‘ਦੀਵਾਲੀ ’ਤੇ ਗਾਹਕਾਂ ਨੂੰ ਰਾਹਤ ਪਰ ਪੈਟਰੋਲ ਪੰਪ ਚਲਾਉਣ ਵਾਲਿਆਂ ਦਾ ਨਿਕਲਿਆ ਦਿਵਾਲਾ’

Saturday, Nov 06, 2021 - 11:13 AM (IST)

‘ਦੀਵਾਲੀ ’ਤੇ ਗਾਹਕਾਂ ਨੂੰ ਰਾਹਤ ਪਰ ਪੈਟਰੋਲ ਪੰਪ ਚਲਾਉਣ ਵਾਲਿਆਂ ਦਾ ਨਿਕਲਿਆ ਦਿਵਾਲਾ’

ਨਵੀਂ ਦਿੱਲੀ (ਇੰਟ.) – ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਰਾਹਤ ਦੇਣ ਲਈ ਦੀਵਾਲੀ ਤੋਂ ਇਕ ਦਿਨ ਪਹਿਲਾਂ ਇਨ੍ਹਾਂ ’ਤੇ ਲੱਗਣ ਵਾਲੀ ਐਕਸਾਈਜ਼ ਡਿਊਟੀ ’ਚ ਕਟੌਤੀ ਦਾ ਐਲਾਨ ਕੀਤਾ ਸੀ। ਪੈਟਰੋਲ ’ਤੇ ਪ੍ਰਤੀ ਲਿਟਰ 5 ਅਤੇ ਡੀਜ਼ਲ ’ਤੇ 10 ਰੁਪਏ ਦੀ ਕਮੀ ਕੀਤੀ ਗਈ। ਇਸ ਤੋਂ ਬਾਅਦ 15 ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਨੇ ਵੀ ਪੈਟਰੋਲ-ਡੀਜ਼ਲ ’ਤੇ ਲੱਗਣ ਵਾਲੇ ਵੈਟ ’ਤੇ ਕਟੌਤੀ ਕਰ ਦਿੱਤੀ। ਇਸ ਨਾਲ ਗਾਹਕਾਂ ਨੂੰ ਤਾਂ ਰਾਹਤ ਮਿਲੀ ਹੈ ਪਰ ਪੈਟਰੋਲ ਪੰਪ ਚਲਾਉਣ ਵਾਲਿਆਂ ਦਾ ਦਿਵਾਲਾ ਨਿਕਲ ਗਿਆ ਹੈ।

ਦੇਸ਼ ’ਚ ਸਰਕਾਰੀ ਤੇਲ ਕੰਪਨੀਆਂ ਦੇ ਕਰੀਬ 78,000 ਪੈਟਰੋਲ ਪੰਪ ਹਨ। ਇਨ੍ਹਾਂ ਪੈਟਰੋਲ ਪੰਪਾਂ ਨੇ ਪੁਰਾਣੇ ਰੇਟ ’ਤੇ ਇਨਵੈਂਟਰੀ ਖਰੀਦੀ ਸੀ ਪਰ ਉਨ੍ਹਾਂ ਨੂੰ ਨਵੇਂ ਰੇਟ ’ਤੇ ਪੈਟਰੋਲ-ਡੀਜ਼ਲ ਵੇਚਣਾ ਪੈ ਰਿਹਾ ਹੈ। ਉਨ੍ਹਾਂ ਨੂੰ ਪ੍ਰਤੀ ਲਿਟਰ ਔਸਤਨ 7 ਰੁਪਏ ਦਾ ਨੁਕਸਾਨ ਉਠਾਉਣਾ ਪੈ ਰਿਹਾ ਹੈ। ਵੱਡੇ ਪੈਟਰੋਲ ਪੰਪਾਂ ’ਤੇ 1.5 ਲੱਖ ਲਿਟਰ ਤੱਕ ਇਨਵੈਂਟਰੀ ਹੁੰਦੀ ਹੈ ਜਦ ਕਿ ਛੋਟੇ ਪੈਟਰੋਲ ਪੰਪਾਂ ’ਤੇ ਵੀ 30 ਤੋਂ 40 ਹਜ਼ਾਰ ਪ੍ਰਤੀ ਲਿਟਰ ਤੱਕ ਦੀ ਇਨਵੈਂਟਰੀ ਹੁੰਦੀ ਹੈ। ਇਸ ’ਚ 70 ਫੀਸਦੀ ਪੈਟਰੋਲ ਅਤੇ 30 ਫੀਸਦੀ ਡੀਜ਼ਲ ਹੁੰਦਾ ਹੈ।

