6 ਦਿਨਾਂ ''ਚ ਖਰਾਬ ਹੋਈ ਕੰਨਾਂ ਵਾਲੀ ਮਸ਼ੀਨ, ਹੁਣ ਜੈਨ ਮੈਡੀਕਲ ਸਟੋਰ ਦੇਵੇਗਾ ਹਰਜਾਨਾ
Wednesday, Mar 14, 2018 - 10:50 PM (IST)

ਦੁਰਗ (ਇੰਟ.)-ਗੰਜਪਾਰਾ ਨਿਵਾਸੀ 93 ਸਾਲਾ ਸੀਨੀਅਰ ਸਿਟੀਜ਼ਨ ਲਕਸ਼ਮੀ ਨਾਰਾਇਣ ਰਾਠੀ ਦੀ ਨਵੀਂ ਕੰਨਾਂ ਵਾਲੀ ਮਸ਼ੀਨ ਖਰਾਬ ਹੋ ਗਈ, ਜਿਸ 'ਤੇ ਜ਼ਿਲਾ ਖਪਤਕਾਰ ਫੋਰਮ ਨੇ ਜੈਨ ਮੈਡੀਕਲ ਸਟੋਰ ਦੇ ਮਾਲਕ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਸ ਨੂੰ ਹਰਜਾਨਾ ਦੇਣ ਦੇ ਹੁਕਮ ਦਿੱਤਾ।
ਕੀ ਹੈ ਮਾਮਲਾ
ਸੀਨੀਅਰ ਸਿਟੀਜ਼ਨ ਲਕਸ਼ਮੀ ਨਾਰਾਇਣ ਰਾਠੀ ਨੂੰ ਘੱਟ ਸੁਣਾਈ ਦਿੰਦਾ ਸੀ, ਜਿਸ ਕਾਰਨ ਉਸ ਨੇ 7 ਜੁਲਾਈ 2016 ਨੂੰ ਜੈਨ ਮੈਡੀਕਲ ਸਟੋਰ ਤੋਂ 2100 ਰੁਪਏ 'ਚ ਕੰਨਾਂ ਵਾਲੀ ਮਸ਼ੀਨ ਖਰੀਦੀ। ਉਹ 6 ਦਿਨਾਂ 'ਚ ਖਰਾਬ ਹੋ ਗਈ। ਮਸ਼ੀਨ ਦੇ ਖਰਾਬ ਹੋਣ ਨਾਲ ਉਸ ਨੂੰ ਕਾਫੀ ਮਾਨਸਿਕ ਪ੍ਰੇਸ਼ਾਨੀ ਹੋਈ। ਉਸ ਨੇ ਦੁਕਾਨ 'ਚ ਮਸ਼ੀਨ ਖਰਾਬ ਹੋਣ ਦੀ ਸ਼ਿਕਾਇਤ ਕੀਤੀ ਪਰ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ। ਵਕੀਲ ਰਾਹੀਂ ਲੀਗਲ ਨੋਟਿਸ ਭੇਜਿਆ ਗਿਆ ਪਰ ਫਿਰ ਵੀ ਉਸ ਨੇ ਧਿਆਨ ਨਹੀਂ ਦਿੱਤਾ। ਪ੍ਰੇਸ਼ਾਨ ਹੋ ਕੇ ਖਪਤਕਾਰ ਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ।
ਇਹ ਕਿਹਾ ਫੋਰਮ ਨੇ
ਜ਼ਿਲਾ ਖਪਤਕਾਰ ਫੋਰਮ ਦੀ ਪ੍ਰਧਾਨ ਮੈਤ੍ਰੇਯੀ ਮਾਥੁਰ, ਮੈਂਬਰ ਰਾਜੇਂਦਰ ਪਾਧਯੇ ਅਤੇ ਲਤਾ ਚੰਦਰਾਕਰ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੈਨ ਮੈਡੀਕਲ ਸਟੋਰ ਦੇ ਪ੍ਰੋਪਰਾਈਟਰ ਰਾਜੇਸ਼ ਜੈਨ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਸ ਨੂੰ ਕੁੱਲ 37100 ਰੁਪਏ ਹਰਜਾਨਾ ਇਕ ਮਹੀਨੇ ਦੇ ਅੰਦਰ ਦੇਣ ਦਾ ਹੁਕਮ ਦਿੱਤਾ ਹੈ। ਹਰਜਾਨੇ ਦੀ ਰਾਸ਼ੀ 'ਚ ਮਸ਼ੀਨ ਦੀ ਕੀਮਤ 2100 ਰੁਪਏ, ਮਾਨਸਿਕ ਪ੍ਰੇਸ਼ਾਨੀ ਲਈ 25000 ਤੇ 10,000 ਅਦਾਲਤੀ ਖਰਚ ਸ਼ਾਮਲ ਹੈ।