ਸਰਕਾਰ ਨੇ ਦਿੱਤੀ ਵੱਡੀ ਸੌਗਾਤ, ਇਨ੍ਹਾਂ ਦੇ ਮੁਫਤ ''ਚ ਭਰਨਗੇ 8 LPG ਸਿਲੰਡਰ

Sunday, Apr 12, 2020 - 05:34 PM (IST)

ਸਰਕਾਰ ਨੇ ਦਿੱਤੀ ਵੱਡੀ ਸੌਗਾਤ, ਇਨ੍ਹਾਂ ਦੇ ਮੁਫਤ ''ਚ ਭਰਨਗੇ 8 LPG ਸਿਲੰਡਰ

ਨਵੀਂ ਦਿੱਲੀ : ਸਰਕਾਰ ਨੇ 5 ਕਿਲੋ ਗੈਸ ਸਿਲੰਡਰ ਦਾ ਇਸਤੇਮਾਲ ਕਰਨ ਵਾਲੇ ਗਰੀਬ ਪਰਿਵਾਰਾਂ ਨੂੰ ਕੋਰੋਨਾ ਵਾਇਰਸ ਲਾਕਡਾਊਨ ਕਾਰਨ ਹੋਣ ਵਾਲੀਆਂ ਰੁਕਾਵਟਾਂ ਦੇ ਮੱਦੇਨਜ਼ਰ ਵੱਡੀ ਰਾਹਤ ਦਿੱਤੀ ਹੈ। ਇਹ ਪਰਿਵਾਰ ਤਿੰਨ ਮਹੀਨਿਆਂ ਵਿਚ 5 ਕਿਲੋ ਦੇ ਸਿਲੰਡਰ 8 ਵਾਰ ਮੁਫਤ ਭਰਾਉਣ ਦੇ ਹੱਕਦਾਰ ਹੋਣਗੇ, ਜਦੋਂ ਕਿ 14.2 ਕਿਲੋਗ੍ਰਾਮ ਸਿਲੰਡਰ ਦੀ ਵਰਤੋਂ ਕਰਨ ਵਾਲੇ ਲਾਭਪਾਤਰਾਂ ਲਈ ਮੁਫਤ ਰੀਫਿਲਾਂ ਦੀ ਗਿਣਤੀ ਤਿੰਨ ਤੱਕ ਸੀਮਤ ਰਹੇਗੀ। ਤੇਲ ਮੰਤਰਾਲਾ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਹੈ। ਬੀ. ਪੀ. ਐੱਲ. ਯਾਨੀ ਗਰੀਬ ਪਰਿਵਾਰਾਂ ਲਈ 5 ਕਿਲੋਗ੍ਰਾਮ ਵਾਲਾ ਸਿਲੰਡਰ ਜੂਨ ਤੱਕ 8 ਵਾਰ ਮੁਫਤ ਰੀਫਿਲ ਹੋਵੇਗਾ ਕਿਉਂਕਿ ਸਰਕਾਰ ਨੇ ਉਨ੍ਹਾਂ ਦੇ ਖਾਤੇ ਵਿਚ ਪੈਸੇ ਟਰਾਂਸਫਰ ਕਰਨੇ ਸ਼ੁਰੂ ਕਰ ਦਿੱਤੇ ਹਨ।

ਸਰਕਾਰ ਨੇ 26 ਮਾਰਚ ਨੂੰ 1.7 ਲੱਖ ਕਰੋੜ ਰੁਪਏ ਦੇ ਰਾਹਤ ਪੈਕਜ ਵਿਚ ਉਜਵਲਾ ਯੋਜਨਾ ਦੇ ਲਗਭਗ 8 ਕਰੋੜ ਗਰੀਬ ਪਰਿਵਾਰਾਂ ਨੂੰ ਤਿੰਨ ਮੁਫਤ ਰਸੋਈ ਗੈਸ ਸਿਲੰਡਰ ਦੇਣ ਦਾ ਐਲਾਨ ਕੀਤਾ ਸੀ, ਜਦੋਂ ਕਿ 5 ਕਿਲੋ ਦੇ ਲਾਭਪਾਤਰਾਂ ਲਈ ਸਥਿਤੀ ਸਪੱਸ਼ਟ ਨਹੀਂ ਸੀ ਹੋਈ। ਹੁਣ ਸਰਕਾਰ ਨੇ ਕਿਹਾ ਹੈ ਕਿ ਜੋ ਗਰੀਬ ਲੋਕ ਛੋਟੇ ਸਿਲੰਡਰ ਦੀ ਵਰਤੋਂ ਕਰ ਰਹੇ ਹਨ, ਉਨ੍ਹਾਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਤਿੰਨ ਮਹੀਨੇ ਯਾਨੀ ਅਪ੍ਰੈਲ, ਮਈ ਅਤੇ ਜੂਨ ਵਿਚ 8 ਮੁਫਤ ਸਿਲੰਡਰ ਮਿਲਣਗੇ। 

ਤੇਲ ਮੰਤਰਾਲਾ ਦੇ ਇਕ ਬੁਲਾਰੇ ਨੇ ਕਿਹਾ ਕਿ ਹੁਣ ਤੱਕ ਤੇਲ ਮਾਰਕੀਟਿੰਗ ਕੰਪਨੀਆਂ ਨੇ 7.1 ਕਰੋੜ ਤੋਂ ਵੱਧ ਪ੍ਰਧਾਨ ਮੰਤਰੀ ਉਜਵਲਾ ਯੋਜਨਾ (ਪੀ. ਐੱਮ. ਯੂ. ਵਾਈ.) ਲਾਭਪਾਤਰਾਂ ਦੇ ਬੈਂਕ ਖਾਤਿਆਂ ਵਿਚ 5,606 ਕਰੋੜ ਰੁਪਏ ਟਰਾਂਸਫਰ ਕੀਤੇ ਹਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਉਹ ਪੀ. ਐੱਮ. ਜੀ. ਕੇ. ਵਾਈ. ਤਹਿਤ ਐੱਲ. ਪੀ. ਜੀ. ਸਿਲੰਡਰ ਦੀ ਮੁਫਤ ਡਲਿਵਰੀ ਲੈ ਸਕਣ।


author

Sanjeev

Content Editor

Related News