ਸਪਲਾਈ ਘਟਣ ਨਾਲ ਦੁੱਧ ਦੀ ਕੀਮਤ ਵਧੀ
Wednesday, Jan 05, 2022 - 12:29 PM (IST)
ਬਿਜਨੈੱਸ ਡੈਸਕ- ਦੇਸ਼ ਦੇ ਦੁੱਧ ਉਤਪਾਦਕ ਦੁੱਧ ਦੀ ਖਰੀਦ ਦੀ ਕੀਮਤ ਵਧਣ ਨਾਲ ਖੁਸ਼ ਹੋਏ ਹਨ। ਉਧਰ ਕੰਪਨੀਆਂ 'ਤੇ ਵਾਧੇ ਦਾ ਬੋਝ ਗਾਹਕਾਂ 'ਤੇ ਪਾਉਣ ਨੂੰ ਲੈ ਕੇ ਦਬਾਅ ਵਧ ਰਿਹਾ ਹੈ। ਇਸ ਖੇਤਰ 'ਚ ਕੰਮ ਕਰ ਰਹੇ ਲੋਕਾਂ ਨੇ ਕਿਹਾ ਕਿ ਇਹ ਕੁਝ ਆਮ ਹੈ, ਕਿਉਂਕਿ ਨਵੰਬਰ ਤੋਂ ਮਾਰਚ ਤੱਕ ਚੱਲਣ ਵਾਲੇ ਸੀਜ਼ਨ ਦੌਰਾਨ ਦੁੱਧ ਦੀਆਂ ਕੀਮਤਾਂ 'ਚ ਨਰਮੀ ਆਉਂਦੀ ਹੈ, ਜਦੋਂ ਸਪਲਾਈ ਆਮ ਤੋਂ 8 ਤੋਂ 10 ਫੀਸਦੀ ਜ਼ਿਆਦਾ ਹੁੰਦੀ ਹੈ।
ਫਿਲਹਾਲ ਕਾਰੋਬਾਰ ਤੇ ਬਾਜ਼ਾਰ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਇਸ ਵਾਰ ਇਸ ਸੀਜ਼ਨ 'ਚ ਦੁੱਧ ਦੀ ਸਪਲਾਈ ਪਿਛਲੇ ਸਾਲ ਦੀ ਤੁਲਨਾ 'ਚ ਕਰੀਬ 20 ਤੋਂ 25 ਫੀਸਦੀ ਘੱਟ ਹੈ ਜਿਸ ਦੀ ਵਜ੍ਹਾ ਨਾਲ ਖਰੀਦ ਦੀਆਂ ਦਰਾਂ 'ਤੇ ਅਸਰ ਪਇਆ ਹੈ। ਇਸ ਦੇ ਨਤੀਜੇ ਵਜੋਂ ਸੂਬਾ ਡੇਅਰੀ ਸਹਿਕਾਰੀ ਕਮੇਟੀਆਂ ਤੇ ਨਿੱਜੀ ਕੰਪਨੀਆਂ ਨੇ ਜਾਂ ਤਾਂ ਖੁਦਰਾ ਦੁੱਧ ਦੇ ਭਾਅ 'ਚ ਵਾਧਾ ਕੀਤਾ ਹੈ, ਜਾਂ ਆਉਣ ਵਾਲੇ ਹਫ਼ਤਿਆਂ 'ਚ ਅਜਿਹਾ ਕਰਨ 'ਤੇ ਵਿਚਾਰ ਕਰ ਰਹੀਆਂ ਹਨ।
ਤੇਲੰਗਾਨਾ 'ਚ ਸੂਬਾ ਡੇਅਰੀ ਡਿਵੈਲਪਮੈਂਟ ਕੋਅ-ਅਪਰੇਟਿਵ ਨੇ ਦੁੱਧ ਦੀਆਂ ਕੀਮਤਾਂ 'ਚ 1 ਜਨਵਰੀ ਤੋਂ 2 ਤੋਂ 4 ਰੁਪਏ ਲੀਟਰ ਵਾਧੇ ਦੀ ਘੋਸ਼ਣਾ ਕੀਤੀ ਹੈ, ਜਦਕਿ ਕਰਨਾਟਕ 'ਚ ਵੀ ਸੂਬਾ ਸਰਕਾਰ ਕੀਮਤ ਵਧਾਉਣ 'ਤੇ ਵਿਚਾਰ ਕਰ ਰਹੀ ਹੈ। ਗਾਹਕ ਜਿੰਨਾ ਦੁੱਧ ਦਾ ਭਾਅ ਭੁਗਤਾਨ ਕਰਦੇ ਹਨ, ਉਸ 'ਚੋਂ 80 ਫੀਸਦੀ ਦੁੱਧ ਉਤਪਾਦਕਾਂ ਨੂੰ ਖਰੀਦ ਮੁੱਲ ਦੇ ਰੂਪ 'ਚ ਦਿੱਤਾ ਜਾਂਦਾ ਹੈ, ਜੋ ਖੇਤੀ ਉਤਪਾਦਾਂ 'ਚ ਸਭ ਤੋਂ ਜ਼ਿਆਦਾ ਹੈ। ਬਾਜ਼ਾਰ ਦੇ ਸੂਤਰਾਂ ਨੇ ਕਿਹਾ ਕਿ ਨਵੰਬਰ ਤੋਂ ਬਾਅਦ ਦੇਸ਼ ਭਰ 'ਚ ਗਾਂ ਦੇ ਦੁੱਧ ਦਾ ਖਰੀਦ ਮੁੱਲ 29 ਤੋਂ 30 ਰੁਪਏ ਪ੍ਰਤੀ ਲੀਟਰ ਹੈ, ਜਦਕਿ ਇਹ ਪਿਛਲੇ ਸਾਲ ਦੀ ਸਮਾਨ ਮਿਆਦ 'ਚ 26 ਤੋਂ 27 ਰੁਪਏ ਲੀਟਰ ਸੀ। ਇਸ 'ਚ 10 ਫੀਸਦੀ ਵਾਧਾ ਹੋਇਆ ਹੈ। ਉਧਰ ਮੱਝ ਦੇ ਦੁੱਧ ਦਾ ਔਸਤ ਮੁੱਲ 41 ਤੋਂ 42 ਰੁਪਏ ਲੀਟਰ ਹੈ, ਪਿਛਲੇ ਸਾਲ ਕਰੀਬ 39 ਰੁਪਏ ਲੀਟਰ ਸੀ, ਇਸ ਦੀ ਕੀਮਤ 'ਚ 5 ਤੋਂ 8 ਫੀਸਦੀ ਵਾਧਾ ਹੋਇਆ ਸੀ।
ਸਕਿਮਡ ਮਿਲਕ ਪਾਊਡਰ (ਐੱਸ.ਐੱਮ.ਪੀ.) ਦੀ ਕੀਮਤ 230 ਤੋਂ 240 ਰੁਪਏ ਕਿਲੋ ਹੈ, ਜੋ ਆਸਾਨੀ ਨਾਲ 260 ਰੁਪਏ ਕਿਲੋ ਜਾ ਸਕਦਾ ਹੈ ਪਰ ਕੋਵਿਡ ਨੂੰ ਲੈ ਕੇ ਅਨਿਸ਼ਚਿਤਤਾ ਦੇ ਕਾਰਨ ਆਉਣ ਵਾਲੇ ਮਹੀਨਿਆਂ 'ਚ ਕੀਮਤ 'ਤੇ ਲਗਾਮ ਰਹਿਣ ਦੀ ਸੰਭਾਵਨਾ ਹੈ। ਲੈਕਟਾਲਿਸ ਇੰਡੀਆ ਦੇ ਪ੍ਰਬੰਧਕ ਨਿਰਦੇਸ਼ਕ ਰਾਹੁਲ ਕੁਮਾਰ ਨੇ ਕਿਹਾ ਕਿ ਜ਼ਿਆਦਾ ਸਪਲਾਈ ਵਾਲੇ ਇਸ ਸੀਜ਼ਨ 'ਚ ਦੁੱਧ ਦੀ ਸਪਲਾਈ ਨਿਸ਼ਚਿਤ ਰੂਪ ਨਾਲ ਪਿਛਲੇ ਸਾਲ ਤੋਂ ਘੱਟ ਹੈ। ਇਸ 'ਚ ਕਿਸਾਨਾਂ ਵਲੋਂ ਜਾਨਵਰ 'ਤੇ ਘੱਟ ਨਿਵੇਸ਼, ਮਈ ਤੇ ਜੂਨ 'ਚ ਤਾਲਾਬੰਦੀ ਤੇ ਚਾਰੇ ਦੀ ਘਾਟ ਆਦਿ ਵਰਗੇ ਕਾਰਨ ਸ਼ਾਮਲ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।