ਪੈਟਰੋਲ ਪੰਪਾਂ ਨੂੰ ਭਾਰੀ ਨੁਕਸਾਨ

ਕੇਂਦਰ ਅਤੇ ਸੂਬਿਆਂ ਦੀ ਕਟੌਤੀ ਤੋਂ ਬਾਅਦ ਕਈ ਸ਼ਹਿਰਾਂ ’ਚ ਪੈਟਰੋਲ ਦੀ ਕੀਮਤ ’ਚ 12 ਰੁਪਏ ਅਤੇ ਡੀਜ਼ਲ ਦੀ ਕੀਮਤ ’ਚ 17 ਰੁਪਏ ਦੀ ਕਮੀ ਹੋਈ ਹੈ। ਦਿੱਲੀ ’ਚ ਬੁੱਧਵਾਰ ਨੂੰ ਪੈਟਰੋਲ ਦੀ ਕੀਮਤ 110.04 ਰੁਪਏ ਪ੍ਰਤੀ ਲਿਟਰ ਸੀ ਜੋ ਵੀਰਵਾਰ ਨੂੰ

103.87 ਰੁਪਏ ਰਹਿ ਗਈ। ਇਸ ਦੌਰਾਨ ਡੀਜ਼ਲ ਦੀ ਕੀਮਤ ਵੀ 98.42 ਰੁਪਏ ਤੋਂ ਘਟ ਕੇ 86.67 ਰੁਪਏ ਰਹਿ ਗਈ। ਇਸ ਨਾਲ ਵੱਡੇ ਪੈਟਰੋਲ ਪੰਪਾਂ ਨੂੰ 10 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਦੂਜੇ ਪਾਸੇ ਛੋਟੇ ਪੈਟਰੋਲ ਪੰਪਾਂ ਨੂੰ 1 ਤੋਂ 2 ਲੱਖ ਰੁਪਏ ਦਾ ਨੁਕਸਾਨ ਉਠਾਉਣਾ ਪੈ ਰਿਹਾ ਹੈ।

ਆਲ ਇੰਡੀਆ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਜੇ ਬੰਸਲ ਨੇ ਕਿਹਾ ਕਿ ਉਹ ਇਸ ਬਾਰੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਚਿੱਠੀ ਲਿਖ ਕੇ ਆਪਣੀਆਂ ਚਿੰਤਾਵਾਂ ਤੋਂ ਜਾਣੂ ਕਰਵਾਉਣਗੇ। ਪੈਟਰੋਲ ਪੰਪਾਂ ਨੇ ਇਨਵੈਂਟਰੀ ’ਤੇ ਜੋ ਵਾਧੂ ਪੈਸਾ ਅਦਾ ਕੀਤਾ ਹੈ, ਉਨ੍ਹਾਂ ਨੂੰ ਇਸ ਦਾ ਸਿਹਰਾ ਮਿਲਣਾ ਚਾਹੀਦਾ ਹੈ। ਬਾਅਦ ’ਚ ਪੈਟਰੋਲ-ਡੀਜ਼ਲ ਦੀ ਖਰੀਦ ’ਤੇ ਇਸ ਨੂੰ ਐਡਜਸਟ ਕੀਤਾ ਜਾ ਸਕਦਾ ਹੈ।

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸਥਿਰ

ਕੌਮਾਂਤਰੀ ਬਾਜ਼ਾਰ ’ਚ ਤੇਲ ਦੀਆਂ ਕੀਮਤਾਂ ਦੇ ਨਰਮ ਪੈਣ ਦੇ ਬਾਵਜੂਦ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਕੋਈ ਕਮੀ ਨਹੀਂ ਕੀਤੀ ਹੈ। ਦੀਵਾਲੀ ਮੌਕੇ ਕੇਂਦਰ ਸਰਕਾਰ ਵਲੋਂ ਐਕਸਾਈਜ਼ ਡਿਊਟੀ ’ਚ ਕਟੌਤੀ ਤੋਂ ਬਾਅਦ ਉੱਤਰ ਪ੍ਰਦੇਸ਼, ਕਰਨਾਟਕ ਸਮੇਤ ਦੇਸ਼ ਦੇ 15 ਸੂਬਿਆਂ ਅਤੇ ਦੋ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਨੇ ਇਨ੍ਹਾਂ ਦੋਹਾਂ ਉਤਪਾਦਾਂ ’ਤੇ ਵੈਟ ’ਚ ਕਮੀ ਕੀਤੀ ਹੈ। ਇਸ ਨਾਲ ਸਬੰਧਤ ਸੂਬਿਆਂ ’ਚ ਇਨ੍ਹਾਂ ਦੋਹਾਂ ਦੀਆਂ ਕੀਮਤਾਂ ’ਚ ਹੋਰ ਕਮੀ ਆਈ ਹੈ। ਹਾਲਾਂਕਿ ਦਿੱਲੀ ਸਰਕਾਰ ਦੇ ਵੈਟ ਘੱਟ ਕਰਨ ਨਾਲ ਦਿੱਲੀ ’ਚ ਇਸ ਦੀ ਕੀਮਤ ਕੱਲ ਦੇ ਪੱਧਰ ’ਤੇ ਸਥਿਰ ਹੈ। ਰਾਜਧਾਨੀ ਦਿੱਲੀ ’ਚ ਪੈਟਰੋਲ 6.07 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 11.75 ਰੁਪਏ ਸਸਤਾ ਹੋ ਗਿਆ।

