ਦਿੱਲੀ ਸਰਕਾਰ ਨੇ ਕੇਂਦਰ ਨੂੰ ਮੈਡੀਕਲ ਉਪਕਰਣਾਂ ‘ਤੇ GST ਖਤਮ ਕਰਨ ਲਈ ਕਿਹਾ

Saturday, Jun 12, 2021 - 09:10 PM (IST)

ਦਿੱਲੀ ਸਰਕਾਰ ਨੇ ਕੇਂਦਰ ਨੂੰ ਮੈਡੀਕਲ ਉਪਕਰਣਾਂ ‘ਤੇ GST ਖਤਮ ਕਰਨ ਲਈ ਕਿਹਾ

ਨਵੀਂ ਦਿੱਲੀ- ਦਿੱਲੀ ਸਰਕਾਰ ਨੇ ਸ਼ਨੀਵਾਰ ਨੂੰ ਕੇਂਦਰ ਨੂੰ ਮਾਸਕ, ਸੈਨੇਟਾਈਜ਼ਰ, ਆਕਸੀਮੀਟਰ ਅਤੇ ਥਰਮਾਮੀਟਰਾਂ ‘ਤੇ ਵਸਤੂ ਤੇ ਸੇਵਾਵਾਂ ਟੈਕਸ (ਜੀ. ਐੱਸ. ਟੀ.) ਖ਼ਤਮ ਕਰਨ ਦਾ ਸੁਝਾਅ ਦਿੱਤਾ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਜੀ. ਐੱਸ. ਟੀ. ਕੌਂਸਲ ਦੀ ਬੈਠਕ ਵਿਚ ਕਿਹਾ ਕਿ ਇਹ ਉਤਪਾਦ ਕੋਵਿਡ-19 ਮਹਾਮਾਰੀ ਵਿਚਕਾਰ ਲੋਕਾਂ ਦੇ ਨਿਯਮਤ ਖਰਚੇ ਦਾ ਹਿੱਸਾ ਬਣ ਗਏ ਹਨ। ਇਸ ਲਈ ਉਨ੍ਹਾਂ ਨੂੰ ਜੀ. ਐੱਸ. ਟੀ. ਦੇ ਦਾਇਰੇ ਤੋਂ ਬਾਹਰ ਲਿਆਉਣਾ ਚਾਹੀਦਾ ਹੈ।

ਸਿਸੋਦੀਆ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਭਾਜਪਾ ਸ਼ਾਸਤ ਰਾਜ ਇਨ੍ਹਾਂ ਉਤਪਾਦਾਂ ਨੂੰ ਟੈਕਸ ਮੁਕਤ ਬਣਾਉਣ ਦੇ ਵਿਚਾਰ ਦਾ ਵਿਰੋਧ ਕਰ ਰਹੇ ਹਨ। ਇਨ੍ਹਾਂ ਉਤਪਾਦਾਂ 'ਤੇ ਟੈਕਸ ਨਾ ਖ਼ਤਮ ਕਰਨਾ ਨਾਗਰਿਕਾਂ ਦੇ ਹਿੱਤ ਦੇ ਵਿਰੁੱਧ ਹੋਵੇਗਾ। ਸਿਸੋਦੀਆ ਨੇ ਦਾਅਵਾ ਕੀਤਾ ਕਿ ਜੀ. ਐੱਸ. ਟੀ ਕੌਂਸਲ ਨੇ ਸਾਡੇ ਵਿਚੋਂ ਕਿਸੇ ਦੀ ਨਹੀਂ ਸੁਣੀ।

ਉਨ੍ਹਾਂ ਕਿਹਾ,  “ਮਾਸਕ, ਸੈਨੀਟਾਈਜ਼ਰ, ਆਕਸੀਮੀਟਰ ਅਤੇ ਥਰਮਾਮੀਟਰ ਲੋਕਾਂ ਦੇ ਰੋਜ਼ਾਨਾ ਖਰਚਿਆਂ ਦਾ ਹਿੱਸਾ ਬਣ ਗਏ ਹਨ। ਕੇਂਦਰ ਸਰਕਾਰ ਨੂੰ ਇਨ੍ਹਾਂ ਤੋਂ ਪੈਸਾ ਕਮਾਉਣ ਦੀ ਬਜਾਏ ਉਨ੍ਹਾਂ ਨੂੰ ਟੈਕਸ ਮੁਕਤ ਕਰਨਾ ਚਾਹੀਦਾ ਹੈ। ”ਮੀਟਿੰਗ ਦੌਰਾਨ ਸਿਸੋਦੀਆ ਨੇ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਸਰਕਾਰ ਉਨ੍ਹਾਂ ਨੂੰ ਰਾਹਤ ਦੇਵੇ। ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੀ ਸਥਿਤੀ ਦਾ ਜ਼ਿਕਰ ਕਰਦਿਆਂ ਸਿਸੋਦੀਆ ਨੇ ਕਿਹਾ ਕਿ ਉੱਥੇ ਮਾਮਲੇ ਵੱਧ ਰਹੇ ਹਨ, ਅਜਿਹੀ ਹੀ ਸਥਿਤੀ ਭਾਰਤ ਵਿਚ ਵੀ ਪੈਦਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਤੀਜੀ ਲਹਿਰ ਦੇ ਡਰੋਂ ਡਾਕਟਰੀ ਸਹੂਲਤਾਂ ਦਾ ਵਿਸਥਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਿੱਜੀ ਖੇਤਰ ਨੂੰ ਜਨਤਕ ਸਿਹਤ ਦੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨ ਲਈ ਕਿਹਾ ਗਿਆ ਹੈ।


author

Sanjeev

Content Editor

Related News