ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 600 ਅਰਬ ਡਾਲਰ ਦੇ ਪਾਰ : ਸ਼ਕਤੀਕਾਂਤ ਦਾਸ
Friday, Jun 04, 2021 - 02:55 PM (IST)
ਨਵੀਂ ਦਿੱਲੀ : ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ 600 ਅਰਬ ਡਾਲਰ ਦੇ ਰਿਕਾਰਡ ਪੱਧਰ ਨੂੰ ਪਾਰ ਕਰ ਚੁੱਕੇ ਹਨ। ਹਾਲ ਹੀ ਵਿਚ ਵਿਦੇਸ਼ੀ ਪੂੰਜੀ ਦੀ ਆਮਦ ਬਹੁਤ ਤੇਜ਼ੀ ਨਾਲ ਵਧੀ ਹੈ, ਜਿਸ ਕਾਰਨ ਵਿਦੇਸ਼ੀ ਮੁਦਰਾ ਭੰਡਾਰਾਂ ਦਾ ਅੰਕੜਾ ਵੱਧ ਰਿਹਾ ਹੈ। ਰਿਜ਼ਰਵ ਬੈਂਕ ਵੱਲੋਂ 28 ਮਈ ਨੂੰ ਜਾਰੀ ਕੀਤੇ ਅੰਕੜਿਆਂ ਅਨੁਸਾਰ 21 ਮਈ ਨੂੰ ਖ਼ਤਮ ਹੋਏ ਹਫਤੇ ਦੌਰਾਨ ਵਿਦੇਸ਼ੀ ਮੁਦਰਾ ਭੰਡਾਰ 2.865 ਬਿਲੀਅਨ ਡਾਲਰ ਦੇ ਵਾਧੇ ਨਾਲ 592.894 ਅਰਬ ਡਾਲਰ ਹੋ ਗਿਆ।
ਸੋਨੇ ਦੇ ਭੰਡਾਰ ਅਤੇ ਵਿਦੇਸ਼ੀ ਮੁਦਰਾ ਦੀ ਜਾਇਦਾਦ ਦੇ ਵਾਧੇ ਕਾਰਨ ਮੁਦਰਾ ਭੰਡਾਰ ਵਧਿਆ ਹੈ। ਸ਼ੁੱਕਰਵਾਰ ਨੂੰ ਕੇਂਦਰੀ ਬੈਂਕ ਦੀ ਦੋ-ਮਾਸਿਕ ਮੁਦਰਾ ਨੀਤੀ ਦੀ ਸਮੀਖਿਆ ਦਾ ਐਲਾਨ ਕਰਦਿਆਂ ਦਾਸ ਨੇ ਕਿਹਾ ਕਿ ਮੌਜੂਦਾ ਅਨੁਮਾਨਾਂ ਦੇ ਅਧਾਰ 'ਤੇ ਸਾਨੂੰ ਵਿਸ਼ਵਾਸ ਹੈ ਕਿ ਫੋਰੈਕਸ ਭੰਡਾਰ 600 ਅਰਬ ਡਾਲਰ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਕੇਂਦਰੀ ਬੈਂਕ ਨੇ ਆਰਥਿਕਤਾ ਵਿਚ ਤਰਲਤਾ ਨੂੰ ਉਤਸ਼ਾਹਤ ਕਰਨ ਲਈ ਕਈ ਕਦਮਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚ ਕੋਵਿਡ -19 ਮਹਾਮਾਰੀ ਨਾਲ ਪ੍ਰਭਾਵਿਤ ਵੱਖ-ਵੱਖ ਸੈਕਟਰਾਂ ਲਈ ਵਿਸ਼ੇਸ਼ ਨਕਦ ਸਹੂਲਤ ਸ਼ਾਮਲ ਹੈ।
ਰਿਜ਼ਰਵ ਬੈਂਕ ਨੇ ਸਰਕਾਰੀ ਸਿਕਉਰਟੀਜ਼ ਖਰੀਦ ਪ੍ਰੋਗਰਾਮ (ਜੀ-ਐਸ.ਏ.ਪੀ.) 2.0 ਦੀ ਘੋਸ਼ਣਾ ਵੀ ਕੀਤੀ। ਕੇਂਦਰੀ ਬੈਂਕ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ ਰਿਜ਼ਰਵ ਬੈਂਕ ਸੈਕੰਡਰੀ ਮਾਰਕੀਟ ਤੋਂ 1.20 ਲੱਖ ਕਰੋੜ ਰੁਪਏ ਦੀ ਸਰਕਾਰੀ ਪ੍ਰਤੀਭੂਤੀਆਂ ਖਰੀਦੇਗਾ। ਇਸ ਦੇ ਨਾਲ ਹੀ 17 ਜੂਨ ਨੂੰ ਰਿਜ਼ਰਵ ਬੈਂਕ 40,000 ਕਰੋੜ ਰੁਪਏ ਦੀਆਂ ਸਰਕਾਰੀ ਪ੍ਰਤੀਭੂਤੀਆਂ ਦੀ ਖਰੀਦ ਕਰੇਗਾ।
ਇਹ ਵੀ ਪੜ੍ਹੋ : PNB ਦੇ ਖ਼ਾਤਾਧਾਰਕਾਂ ਲਈ ਖੁਸ਼ਖਬਰੀ, ਬੈਂਕ ਨੇ MCLR 'ਚ ਕੀਤੀ ਕਟੌਤੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।