ਮੁਕੇਸ਼ ਅੰਬਾਨੀ ਦੀ ਰਿਲਾਇੰਸ ਨੂੰ ਟੱਕਰ ਦੇਣ ਦੀ ਤਿਆਰੀ ’ਚ D-Mart

08/19/2022 11:31:23 AM

ਨਵੀਂ ਦਿੱਲੀ (ਇੰਟ.) – ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀਆਂ ’ਚ ਸ਼ਾਮਲ ਮੁਕੇਸ਼ ਅੰਬਾਨੀ ਦੀ ਰਿਟੇਲ ਕੰਪਨੀ ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ ਨੂੰ ਸ਼ੇਅਰ ਬਾਜ਼ਾਰ ਨਿਵੇਸ਼ਕ ਤੋਂ ਕਾਰੋਬਾਰੀ ਬਣੇ ਰਾਧਾਕ੍ਰਿਸ਼ਨ ਦਮਾਨੀ ਦੇ ਡੀਮਾਰਟ ਨੇ ਟੱਕਰ ਦੇਣ ਦਾ ਵੱਡਾ ਪਲਾਨ ਬਣਾਇਆ ਹੈ। ਰਿਪੋਰਟ ਮੁਤਾਬਕ ਡੀਮਾਰਟ ਆਪਣੇ ਰਿਟੇਲ ਸਟੋਰ ਦੀ ਗਿਣਤੀ 5 ਗੁਣਾ ਵਾਧਾ ਕਰਨ ਦੀ ਯੋਜਨਾ ’ਤੇ ਕੰਮ ਕਰ ਰਿਹਾ ਹੈ, ਜਿਸ ਨਾਲ ਰਿਟੇਲ ਸੈਕਟਰ ’ਚ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਰਿਟੇਲ ਨੂੰ ਸਖਤ ਚੁਣੌਤੀ ਦਿੱਤੀ ਜਾ ਸਕੇ।

ਡੀਮਾਰਟ ਦੀ ਆਪ੍ਰੇਟਿੰਗ ਕਰਨ ਵਾਲੀ ਕੰਪਨੀ ਐਵੇਨਿਊ ਸੁਪਰਮਾਰਟਸ ਲਿਮਟਿਡ ਮੌਜੂਦਾ ਸਮੇਂ ’ਚ ਦੇਸ਼ ਦੀ ਚੌਥੀ ਸਭ ਤੋਂ ਰਿਟੇਲ ਚੇਨ ਕੰਪਨੀ ਹੈ। ਕੰਪਨੀ ਦੇ ਸੀ. ਈ. ਓ. ਨੇਵਿਲ ਨੋਰੋਨਹਾ ਨੇ ਇਕ ਇੰਟਰਵਿਊ ’ਚ ਕਿਹਾ ਕਿ ਸਾਡੇ ਕੋਲ ਪੂਰੇ ਦੇਸ਼ ਭਰ ’ਚ ਮੌਜੂਦਾ ਸਮੇਂ ’ਚ 284 ਰਿਟੇਲ ਸਟੋਰ ਹਨ। ਸਾਡਾ ਟੀਚਾ ਭਵਿੱਖ ’ਚ ਇਨ੍ਹਾਂ ਦੀ ਗਿਣਤੀ ਵਧਾ ਕੇ 1500 ਕਰਨ ਦਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਦੀ ਟਾਈਮਲਾਈਨ ਅਤੇ ਨਿਵੇਸ਼ ਨੂੰ ਲੈ ਕੇ ਕੁੱਝ ਨਹੀਂ ਕਿਹਾ।

ਰਿਟੇਲ ਸੈਕਟਰ ’ਚ ਗ੍ਰੋਥ ਨੂੰ ਲੈ ਕੇ ਨੋਰੋਨਹਾ ਨੇ ਕਿਹਾ ਕਿ ਫਿਲਹਾਲ ਰਿਟੇਲ ਸੈਕਟਰ ’ਚ ਸਾਰੀਆਂ ਕੰਪਨੀਆਂ ਮੁਕਾਬਲੇਬਾਜ਼ੀ ਦੀ ਚਿੰਤਾ ਕੀਤੇ ਬਿਨਾਂ ਆਸਾਨੀ ਨਾਲ ਆਪਣੇ-ਆਪਣੇ ਕਾਰੋਬਾਰ ਦਾ ਵਿਸਤਾਰ ਕਰ ਰਹੀਆਂ ਹਨ। ਆਉਣ ਵਾਲੇ 20 ਸਾਲਾਂ ਤੱਕ ਇਸ ਸੈਕਟਰ ’ਚ ਸਾਨੂੰ ਇਸ ਦੀ ਚਿੰਤਾ ਕਰਨ ਦੀ ਵੀ ਲੋੜ ਨਹੀਂ ਹੈ ਕਿਉਂਕਿ ਗ੍ਰੋਥ ਲਈ ਸਾਡੇ ਸਾਰਿਆਂ ਕੋਲ ਬਹੁਤ ਥਾਂ ਹੈ।

