ਰਸੋਈ ਦਾ ਬਜਟ ਵਿਗਾੜੇਗੀ ਇਹ ਦਾਲ, ਇਕੋ ਦਿਨ 'ਚ ਵਧਿਆ 25 ਰੁ: ਮੁੱਲ

Friday, Oct 16, 2020 - 07:13 PM (IST)

ਰਸੋਈ ਦਾ ਬਜਟ ਵਿਗਾੜੇਗੀ ਇਹ ਦਾਲ, ਇਕੋ ਦਿਨ 'ਚ ਵਧਿਆ 25 ਰੁ: ਮੁੱਲ

ਨਵੀਂ ਦਿੱਲੀ— ਕੋਰੋਨਾ ਕਾਲ 'ਚ ਰਸੋਈ ਦਾ ਬਜਟ ਵਿਗੜਦਾ ਹੀ ਜਾ ਰਿਹਾ ਹੈ। ਪਹਿਲਾਂ ਤੋਂ ਹੀ ਸਬਜ਼ੀਆਂ ਦੇ ਤੇਵਰ ਤਿੱਖੇ ਹਨ ਅਤੇ ਉੱਥੇ ਹੀ ਹੁਣ ਦਾਲਾਂ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹਨ। ਅਰਹਰ ਦਾਲ ਦੀਆਂ ਕੀਮਤਾਂ 100 ਰੁਪਏ ਤੋਂ ਪਾਰ ਪਹੁੰਚ ਗਈਆਂ ਹਨ। ਉਥੇ ਹੀ ਚੰਗੀ ਕਿਸਮ ਦੀ ਅਰਹਰ ਦਾਲ 125 ਰੁਪਏ ਕਿਲੋ ਵਿਕ ਰਹੀ ਹੈ। 15 ਅਕਤੂਬਰ ਦੇ ਮੁਕਾਬਲੇ ਅੱਜ ਰੀਵਾ 'ਚ ਅਰਹਰ ਦਾਲ 80 ਤੋਂ 125 ਰੁਪਏ ਕਿਲੋ ਪਹੁੰਚ ਗਈ ਹੈ।

ਇਕ ਦਿਨ 'ਚ ਇੰਨਾ ਵਾਧਾ ਹੋਇਆ ਹੈ ਕਿ ਆਮ ਜਨਤਾ ਸੋਚਣ ਲਈ ਮਜਬੂਰ ਹੈ ਕਿ ਉਹ ਕੀ ਖਾਵੇ ਤੇ ਕੀ ਖਰੀਦੇ। ਚੰਡੀਗੜ੍ਹ 'ਚ ਇਹ ਦਾਲ 17 ਰੁਪਏ ਮਹਿੰਗੀ ਹੋਈ ਹੈ ਅਤੇ 100 ਰੁਪਏ ਕਿਲੋ ਵਿਕ ਰਹੀ ਹੈ। ਖ਼ਪਤਕਾਰ ਮੰਤਰਾਲਾ ਦੀ ਵੈੱਬਸਾਈਟ ਮੁਤਾਬਕ, ਹਾਲਾਂਕਿ ਜ਼ਿਆਦਾਤਰ ਸ਼ਹਿਰਾਂ 'ਚ ਅਰਹਰ ਦਾਲ ਦੇ ਮੁੱਲ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਹੋਰ ਦਾਲਾਂ ਦੀ ਗੱਲ ਕਰੀਏ ਤਾਂ ਇਸ ਦੌਰਾਨ ਛੋਲਿਆਂ ਦੀ ਦਾਲ 'ਚ 2 ਤੋਂ 10 ਰੁਪਏ, ਮਾਂਹ ਦੀ ਦਾਲ 'ਚ 2 ਤੋਂ 19 ਰੁਪਏ ਅਤੇ ਮਸਰ ਦਾਲ 'ਚ ਇਕ ਤੋਂ 20 ਰੁਪਏ ਦਾ ਉਛਾਲ ਦੇਖਿਆ ਜਾ ਰਿਹਾ ਹੈ।

ਕੀਮਤਾਂ ਵਧਣ ਦੀ ਵਜ੍ਹਾ
ਦਾਲ ਦੀਆਂ ਕੀਮਤਾਂ ਨੂੰ ਕਾਬੂ 'ਚ ਰੱਖਣ ਲਈ ਸਰਕਾਰ ਨੇ ਅਰਹਰ ਦਾਲ ਨੂੰ ਵਿਦੇਸ਼ਾਂ ਤੋਂ ਖਰੀਦਣ ਦੀ ਮਨਜ਼ੂਰੀ ਵੀ ਦੇ ਦਿੱਤੀ ਹੈ। ਬਾਵਜੂਦ ਇਸ ਦੇ ਇਕ ਹੀ ਦਿਨ 'ਚ ਦਾਲ ਦੀ ਕੀਮਤ 20 ਫੀਸਦੀ ਤੱਕ ਵਧ ਗਈ। ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰ ਵਲੋਂ ਮਿਲੀ ਦਰਾਮਦ ਦੀ ਮਨਜ਼ੂਰੀ ਤੋਂ ਬਾਅਦ ਮਿਆਂਮਾਰ 'ਚ ਇਸ ਦੀਆਂ ਕੀਮਤਾਂ 'ਚ ਤੇਜ਼ ਉਛਾਲ ਆਇਆ ਹੈ। ਸਿਰਫ ਇਕ ਦਿਨ 'ਚ ਉੱਥੇ ਇਸ ਦੀ ਕੀਮਤ 20 ਫੀਸਦੀ ਤੋਂ ਜ਼ਿਆਦਾ ਉਛਲ ਗਈ ਹੈ।

ਇਕ ਰਿਪੋਰਟ ਮੁਤਾਬਕ ਦਰਾਮਦਕਾਰਾਂ ਨੂੰ ਅਰਹਰ ਦਾਲ ਦੀ ਦਰਾਮਦ ਲਈ ਬਹੁਤ ਘੱਟ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਨੂੰ ਸਿਰਫ 32 ਦਿਨ ਦੇ ਅੰਦਰ ਇਸ ਦੀ ਦਰਾਮਦ ਕਰਨੀ ਹੈ। ਵਪਾਰੀਆਂ ਅਤੇ ਦਾਲਾਂ ਦੇ ਪ੍ਰੋਸੈਸਰਸ ਦਾ ਕਹਿਣਾ ਹੈ ਕਿ ਸਰਕਾਰ ਜਦੋਂ ਤੱਕ ਸਟਾਕ 'ਚ ਰੱਖੀਆਂ ਗਈਆਂ ਦਾਲਾਂ ਦੀ ਵਿਕਰੀ ਨਹੀਂ ਵਧਾਉਂਦੀ, ਘਰੇਲੂ ਬਾਜ਼ਾਰ 'ਚ ਇਸ ਦੀਆਂ ਕੀਮਤਾਂ 'ਚ ਤੇਜ਼ੀ ਜਾਰੀ ਰਹੇਗੀ। ਉੱਥੇ ਹੀ, ਦੇਸ਼ 'ਚ ਅਰਹਰ ਦਾਲ ਪ੍ਰੋਸੈਸਿੰਗ ਦੇ ਇਕ ਪ੍ਰਮੁੱਖ ਕੇਂਦਰ ਅਕੋਲਾ 'ਚ ਇਸ ਦਾ ਥੋਕ ਮੁੱਲ 125 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਡਿੱਗ ਕੇ 105 ਰੁਪਏ ਕਿਲੋਗ੍ਰਾਮ 'ਤੇ ਆ ਗਿਆ ਹੈ।


author

Sanjeev

Content Editor

Related News