ਕੋਵਿਡ-19 ਦੀ ਮਾਰ : ਇਸ ਕੰਪਨੀ ਨੇ ਕਾਮਿਆਂ ਦੀ ਤਨਖ਼ਾਹ 'ਚ ਕੀਤੀ 50 ਫ਼ੀਸਦੀ ਦੀ ਭਾਰੀ ਕਟੌਤੀ
Wednesday, Jun 03, 2020 - 12:35 PM (IST)
ਮੁੰਬਈ (ਭਾਸ਼ਾ) : ਵੱਖ-ਵੱਖ ਖੇਤਰਾਂ ਵਿਚ ਕੰਮ ਕਰ ਰਹੇ ਜੀ.ਐੱਮ.ਆਰ. ਸਮੂਹ ਨੇ ਕੋਵਿਡ-19 ਸੰਕਟ ਦੇ ਮੱਦੇਨਜ਼ਰ ਆਪਣੇ ਕਾਮਿਆਂ ਦੀ ਤਨਖ਼ਾਹ ਵਿਚ 50 ਫ਼ੀਸਦੀ ਤੱਕ ਦੀ ਕਟੌਤੀ ਕੀਤੀ ਹੈ। ਇਕ ਸੂਤਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰ ਨੇ ਦੱਸਿਆ ਕਿ ਉੱਚ ਅਹੁਦਿਆਂ 'ਤੇ ਤਨਖ਼ਾਹ ਵਿਚ ਸਭ ਤੋਂ ਜ਼ਿਆਦਾ ਕਟੌਤੀ ਕੀਤੀ ਗਈ ਹੈ। ਬੈਂਗਲੁਰੂ ਦੀ ਬੁਨਿਆਦੀ ਢਾਂਚਾ ਖੇਤਰ ਦੀ ਕੰਪਨੀ ਸੜਕ ਅਤੇ ਰਾਜ ਮਾਰਗ, ਊਰਜਾ ਅਤੇ ਹਵਾਈ ਅੱਡਾ ਖੇਤਰ ਵਿਚ ਕੰਮ ਕਰ ਰਹੀ ਹੈ। ਇਕ ਸੂਤਰ ਨੇ ਪੀ.ਟੀ.ਆਈ.-ਭਾਸ਼ਾ ਨੂੰ ਕਿਹਾ, ''ਸੋਧੇ ਗਏ ਢਾਂਚੇ ਦੇ ਤਹਿਤ ਕੰਪਨੀ ਨੇ ਕਾਮਿਆਂ ਦੇ ਸੀ.ਟੀ.ਸੀ. (ਕੰਪਨੀ ਲਈ ਲਾਗਤ) ਨਾਲ ਵੈਰੀਏਬਲ ਨੂੰ ਹਟਾ ਦਿੱਤਾ ਹੈ। ਇਸ ਦੇ ਬਦਲ ਵਿਚ ਵਿਸ਼ੇਸ਼ ਪ੍ਰਦਰਸ਼ਨ ਭੱਤਾ ਸ਼ਾਮਿਲ ਕੀਤਾ ਗਿਆ ਹੈ। ਇਸ ਨੂੰ ਵਿਸ਼ੇਸ਼ ਵੈਰੀਏਬਲ ਦੀ ਤਰ੍ਹਾਂ ਮੰਨਿਆ ਜਾਵੇਗਾ।
ਸੂਤਰ ਨੇ ਕਿਹਾ ਕਿ ਇਸ ਨਾਲ ਵੱਡੇ ਅਤੇ ਚੋਟੀ ਦੇ ਪ੍ਰਬੰਧਨ ਸਮੇਤ ਵੱਖ-ਵੱਖ ਸ਼੍ਰੇਣੀਆਂ ਦੇ ਕਾਮਿਆਂ ਦੀ ਤਨਖ਼ਾਹ 50 ਫ਼ੀਸਦੀ ਤੱਕ ਘੱਟ ਕੀਤੀ ਗਈ ਹੈ। ਇਹ ਕਟੌਤੀ ਮਈ, 2020 ਤੋਂ ਲਾਗੂ ਹੈ। ਇਸ ਬਾਰੇ ਵਿਚ ਭੇਜੇ ਗਏ ਈ-ਮੇਲ ਦੇ ਜਵਾਬ ਵਿਚ ਜੀ.ਐੱਮ.ਆਰ. ਸਮੂਹ ਦੇ ਬੁਲਾਰੇ ਨੇ ਇਸ ਘਟਨਾਕ੍ਰਮ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕਾਮਿਆਂ ਦੀ ਤਨਖ਼ਾਹ ਦਾ ਪੁਨਰਗਠਨ ਕੀਤਾ ਗਿਆ ਹੈ। ਬੁਲਾਰੇ ਨੇ ਕਿਹਾ ਕਿ ਕੋਵਿਡ-19 ਕਾਰਨ ਬੁਨਿਆਦੀ ਢਾਂਚਾ-ਉਦਯੋਗ ਖੇਤਰ ਦੇ ਸਾਹਮਣੇ ਆਏ ਸੰਕਟ ਦੇ ਮੱਦੇਨਜ਼ਰ ਕਾਰੋਬਾਰੀ ਪ੍ਰਦਰਸ਼ਨ ਨਾਲ ਜੁੜਿਆ ਵਿਸ਼ੇਸ਼ ਵੈਰੀਏਬਲ ਜੋੜਿਆ ਗਿਆ ਹੈ। ਮੌਜੂਦਾ ਬਾਜ਼ਾਰ ਹਾਲਾਤਾਂ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ। ਹਾਲ ਹੀ ਵਿਚ ਉਦਯੋਗ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੁਨੀਆਭਰ ਦੇ ਹਵਾਈ ਅੱਡਿਆਂ ਦੇ ਯਾਤਰੀਆਂ ਦੀ ਗਿਣਤੀ ਵਿਚ ਇਸ ਸਾਲ 4.6 ਅਰਬ ਤੋਂ ਜ਼ਿਆਦਾ ਦੀ ਗਿਰਾਵਟ ਆਏਗੀ। ਇਸ ਨਾਲ ਉਨ੍ਹਾਂ ਦੀ ਆਮਦਨੀ ਵਿਚ 97 ਅਰਬ ਡਾਲਰ ਜਾਂ 7.3 ਲੱਖ ਕਰੋੜ ਰੁਪਏ ਦੀ ਕਮੀ ਆਏਗੀ।