ਗਾਹਕ ਨੂੰ ਭੇਜਿਆ ਖ਼ਰਾਬ ਸੀਮੈਂਟ, ਹੁਣ ਕੰਪਨੀ ਦੇਵੇਗੀ ਡੇਢ ਲੱਖ ਮੁਆਵਜ਼ਾ

05/26/2017 4:41:56 AM

ਨਵੀਂ ਦਿੱਲੀ — ਰਾਸ਼ਟਰੀ ਖਪਤਕਾਰ ਝਗੜਾ ਨਿਪਟਾਰਾ ਕਮਿਸ਼ਨ (ਐੱਨ. ਸੀ. ਡੀ. ਆਰ. ਸੀ.) ਨੇ ਸੀਮੈਂਟ ਕੰਪਨੀ ਰੈਮਕੋ ਸੀਮੈਂਟ ਨੂੰ ਕਿਹਾ ਹੈ ਕਿ ਉਹ ਆਪਣੇ ਇਕ ਗਾਹਕ ਨੂੰ 1.5 ਲੱਖ ਰੁਪਏ ਦਾ ਮੁਆਵਜ਼ੇ ਦੇਵੇ। ਇਹ ਮਾਮਲਾ ਕੰਪਨੀ ਵੱਲੋਂ ਖ਼ਰਾਬ ਸੀਮੈਂਟ ਦੀ ਸਪਲਾਈ ਨਾਲ ਜੁੜਿਆ ਹੈ।  
ਕੀ ਹੈ ਮਾਮਲਾ
ਸੀਮੈਂਟ ਕੰਪਨੀ ਰੈਮਕੋ ਤੋਂ ਕੇਰਲ ਨਿਵਾਸੀ ਆਨੰਦਰਾਜ ਨੇ ਸੀਮੈਂਟ ਖਰੀਦਿਆ ਸੀ। ਆਨੰਦਰਾਜ ਦਾ ਕਹਿਣਾ ਸੀ ਕਿ ਉਸਨੇ ਆਪਣੀ ਛੱਤ ਬਣਾਉਣ 'ਚ ਕੰਪਨੀ ਦੇ ਸੀਮੈਂਟ ਦੀ ਵਰਤੋਂ ਕੀਤੀ ਪਰ ਸੀਮੈਂਟ ਖ਼ਰਾਬ ਗੁਣਵੱਤਾ ਵਾਲਾ ਸੀ, ਇਸ ਲਈ ਕਈ ਥਾਵਾਂ ਤੋਂ ਛੱਤ 'ਚੋਂ ਪਾਣੀ ਟਪਕਣ ਲੱਗਾ। ਕੰਪਨੀ ਵੱਲੋਂ ਸੁਣਵਾਈ ਨਾ ਕਰਨ 'ਤੇ ਆਨੰਦਰਾਜ ਨੇ ਐੱਨ. ਸੀ. ਡੀ. ਆਰ. ਸੀ. ਦਾ ਰੁਖ ਕੀਤਾ।
ਕੀ ਹੈ ਫੈਸਲਾ?
ਇਸ ਤੋਂ ਪਹਿਲਾਂ ਜ਼ਿਲਾ ਮੰਚ ਨੇ ਇਕ ਮਾਹਿਰ ਕਮਿਸ਼ਨ ਦੀ ਰਿਪੋਰਟ ਦੇ ਆਧਾਰ 'ਤੇ ਕੰਪਨੀ ਨੂੰ ਮੁਆਵਜ਼ਾ ਦੇਣ ਲਈ ਕਿਹਾ ਸੀ ਅਤੇ ਉਸ ਦੇ ਇਸ ਫੈਸਲੇ ਨੂੰ ਰਾਜ ਖਪਤਕਾਰ ਕਮਿਸ਼ਨ ਨੇ ਸਹੀ ਠਹਿਰਾਇਆ ਸੀ। ਜ਼ਿਲਾ ਮੰਚ ਨੇ ਕਿਹਾ ਸੀ ਕਿ ਕੰਪਨੀ ਸ਼ਿਕਾਇਤਕਰਤਾ ਨੂੰ 1.35 ਲੱਖ ਰੁਪਏ ਦੀ ਰਾਸ਼ੀ ਨਵੇਂ ਸਲੈਬ ਬਣਾਉਣ ਲਈ, 10,000 ਰੁਪਏ ਦਾ ਮੁਆਵਜ਼ਾ ਅਤੇ 5000 ਰੁਪਏ ਅਦਾਲਤੀ ਖਰਚ ਦੇ ਰੂਪ 'ਚ ਪ੍ਰਦਾਨ ਕਰੇ। ਕਮਿਸ਼ਨ ਨੇ ਰਾਜ ਖਪਤਕਾਰ ਕਮਿਸ਼ਨ ਦੇ ਹੁਕਮ ਦੇ ਖਿਲਾਫ ਕੰਪਨੀ ਦੀ ਅਪੀਲ ਨੂੰ ਖਾਰਿਜ ਕਰ ਦਿੱਤਾ ਅਤੇ ਕਿਹਾ ਕਿ ਉਹ ਕੇਰਲ ਨਿਵਾਸੀ ਆਨੰਦਰਾਜ ਨੂੰ ਮੁਆਵਜ਼ਾ ਪ੍ਰਦਾਨ ਕਰੇ।


Related News