ਦਿਹਾਤੀ ਭਾਰਤ ’ਚ 60 ਫ਼ੀਸਦੀ ਘਟੀ ਸੋਨੇ ਦੀ ਮੰਗ

12/7/2019 1:58:27 AM

ਕੋਲਕਾਤਾ(ਇੰਟ.)-ਦਿਹਾਤੀ ਭਾਰਤ ’ਚ ਹਰ ਸਾਲ ਸਾਉਣੀ ਦੀਆਂ ਫਸਲਾਂ ਦੀ ਕਟਾਈ ਤੋਂ ਬਾਅਦ ਸੋਨੇ ਦੀ ਮੰਗ ’ਚ ਤੇਜ਼ੀ ਵੇਖੀ ਜਾਂਦੀ ਹੈ। ਕਿਸਾਨ ਨਿਵੇਸ਼ ਲਈ ਸੋਨੇ ਦੀ ਖਰੀਦਦਾਰੀ ਕਰਦੇ ਹਨ। ਹਾਲਾਂਕਿ ਇਸ ਸਾਲ ਦਿਹਾਤੀ ਇਲਾਕਿਆਂ ’ਚ ਨਿਵੇਸ਼ ਲਈ ਸੋਨੇ ਦੀ ਮੰਗ ’ਚ ਪਿਛਲੇ ਸਾਲ ਦੇ ਮੁਕਾਬਲੇ 50 ਤੋਂ 60 ਫ਼ੀਸਦੀ ਦੀ ਗਿਰਾਵਟ ਆਈ ਹੈ। ਮਾਨਸੂਨ ਸੀਜ਼ਨ ’ਚ ਭਾਰੀ ਬਾਰਿਸ਼ ਨਾਲ ਫਸਲਾਂ ਨੂੰ ਹੋਏ ਨੁਕਸਾਨ ਕਾਰਣ ਕਿਸਾਨਾਂ ਨੇ ਇਸ ਸਾਲ ਸੋਨੇ ਤੋਂ ਦੂਰੀ ਬਣਾਈ ਹੋਈ ਹੈ। ਉਹ ਸਿਰਫ ਵਿਆਹਾਂ ਲਈ ਸੋਨਾ ਖਰੀਦ ਰਹੇ ਹਨ ਅਤੇ ਉਹ ਵੀ ਕਾਫ਼ੀ ਘੱਟ ਮਾਤਰਾ ’ਚ। ਦੇਸ਼ ’ਚ ਸਾਲਾਨਾ 850-900 ਟਨ ਸੋਨੇ ਦੀ ਖਪਤ ਹੁੰਦੀ ਹੈ, ਜਿਸ ’ਚ ਦਿਹਾਤੀ ਭਾਰਤ ਦਾ ਲਗਭਗ 60 ਫ਼ੀਸਦੀ ਹਿੱਸਾ ਹੈ।

