ਜਿਓ, ਏਅਰਟੈੱਲ ਦੀ ਜੰਗ ''ਚ ਗਾਹਕਾਂ ਦੀ ਹੋਵੇਗੀ ਮੌਜ, ਸਸਤਾ ਮਿਲੇਗਾ ਡਾਟਾ!

Thursday, May 03, 2018 - 12:33 PM (IST)

ਜਿਓ, ਏਅਰਟੈੱਲ ਦੀ ਜੰਗ ''ਚ ਗਾਹਕਾਂ ਦੀ ਹੋਵੇਗੀ ਮੌਜ, ਸਸਤਾ ਮਿਲੇਗਾ ਡਾਟਾ!

ਨਵੀਂ ਦਿੱਲੀ— ਭਾਰਤੀ ਏਅਰਟੈੱਲ ਲਈ ਅਗਲੇ 12 ਮਹੀਨੇ ਮੁਸ਼ਕਲ ਵਾਲੇ ਹੋ ਸਕਦੇ ਹਨ ਕਿਉਂਕਿ ਬਾਜ਼ਾਰ ਹਿੱਸੇਦਾਰੀ ਹਾਸਲ ਕਰਨ ਲਈ ਰਿਲਾਇੰਸ ਜਿਓ ਲਗਾਤਾਰ ਆਪਣੇ ਡਾਟਾ ਪੈਕਸ ਨੂੰ ਘੱਟ ਕੀਮਤਾਂ 'ਤੇ ਉਪਲੱਬਧ ਕਰਾ ਰਿਹਾ ਹੈ। ਉੱਥੇ ਹੀ ਏਅਰਟੈੱਲ ਵੀ ਗਾਹਕਾਂ ਨੂੰ ਆਕਰਸ਼ਕ ਕਰਨ 'ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦਾ ਪਰ ਅਜਿਹਾ ਕਰਨ ਨਾਲ ਉਸ ਦੇ ਮੁਨਾਫੇ 'ਤੇ ਅਸਰ ਪਵੇਗਾ। ਹਾਲਾਂਕਿ ਜਿਓ, ਏਅਰਟੈੱਲ ਦੀ ਜੰਗ 'ਚ ਗਾਹਕਾਂ ਦੀ ਮੌਜ ਹੋਵੇਗੀ, ਜਿਸ ਨਾਲ ਭਾਰਤ 'ਚ ਡਾਟਾ ਪੈਕਸ ਹੋਰ ਸਸਤੇ ਹੋ ਸਕਦੇ ਹਨ। ਬਾਜ਼ਾਰ ਮਾਹਰਾਂ ਮੁਤਾਬਕ ਜਿਓ, ਭਾਰਤੀ ਏਅਰਟੈੱਲ ਤੋਂ ਤਿੰਨ ਤਰ੍ਹਾਂ ਨਾਲ ਅੱਗੇ ਹੈ। ਪਹਿਲਾ, ਜਿਓ ਦਾ ਨਵਾਂ ਅਤੇ ਸਿਰਫ 4ਜੀ ਨੈੱਟਵਰਕ ਹੈ, ਜਿਸ ਦੀ ਸੰਚਾਲਨ ਲਾਗਤ ਕਾਫੀ ਘੱਟ ਹੈ। ਦੂਜਾ, ਇਸ ਲਾਭ ਦੀ ਵਜ੍ਹਾ ਨਾਲ ਉਹ ਡਾਟਾ ਪੈਕਸ 'ਤੇ ਕੀਮਤਾਂ ਦੀ ਖੇਡ ਭਾਰਤੀ ਏਅਰਟੈੱਲ ਦੇ ਮੁਕਾਬਲੇ ਜ਼ਿਆਦਾ ਬਿਹਤਰ ਤਰੀਕੇ ਨਾਲ ਖੇਡ ਸਕਦਾ ਹੈ ਅਤੇ ਇਸ ਖੇਡ 'ਚ ਉਸ ਦੇ ਮੁਨਾਫੇ 'ਚ ਏਅਰਟੈੱਲ ਜਿੰਨੀ ਕਮੀ ਨਹੀਂ ਆਵੇਗੀ। ਤੀਜਾ, ਰਿਲਾਇੰਸ ਇੰਡਸਟਰੀਜ਼ ਤੇਲ ਅਤੇ ਗੈਸ ਕਾਰੋਬਾਰ ਤੋਂ ਹੋਣ ਵਾਲੇ ਮੁਨਾਫੇ ਦੀ ਬਦੌਲਤ ਆਪਣੇ ਅੰਦਰੂਨੀ ਫੰਡ ਨਾਲ ਅਤੇ ਘੱਟ ਵਿਆਜ ਦਰਾਂ 'ਤੇ ਕਰਜ਼ਾ ਉਠਾ ਸਕਦਾ ਹੈ। ਭਾਰਤੀ ਏਅਰਟੈੱਲ ਕੋਲ ਇਹ ਬਦਲ ਨਹੀਂ ਹੈ। ਜੇਕਰ ਜਿਓ ਆਈ. ਪੀ. ਓ. ਲੈ ਆਉਂਦਾ ਹੈ, ਤਾਂ ਉਸ ਨਾਲ ਕੰਪਨੀ 'ਤੇ ਕਰਜ਼ੇ ਦਾ ਭਾਰ ਕਾਫੀ ਘੱਟ ਹੋ ਸਕਦਾ ਹੈ।

