇ ਵਨ ਮੋਬੀਕੁਇਕ ਨੂੰ ਝਟਕਾ, RBI ਨੇ ਠੋਕਿਆ ਜੁਰਮਾਨਾ

ਅਕਾਸਾ ਪਾਇਲਟਾਂ ਨੂੰ ਆਫਰ ਕਰ ਰਹੀ ਹੈ 1 ਕਰੋੜ ਦਾ ਪੈਕੇਜ

ਕਿਹਾ ਜਾ ਰਿਹਾ ਹੈ ਕਿ ਅਕਾਸਾ ਉਨ੍ਹਾਂ ਪਾਇਲਟਾਂ ਨੂੰ ਕਰੀਬ 1 ਕਰੋੜ ਦਾ ਪੈਕੇਜ ਆਫਰ ਕਰ ਰਿਹਾ ਹੈ ਜੋ ਡੈਜੀਗਨੇਟੇਡ ਐਗਜ਼ਾਮਨਰਜ਼ (ਡੀ. ਈ.) ਜਾਂ ਐਗਜ਼ਾਮਨਰਸ ਹਨ। ਡੈਜੀਗਨੇਟੇਡ ਐਗਜ਼ਾਮਨਰਸ ਇਕ ਸੀਨੀਅਰ ਪਾਇਲਟ ਹੁੰਦਾ ਹੈ ਜੋ ਦੂਜੇ ਪਾਇਲਟਾਂ ਵਾਂਗ ਜਾਂਚ ਕਰਨ ’ਚ ਸਮਰੱਥ ਹੁੰਦਾ ਹੈ, ਜਿਸ ਨਾਲ ਉਨ੍ਹਾਂ ਦੇ ਫਲਾਇੰਗ ਲਾਈਸੈਂਸ ਨੂੰ ਵੈਲਿਡ ਰੱਖਿਆ ਜਾ ਸਕੇ। ਔਸਤਨ ਇਕ ਪਾਇਲਟ ਦੀ ਜੁਆਇਨਿੰਗ ਸੈਲਰੀ 80,000 ਤੋਂ ਲੈ ਕੇ 1.2 ਲੱਖ ਰੁਪਏ ਪ੍ਰਤੀ ਮਹੀਨਾ ਤੱਕ ਹੁੰਦੀ ਹੈ ਅਤੇ ਇਹ 6 ਲੱਖ ਰੁਪਏ ਤੱਕ ਜਾ ਸਕਦੀ ਹੈ। ਉਡਾਣ ਦੌਰਾਨ ਇਕ ਪਾਇਲਟ ਜੋ ਵੀ ਵਾਧੂ ਯੋਗਤਾ ਹਾਸਲ ਕਰਦਾ ਹੈ, ਉਹ ਉਸ ਦੀ ਕਮਾਈ ਨੂੰ ਹੋਰ ਵਧਾ ਦਿੰਦੀ ਹੈ।

ਇਹ ਵੀ ਪੜ੍ਹੋ : ਸਾਲ 2021 'ਚ ਰਹੀ IPO ਦੀ ਧੂਮ, 63 ਕੰਪਨੀਆਂ ਨੇ IPO ਤੋਂ 1.18 ਲੱਖ ਕਰੋੜ ਰੁਪਏ ਇਕੱਠੇ ਕੀਤੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News