ਫਸਲਾਂ ਨੂੰ ਕਾਫ਼ੀ ਨੁਕਸਾਨ
ਮਹਾਰਾਸ਼ਟਰ ਦੇ ਅਕੋਲਾ ਦੇ ਇਕ ਜਿਊਲਰ ਨਿਤਿਨ ਖੰਡੇਲਵਾਲ ਨੇ ਦੱਸਿਆ ਕਿ ਭਾਰੀ ਬਾਰਿਸ਼ ਕਾਰਣ ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਕਰਨਾਟਕ ਤੇ ਪੰਜਾਬ ’ਚ ਫਸਲਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ, ਜਿਸ ਕਾਰਣ ਫਸਲ ਘਟੀ ਹੈ। ਸੋਇਆਬੀਨ ਦੀ ਫਸਲ ਨੂੰ ਖਾਸ ਤੌਰ ’ਤੇ ਕਾਫ਼ੀ ਨੁਕਸਾਨ ਪਹੁੰਚਿਆ ਹੈ। ਇਨ੍ਹਾਂ ਸਭ ਕਾਰਣਾਂ ਕਰ ਕੇ ਕਿਸਾਨ ਉਸ ਤਰ੍ਹਾਂ ਸੋਨਾ ਨਹੀਂ ਖਰੀਦ ਰਹੇ ਹਨ, ਜਿਵੇਂ ਉਹ ਹਰ ਸਾਲ ਸਾਉਣੀ ਫਸਲਾਂ ਦੀ ਕਟਾਈ ਤੋਂ ਬਾਅਦ ਖਰੀਦਦੇ ਸਨ। ਕੈਲੰਡਰ ਸਾਲ 2019 ਦੀ ਤੀਜੀ ਤਿਮਾਹੀ ’ਚ ਨਿਵੇਸ਼ ਲਈ ਸੋਨੇ ਦੀ ਮੰਗ ਪਿਛਲੇ ਸਾਲ ਦੇ ਮੁਕਾਬਲੇ 35 ਫ਼ੀਸਦੀ ਘਟ ਕੇ 22.3 ਟਨ ਰਹੀ। ਜਿਊਲਰਾਂ ਨੂੰ ਉਮੀਦ ਸੀ ਕਿ ਸਾਉਣੀ ਫਸਲਾਂ ਦੀ ਕਟਾਈ ਤੋਂ ਬਾਅਦ ਮੰਗ ’ਚ ਵਾਧਾ ਹੋਵੇਗਾ। ਖੰਡੇਲਵਾਲ ਨੇ ਦੱਸਿਆ ਕਿ ਹਾਲਾਂਕਿ ਅਜਿਹਾ ਕੁਝ ਵੀ ਨਹੀਂ ਹੋਇਆ, ਸਗੋਂ ਇਸ ਦੇ ਉਲਟ ਮੰਗ ਹੋਰ ਘਟ ਹੋ ਗਈ।

ਸੋਨੇ ਦੀਆਂ ਉੱਚੀਆਂ ਕੀਮਤਾਂ ਵੀ ਵਜ੍ਹਾ
ਸੋਨੇ ਦੀਆਂ ਉੱਚੀਆਂ ਕੀਮਤਾਂ ਵੀ ਯਕੀਨੀ ਤੌਰ ’ਤੇ ਗਾਹਕਾਂ ਨੂੰ ਸੋਨਾ ਖਰੀਦਣ ਤੋਂ ਰੋਕ ਰਹੀਆਂ ਹਨ, ਫਿਰ ਭਾਵੇਂ ਦਿਹਾਤੀ ਇਲਾਕਾ ਹੋਵੇ ਜਾਂ ਸ਼ਹਿਰੀ। ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਸੋਨੇ ਦੀ ਕੀਮਤ 22 ਫ਼ੀਸਦੀ ਚੜ੍ਹ ਚੁੱਕੀ ਹੈ। 1 ਜਨਵਰੀ ਨੂੰ ਸੋਨੇ ਦੀ ਕੀਮਤ 31,368 ਰੁਪਏ ਪ੍ਰਤੀ ਦਸ ਗ੍ਰਾਮ ਸੀ। ਅੱਜ ਇਹ ਮਾਰਕੀਟ ’ਚ 39,350 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਿਆ ਹੈ। ਆਲ ਇੰਡੀਆ ਜੈੱਮਸ ਐਂਡ ਜਿਊਲਰੀ ਡੋਮੈਸਟਿਕ ਕੌਂਸਲ ਦੇ ਚੇਅਰਮੈਨ ਅਨੰਤ ਪਦਮਨਾਭਨ ਨੇ ਦੱਸਿਆ ਕਿ ਸਿਰਫ ਦਿਹਾਤੀ ਇਲਾਕਿਆਂ ’ਚ ਹੀ ਮੰਗ ਨਹੀਂ ਘਟੀ ਹੈ, ਦੀਵਾਲੀ ਅਤੇ ਫੈਸਟਿਵ ਸੀਜ਼ਨ ਦੇ ਬਾਅਦ ਤੋਂ ਨਿਵੇਸ਼ ਲਈ ਸੋਨੇ ਦੀ ਕੁਲ ਮੰਗ ’ਚ ਹੀ ਗਿਰਾਵਟ ਆਈ ਹੈ। ਮਾਰਕੀਟ ਕਾਫ਼ੀ ਮੰਦੀ ਹੈ।