ਏਅਰਟੈੱਲ 4ਜੀ ਨੈੱਟਵਰਕ ਕਰੇਗਾ ਸਟ੍ਰਾਂਗ-
ਉੱਥੇ ਹੀ, ਏਅਰਟੈੱਲ ਇਸ ਮੁਕਾਬਲੇ 'ਚ ਜਿੱਤਣ ਲਈ ਇਸ ਸਾਲ ਆਪਣੇ ਨੈੱਟਵਰਕ (2ਜੀ, 3ਜੀ) ਨੂੰ 4ਜੀ ਐੱਲ. ਟੀ. ਈ. 'ਤੇ ਅਪਗ੍ਰੇਡ ਕਰਨ ਅਤੇ ਵੀ. ਓ. ਐੱਲ. ਟੀ. ਈ. 'ਚ ਸਮਰੱਥ ਬਣਾਉਣ ਲਈ ਚਾਲੂ ਮਾਲੀ ਵਰ੍ਹੇ 'ਚ 240 ਅਰਬ ਰੁਪਏ ਤੋਂ ਵਧ ਨਿਵੇਸ਼ ਕਰ ਰਿਹਾ ਹੈ। ਕੰਪਨੀ 4ਜੀ ਐੱਲ. ਟੀ. ਈ. ਦਾ ਵੱਖ-ਵੱਖ ਮਹਾਨਗਰਾਂ 'ਚ ਪ੍ਰੀਖਣ ਕਰ ਰਹੀ ਹੈ। ਕੰਪਨੀ ਨੇ ਪਿਛਲੇ ਸਾਲ ਵੀ 160 ਅਰਬ ਰੁਪਏ ਦਾ ਨਿਵੇਸ਼ ਕੀਤਾ ਸੀ। ਹਾਲਾਂਕਿ ਜ਼ਿਆਦਾਤਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਏਅਰਟੈੱਲ ਨੂੰ 4ਜੀ ਦਾ ਕਵਰੇਜ ਜਿਓ ਦੇ ਬਰਾਬਰ ਕਰਨ ਅਤੇ ਵੀ. ਓ. ਐੱਲ. ਟੀ. ਈ. ਸ਼ੁਰੂ ਕਰਨ 'ਚ ਤਕਰੀਬਨ 12 ਮਹੀਨੇ ਲੱਗਣਗੇ। ਇਕ ਰਿਸਰਚ ਕੰਪਨੀ ਮੁਤਾਬਕ ਮੌਜੂਦਾ ਸਮੇਂ ਏਅਰਟੈੱਲ ਦਾ 4ਜੀ ਕਵਰੇਜ 66 ਫੀਸਦੀ ਹੈ, ਜਦੋਂ ਕਿ ਜਿਓ ਦਾ 4ਜੀ ਕਵਰੇਜ 96 ਫੀਸਦੀ ਹੈ। 4ਜੀ ਐੱਲ. ਟੀ. ਈ. 'ਤੇ ਪੂਰੀ ਤਰ੍ਹਾਂ ਅਪਗ੍ਰੇਡ ਹੋਣ ਨਾਲ ਏਅਰਟੈੱਲ ਨੂੰ ਜਿਓ ਨਾਲ ਮੁਕਾਬਲਾ ਕਰਨ 'ਚ ਮਦਦ ਮਿਲੇਗੀ ਕਿਉਂਕਿ ਇਸ ਤਕਨੀਕ ਨਾਲ ਏਅਰਟੈੱਲ ਦੀ ਸੰਚਾਲਨ ਲਾਗਤ ਘੱਟ ਹੋ ਜਾਵੇਗੀ, ਜਿਸ ਦਾ ਫਾਇਦਾ ਉਠਾ ਕੇ ਉਹ ਗਾਹਕਾਂ ਨੂੰ ਜ਼ਿਆਦਾ ਆਕਰਸ਼ਕ ਕਰ ਸਕੇਗਾ।


Related News