ਤੇਜ਼ੀ ਨਾਲ ਵਿਸਤਾਰ ਕਰ ਰਹੇ ਹਨ ਰਿਲਾਇੰਸ ਅਤੇ ਡੀਮਾਰਟ

ਡੀਮਾਰਟ ਅਤੇ ਰਿਲਾਇੰਸ ਦੋਵੇਂ ਹੀ ਰਿਟੇਲ ਸੈਕਟਰ ’ਚ ਵੱਡੀ ਯੋਜਨਾ ’ਤੇ ਕੰਮ ਕਰ ਰਹੇ ਹਨ। ਮੌਜੂਦਾ ਸਮੇਂ ’ਚ ਡੀਮਾਰਟ ਦੀ ਸਥਿਤੀ ਇਕ ਰਿਜ਼ਨਲ ਰਿਟੇਲ ਕੰਪਨੀ ਦੀ ਹੈ, ਜਿਸ ਦੀ ਸਾਰੀ ਆਪ੍ਰੇਟਿੰਗ ਮਹਾਰਾਸ਼ਟਰ ਅਤੇ ਕੁੱਝ ਸੂਬਿਆਂ ’ਚ ਸਿਮਟੀ ਹੋਈ ਹੈ ਜਦ ਕਿ ਰਿਲਾਇੰਸ ਦਾ ਕਾਰੋਬਾਰ ਪੂਰੇ ਦੇਸ਼ ਭਰ ’ਚ ਫੈਲਿਆ ਹੋਇਆ ਹੈ। ਰਿਲਾਇੰਸ ਦੀ ਐਨੁਅਲ ਰਿਪੋਰਟ ਮੁਤਾਬਕ ਵਿੱਤੀ ਸਾਲ 2021-22 ’ਚ ਕੰਪਨੀ ਨੇ ਕੁੱਲ 2500 ਨਵੇਂ ਰਿਟੇਲ ਸਟੋਰ ਖੋਲ੍ਹੇ ਸਨ। ਇਸ ਤੋਂ ਬਾਅਦ ਕੰਪਨੀ ਦੇ ਕੁੱਲ ਰਿਟੇਲ ਸਟੋਰ ਦੀ ਗਿਣਤੀ ਵਧ ਕੇ 15,196 ਹੋ ਗਈ ਹੈ। ਦੂਜੇ ਪਾਸੇ ਡੀਮਾਰਟ ਨੇ ਪਿਛਲੇ ਵਿੱਤੀ ਸਾਲ ’ਚ 50 ਸਟੋਰ ਖੋਲ੍ਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਦੇ ਕੁੱਲ ਸਟੋਰ ਦੀ ਗਿਣਤੀ ਵਧ ਕੇ 284 ਹੋ ਗਈ ਹੈ। ਰਿਲਾਇੰਸ ਵਾਂਗ ਡੀਮਾਰਟ ਵੀ ਈ-ਕਾਮਰਸ ਬਿਜ਼ਨੈੱਸ ’ਤੇ ਫੋਕਸ ਕਰ ਰਿਹਾ ਹੈ।

ਦੱਸ ਦਈਏ ਕਿ ਡੀਮਾਰਟ ਦੀ ਸਥਾਪਨਾ 68 ਸਾਲਾਂ ਰਾਧਾਕ੍ਰਿਸ਼ਨ ਦਮਾਨੀ ਨੇ 2002 ’ਚ ਕੀਤੀ ਸੀ। 2017 ’ਚ ਕੰਪਨੀ ਦਾ ਆਈ. ਪੀ. ਓ. ਆਇਆ ਸੀ, ਜਿਸ ਨੂੰ ਨਿਵੇਸ਼ਕਾਂ ਦਾ ਜ਼ਬਰਦਸਤ ਸਮਰਥਨ ਮਿਲਿਆ ਸੀ। 2017 ਤੋਂ ਬਾਅਦ ਡੀਮਾਰਟ ਦਾ ਸ਼ੇਅਰ 1,370 ਫੀਸਦੀ ਤੋਂ ਵੱਧ ਰਿਟਰਨ ਦੇ ਚੁੱਕਾ ਹੈ।


Harinder Kaur

Content Editor

Related News