ਡਿਸਕਾਊਂਟ ’ਤੇ ਵੇਚਣ ਨੂੰ ਮਜਬੂਰ
ਮਾਰਕੀਟ ’ਚ ਘੱਟ ਮੰਗ ਕਾਰਣ ਬੁਲੀਅਨ ਡੀਲਰਸ ਨੂੰ 3 ਡਾਲਰ ਪ੍ਰਤੀ ਟਰਾਏ ਅੌਂਸ ਦੇ ਡਿਸਕਾਊਂਟ ’ਤੇ ਸੋਨਾ ਵੇਚਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ। ਰਿੱਧੀਸਿੱਧੀ ਬੁਲੀਅਨਸ ਦੇ ਡਾਇਰੈਕਟਰ ਮੁਕੇਸ਼ ਕੋਠਾਰੀ ਨੇ ਦੱਸਿਆ ਕਿ ਪਿਛਲੇ ਹਫਤੇ ਤੱਕ ਸੋਨੇ ’ਤੇ ਕਿਸੇ ਤਰ੍ਹਾਂ ਦਾ ਡਿਸਕਾਊਂਟ ਨਹੀਂ ਸੀ ਕਿਉਂਕਿ ਇਸ ਦੀਆਂ ਕੀਮਤਾਂ 37,500 ਰੁਪਏ ਪ੍ਰਤੀ ਦਸ ਗ੍ਰਾਮ ਤੱਕ ਹੇਠਾਂ ਆ ਗਈਆਂ ਸਨ। ਅਜਿਹੇ ’ਚ ਜਿਊਲਰਸ ਇਸ ਦਾ ਸਟਾਕ ਜੁਟਾ ਰਹੇ ਸਨ। ਹਾਲਾਂਕਿ ਇਸ ਹਫਤੇ ਕੀਮਤਾਂ ਫਿਰ ਤੋਂ 38,500 ਰੁਪਏ ਦੇ ਪੱਧਰ ਨੂੰ ਪਾਰ ਕਰ ਗਈਆਂ, ਜਿਸ ਨਾਲ ਦੁਬਾਰਾ ਮੰਗ ਘੱਟ ਹੋ ਗਈ।

ਸਰਕਾਰ ਕੁਝ ਕਰੇ ਤਾਂ ਸੁਧਰਨਗੇ ਹਾਲਾਤ
ਪਦਮਨਾਭਨ ਨੇ ਦੱਸਿਆ ਕਿ ਹੁਣ ਕੇਂਦਰੀ ਬਜਟ ਤੋਂ ਬਾਅਦ ਹੀ ਮੰਗ ’ਚ ਤੇਜ਼ੀ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਸੋਨਾ ਖਰੀਦਣ ਲਈ ਲੋਕਾਂ ਦੇ ਹੱਥ ’ਚ ਪੈਸਾ ਹੋਣਾ ਚਾਹੀਦਾ ਹੈ। ਜੇਕਰ ਸਰਕਾਰ ਅਰਥਵਿਵਸਥਾ ’ਚ ਜਾਨ ਫੂਕਣ ਲਈ ਬਜਟ ’ਚ ਕੁਝ ਐਲਾਨ ਕਰੇ ਤਾਂ ਸੋਨੇ ਦੀ ਮੰਗ ’ਚ ਤੇਜ਼ੀ ਆ ਸਕਦੀ ਹੈ।


Karan Kumar

Edited By Karan Kumar