ਦੀਪਕ ਕੋਚਰ 19 ਸਤੰਬਰ ਤੱਕ ਈ. ਡੀ. ਦੀ ਹਿਰਾਸਤ ''ਚ ਰਹਿਣਗੇ

09/08/2020 5:21:47 PM

ਨਵੀਂ ਦਿੱਲੀ— ਨਿੱਜੀ ਖੇਤਰ ਦੀ ਆਈ. ਸੀ. ਆਈ. ਸੀ. ਆਈ. ਬੈਂਕ ਦੀ ਸਾਬਕਾ ਸੀ. ਈ. ਓ. ਚੰਦਾ ਕੋਚਰ ਦੇ ਪਤੀ ਦੀਪਕ ਕੋਚਰ 19 ਸਤੰਬਰ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਹਿਰਾਸਤ 'ਚ ਰਹਿਣਗੇ। ਈ. ਡੀ. ਨੇ 7 ਸਤੰਬਰ ਨੂੰ ਦੀਪਕ ਕੋਚਰ ਨੂੰ ਗ੍ਰਿਫਤਾਰ ਕੀਤਾ ਸੀ। ਇਹ ਗ੍ਰਿਫਤਾਰੀ ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਵੀਡਿਓਕਾਨ ਵਿਚਕਾਰ ਗੰਢਤੁੱਪ ਨਾਲ ਮਨੀ ਲਾਂਡਰਿੰਗ ਦੇ ਮਾਮਲੇ 'ਚ ਹੋਈ ਹੈ।

22 ਜਨਵਰੀ 2019 ਨੂੰ ਸੀ. ਬੀ. ਆਈ. ਨੇ ਚੰਦਾ ਕੋਚਰ ਤੇ ਉਸ ਦੇ ਪਤੀ ਦੀਪਕ ਕੋਚਰ ਅਤੇ ਵੀਡੀਓਕਾਨ ਸਮੂਹ ਦੇ ਪ੍ਰਮੋਟਰ ਵੇਣੂਗੋਪਾਲ ਧੂਤ ਅਤੇ ਉਨ੍ਹਾਂ ਦੀਆਂ ਕੰਪਨੀਆਂ- ਵੀਡੀਓਕਾਨ ਇੰਟਰਨੈਸ਼ਨਲ ਇਲੈਕਟ੍ਰਾਨਿਕਸ (ਵੀ.ਆਈ. ਈ. ਐੱਲ.) ਤੇ ਵੀਡੀਓਕਾਨ ਇੰਡਸਟਰੀਜ਼ ਲਿਮਟਿਡ (ਵੀ. ਆਈ. ਐੱਲ.) ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਧੋਖਾਧੜੀ ਤੇ ਅਪਰਾਧਿਕ ਸਾਜਿਸ਼ ਦਾ ਮਾਮਲਾ ਦਰਜ ਕੀਤਾ ਸੀ। ਐੱਫ. ਆਈ. ਆਰ. 'ਚ ਵੇਨੂਗੋਪਾਲ ਧੂਤ ਦੀ ਸੁਪਰੀਮ ਇੰਡਸਟਰੀਜ਼ ਅਤੇ ਦੀਪਕ ਕੋਚਰ ਦੀ ਕੰਪਨੀ ਨੂਪਾਵਰ ਦਾ ਨਾਂ ਵੀ ਸ਼ਾਮਲ ਸੀ। ਇਸ ਤੋਂ ਬਾਅਦ 31 ਜਨਵਰੀ ਨੂੰ ਈ. ਡੀ. ਨੇ ਚੰਦਾ ਕੋਚਰ, ਦੀਪਕ ਕੋਚਰ ਅਤੇ ਵੇਣੂਗੋਪਾਲ ਧੂਤ ਸਣੇ ਕੁਝ ਹੋਰਾਂ 'ਤੇ ਮਨੀ ਲਾਂਡਰਿੰਗ ਦਾ ਮਾਮਲਾ ਦਾਇਰ ਕੀਤਾ ਸੀ। ਦੋਸ਼ ਹੈ ਕਿ ਆਈ. ਸੀ. ਆਈ. ਸੀ. ਆਈ. ਬੈਂਕ ਨੇ ਵੀਡੀਓਕਾਨ ਸਮੂਹ ਦੀਆਂ ਕੰਪਨੀਆਂ ਨੂੰ 1875 ਕਰੋੜ ਰੁਪਏ ਦਾ ਲੋਨ ਪਾਸ ਕਰਨ ਦੇ ਕਈ ਨਿਯਮਾਂ ਨੂੰ ਨਜ਼ਰ ਅੰਦਾਜ਼ ਕੀਤਾ ਹੈ।

ਪਿਛਲੇ ਸਾਲ ਪੁੱਛਗਿੱਛ ਦੌਰਾਨ ਚੰਦਾ ਕੋਚਰ ਨੇ ਈ. ਡੀ. ਨੂੰ ਸਾਫ਼ ਕਿਹਾ ਕਿ ਉਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ, ਉਨ੍ਹਾਂ ਨੇ ਇਕੱਲੇ ਕਰਜ਼ੇ ਦੀ ਪ੍ਰਵਾਨਗੀ ਦਾ ਫੈਸਲਾ ਨਹੀਂ ਲਿਆ ਸਗੋਂ ਇਹ ਇਕ ਪ੍ਰਕਿਰਿਆ ਹੁੰਦੀ ਹੈ। ਦੀਪਕ ਕੋਚਰ ਨੇ ਵੀ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ ਹੈ। ਦੋਸ਼ ਹੈ ਕਿ ਧੂਤ ਨੇ ਆਪਣੀ ਸੁਪਰੀਮ ਐਨਰਜ਼ੀ ਰਾਹੀਂ ਦੀਪਕ ਕੋਚਰ ਦੀ ਕੰਪਨੀ ਨੂਪਾਵਰ 'ਚ ਨਿਵੇਸ਼ ਕੀਤਾ, ਬਦਲੇ 'ਚ, 1 ਮਈ 2009 ਨੂੰ ਚੰਦਾ ਕੋਚਰ ਨੇ ਆਈ. ਸੀ. ਆਈ. ਸੀ. ਆਈ. ਬੈਂਕ ਤੋਂ ਕਰਜ਼ਾ ਪਾਸ ਕੀਤਾ। ਸੀ. ਬੀ. ਆਈ. ਦਾ ਦੋਸ਼ ਹੈ ਕਿ ਨੂਪਾਵਰ ਅਤੇ ਸੁਪਰੀਮ ਐਨਰਜ਼ੀ ਦਰਮਿਆਨ ਫੰਡ ਲੈਣ-ਦੇਣ ਸਿੱਧੇ ਤੌਰ 'ਤੇ ਨਹੀਂ ਸਗੋਂ ਇਕ ਗੁੰਝਲਦਾਰ ਢੰਗ ਨਾਲ ਹੋਇਆ ਹੈ।


Sanjeev

Content Editor

Related News