ਡੀਜ਼ਲ ਸਸਤਾ ਹੋਣ ਕਾਰਨ ਮਹਿੰਗਾਈ ’ਤੇ ਲੱਗੇਗੀ ਲਗਾਮ, ਮਾਲ ਭਾੜੇ ’ਚ ਆਵੇਗੀ ਗਿਰਾਵਟ!

ਕੇਂਦਰ ਸਰਕਾਰ ਵਲੋਂ ਡੀਜ਼ਲ-ਪੈਟਰੋਲ ’ਤੇ ਲੱਗਣ ਵਾਲੀ ਐਕਸਾਈਜ਼ ਡਿਊਟੀ ’ਚ ਕਟੌਤੀ ਦਾ ਸਿੱਧਾ ਫਾਇਦਾ ਆਮ ਜਨਤਾ ਨੂੰ ਮਿਲ ਰਿਹਾ ਹੈ। ਦਰਅਸਲ ਡੀਜ਼ਲ ਦਾ ਇਸਤੇਮਾਲ ਟਰੱਕਾਂ ’ਚ ਹੁੰਦਾ ਹੈ ਅਤੇ ਟਰੱਕਾਂ ਦਾ ਇਸਤੇਮਾਲ ਸਾਮਾਨ ਨੂੰ ਪੂਰੇ ਦੇਸ਼ ’ਚ ਇਕ ਥਾਂ ਤੋਂ ਦੂਜੀ ਥਾਂ ਲਿਜਾਣ ’ਚ ਹੁੰਦਾ ਹੈ। ਅਜਿਹੇ ’ਚ ਡੀਜ਼ਲ ’ਤੇ ਐਕਸਾਈਜ਼ ਡਿਊਟੀ ਘਟਣ ਨਾਲ ਟਰੱਕਾਂ ਦਾ ਮਾਲ-ਭਾੜਾ ਘਟਿਆ ਹੈ ਅਤੇ ਅਜੇ ਮਾਲ-ਭਾੜਾ ਘਟਿਆ ਹੈ ਤਾਂ ਇਸ ਨਾਲ ਮਹਿੰਗਾਈ ’ਤੇ ਸਿੱਧਾ ਅਸਰ ਪਵੇਗਾ ਅਤੇ ਕੁੱਝ ਚੀਜ਼ਾਂ ਦੇ ਰੇਟ ਵੀ ਘਟ ਸਕਦੇ ਹਨ।

ਪੂਰੇ ਦੇਸ਼ ’ਚ ਡੀਜ਼ਲ ਦੀਆਂ ਕੀਮਤਾਂ ’ਚ ਕਰੀਬ 12 ਰੁਪਏ ਦੀ ਗਿਰਾਵਟ ਆਈ ਹੈ। ਦਿੱਲੀ ’ਚ ਵੀ ਡੀਜ਼ਲ ਕਰੀਬ 12 ਰੁਪਏ ਸਸਤਾ ਹੋ ਗਿਆ ਹੈ। ਕੁੱਝ ਸੂਬਿਆਂ ’ਚ ਤਾਂ ਵੈਟ ਘਟਣ ਨਾਲ ਡੀਜ਼ਲ ਹੋਰ ਵੀ ਵਧੇਰੇ ਸਸਤਾ ਹੋ ਗਿਆ ਹੈ। ਡੀਜ਼ਲ ਦੇ ਸਸਤੇ ਹੋਣ ਕਾਰਨ ਟਰੱਕਾਂ ਦੇ ਮਾਲ ਭਾੜੇ ’ਚ ਕਰੀਬ 12 ਫੀਸਦੀ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ।

