ਥਾਈਲੈਂਡ ਜਾਣ ਵਾਲੇ ਲੋਕਾਂ ਲਈ ਝਟਕਾ, 1 ਮਈ ਤੋਂ ਰੱਦ ਹੋ ਜਾਣਗੇ ਇਹ 'ਪੇਪਰ'
Tuesday, Apr 27, 2021 - 10:47 AM (IST)
ਨਵੀਂ ਦਿੱਲੀ- ਥਾਈਲੈਂਡ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਭਾਰਤ ਤੋਂ ਯਾਤਰੀਆਂ ਦੇ ਆਉਣ 'ਤੇ ਰੋਕ ਲਾਉਣ ਦਾ ਫ਼ੈਸਲਾ ਕੀਤਾ ਹੈ। ਭਾਰਤ ਵਿਚ ਕੋਵਿਡ-19 ਸਥਿਤੀ ਗੰਭੀਰ ਹੋ ਰਹੀ ਹੈ। ਸੋਮਵਾਰ ਨੂੰ ਲਗਾਤਾਰ ਪੰਜਵੇਂ ਦਿਨ 3 ਲੱਖ ਤੋਂ ਵੱਧ ਰਿਕਾਰਡ ਮਾਮਲੇ ਆਏ ਸਨ।
ਦਿੱਲੀ ਵਿਚ ਥਾਈਲੈਂਡ ਦੇ ਦੂਤਘਰ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਭਾਰਤ ਤੋਂ ਥਾਈਲੈਂਡ ਵਿਚ 1 ਮਈ ਤੋਂ ਆਉਣ ਲਈ ਗੈਰ ਥਾਈ ਨਾਗਰਿਕਾਂ ਨੂੰ ਦਿੱਤੇ ਗਏ ਦਾਖ਼ਲਾ ਪੱਤਰ (ਸੀ. ਓ. ਈਜ਼.) ਰੱਦ ਕਰ ਦਿੱਤੇ ਜਾਣਗੇ।
ਗੈਰ ਥਾਈ ਨਾਗਰਿਕਾਂ ਨੂੰ ਦਿੱਤੇ ਗਏ ਸੀ. ਓ. ਈਜ਼. ਅਗਲੇ ਹੁਕਮਾਂ ਤੱਕ ਰੱਦ ਰਹਿਣਗੇ। ਇਸ ਤੋਂ ਪਹਿਲਾਂ ਦੂਤਘਰ ਨੇ ਕਿਹਾ ਸੀ ਕਿ 1 ਮਈ, 15 ਮਈ ਅਤੇ 22 ਨੂੰ ਨਵੀਂ ਦਿੱਲੀ ਤੋਂ ਬੈਂਕਾਕ ਲਈ ਉਡਾਣਾਂ ਦੀ ਵਿਵਸਥਾ ਕੀਤੀ ਜਾਵੇਗੀ। ਹੁਣ ਇਸ ਨੇ ਕਿਹਾ ਹੈ ਕਿ ਇਨ੍ਹਾਂ ਉਡਾਣਾਂ ਵਿਚ ਗੈਰ ਥਾਈ ਨਾਗਰਿਕਾਂ ਨੂੰ ਚੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- RBI ਨਿਯਮ, ਭਾਰਤ ਦੇ ਅਮੀਰ ਬੈਂਕਰ ਉਦੈ ਕੋਟਕ ਨੂੰ ਛੱਡਣੀ ਪੈ ਸਕਦੀ ਹੈ ਕੁਰਸੀ
ਇਸ ਦਾ ਮਤਲਬ ਹੈ ਕਿ ਜੇਕਰ ਕਿਸੇ ਗੈਰ ਥਾਈ ਨਾਗਰਿਕ ਨੂੰ ਥਾਈਲੈਂਡ ਜਾਣ ਵਾਸਤੇ ਸੀ. ਓ. ਈ. ਮਿਲ ਚੁੱਕਾ ਹੈ ਤਾਂ ਉਸ ਨੂੰ ਹੁਣ ਯਾਤਰਾ ਲਈ ਇੰਤਜ਼ਾਰ ਕਰਨਾ ਹੋਵੇਗਾ। ਉੱਥੇ ਹੀ, ਇਸ ਵਿਚਕਾਰ ਸਵਿਟਜ਼ਰਲੈਂਡ ਨੇ ਭਾਰਤ ਨੂੰ ਕੋਵਿਡ-19 ਜੋਖਮ ਵਾਲੇ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਕਰ ਦਿੱਤਾ ਹੈ ਜਿੱਥੋਂ ਆਉਣ ਵਾਲੇ ਯਾਤਰੀਆਂ ਨੂੰ ਪਹੁੰਚਦੇ ਹੀ ਇਕਾਂਤਵਾਸ ਹੋਣਾ ਲਾਜ਼ਮੀ ਹੈ। ਗੌਰਤਲਬ ਹੈ ਕਿ ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਇਸ ਮਾਹੌਲ ਵਿਚ ਭਾਰਤ ਯਾਤਰਾ ਨਾ ਕਰਨ ਦੀ ਜਾਰੀ ਕੀਤੀ ਗਈ ਸਲਾਹ ਮਗਰੋਂ ਕਿਰਾਏ ਵੀ ਕਾਫ਼ੀ ਵੱਧ ਗਏ ਹਨ। ਇਸ ਤੋਂ ਇਲਾਵਾ ਕਈ ਦੇਸ਼ਾਂ ਨੇ ਅਸਥਾਈ ਤੌਰ 'ਤੇ ਭਾਰਤੀ ਉਡਾਣਾਂ 'ਤੇ ਰੋਕ ਲਾ ਦਿੱਤੀ ਹੈ।
ਇਹ ਵੀ ਪੜ੍ਹੋ- 1 ਮਈ ਤੋਂ ਕੋਰੋਨਾ ਵਾਇਰਸ ਟੀਕਾ ਲਵਾਉਣ ਵਾਲੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