ਇਨ੍ਹਾਂ ਕਾਰਨਾਂ ਕਰ ਕੇ ਘਟਿਆ ਮਾਲ ਭਾੜਾ

ਪਿਛਲੇ 4 ਦਿਨਾਂ ’ਚ ਕੌਮਾਂਤਰੀ ਪੱਧਰ ’ਤੇ ਵੀ ਕੱਚੇ ਤੇਲ ਦੀਆਂ ਕੀਮਤਾਂ 2 ਡਾਲਰ ਤੱਕ ਘੱਟ ਹੋਈਆਂ ਹਨ। ਉੱਥੇ ਹੀ ਦੂਜੇ ਪਾਸੇ ਰੁਪਇਆ ਵੀ ਡਾਲਰ ਦੇ ਮੁਕਾਬਲੇ 60 ਪੈਸੇ ਤੱਕ ਮਜ਼ਬੂਤ ਹੋਇਆ ਹੈ। ਇਨ੍ਹਾਂ ਕਾਰਨ ਵੀ ਡੀਜ਼ਲ ਹੋਰ ਸਸਤਾ ਹੋਣ ਦੀ ਸੰਭਾਵਨਾ ਹੈ। ਆਉਣ ਵਾਲੇ ਦਿਨਾਂ ’ਚ ਟਰੱਕ ਮਾਲ ਭਾੜਾ 3-4 ਫੀਸਦੀ ਹੋਰ ਸਸਤਾ ਹੋ ਸਕਦਾ ਹੈ। ਫੈਸਟੀਵਲ ਸੀਜ਼ਨ ਕਾਰਨ ਵੀ ਮਾਲ-ਭਾੜੇ ’ਚ ਇਕ ਤੇਜ਼ੀ ਦੇਖਣ ਨੂੰ ਮਿਲੀ ਸੀ ਜੋ ਹੁਣ ਘਟੇਗੀ। ਇਸ ਸੀਜ਼ਨ ’ਚ ਵਪਾਰੀਆਂ ਨੇ ਕਾਫੀ ਸਾਮਾਨ ਮੰਗਵਾਇਆ ਸੀ, ਜਿਸ ਕਾਰਨ ਉਨ੍ਹਾਂ ਦੇ ਗੋਦਾਮਾਂ ’ਚ ਕਾਫੀ ਸਾਮਾਨ ਬਚਿਆ ਹੋਇਆ ਹੈ। ਅਜਿਹੇ ’ਚ ਆਉਣ ਵਾਲੇ ਦਿਨਾਂ ’ਚ ਟਰੱਕਾਂ ਦੀ ਮੰਗ ਕੁੱਝ ਘੱਟ ਰਹਿ ਸਕਦੀ ਹੈ, ਜਿਸ ਨਾਲ ਵੀ ਮਾਲ-ਭਾੜੇ ’ਤੇ ਅਸਰ ਪਵੇਗਾ।

ਸਸਤੇ ਮਿਲ ਸਕਣਗੇ ਉਤਪਾਦ

ਟਰੱਕਾਂ ਦਾ ਇਸਤੇਮਾਲ ਸਾਮਾਨ ਇਕ ਥਾਂ ਤੋਂ ਦੂਜੀ ਥਾਂ ਲਿਜਾਣ ’ਚ ਹੁੰਦਾ ਹੈ। ਅਜਿਹੇ ’ਚ ਜਿੰਨਾ ਮਹਿੰਗਾ ਡੀਜ਼ਲ ਹੋਵੇਗਾ, ਮਾਲ-ਭਾੜਾ ਵੀ ਵਧੇਰੇ ਲੱਗੇਗਾ, ਜਿਸ ਕਾਰਨ ਚੀਜ਼ਾਂ ਦੀ ਢੁਆਈ ਮਹਿੰਗੀ ਪੈਂਦੀ ਹੈ। ਕਿਸੇ ਵੀ ਪ੍ਰੋਡਕਟ ਦੀ ਕੀਮਤ ਉਸ ਦੀ ਹਰ ਤਰ੍ਹਾਂ ਦੀ ਲਾਗਤ ਵਿਚ ਮੁਨਾਫਾ ਜੋੜਨ ਤੋਂ ਬਾਅਦ ਤੈਅ ਹੰਦੀ ਹੈ। ਅਜਿਹੇ ’ਚ ਟਰੱਕ ਮਾਲ-ਭਾੜੇ ’ਚ ਕਮੀ ਆਵੇਗੀ ਤਾਂ ਲਾਗਤ ਘਟੇਗੀ, ਜਿਸ ਦਾ ਸਿੱਧਾ ਅਸਰ ਉਤਪਾਦਾਂ ਦੀਆਂ ਕੀਮਤਾਂ ’ਤੇ ਪਵੇਗਾ ਅਤੇ ਤੁਹਾਨੂੰ ਸਸਤੇ ’ਚ ਉਤਪਾਦ ਮਿਲ ਸਕਣਗੇ।


author

Harinder Kaur

Content Editor

Related News