ਪੰਜਾਬ, ਹਰਿਆਣਾ ਤੇ ਰਾਜਸਥਾਨ ’ਚ 17.20 ਲੱਖ ਹੈਕਟੇਅਰ ’ਚ ਕਪਾਹ ਦੀ ਬਿਜਾਈ

Friday, Jun 16, 2023 - 10:07 AM (IST)

ਪੰਜਾਬ, ਹਰਿਆਣਾ ਤੇ ਰਾਜਸਥਾਨ ’ਚ 17.20 ਲੱਖ ਹੈਕਟੇਅਰ ’ਚ ਕਪਾਹ ਦੀ ਬਿਜਾਈ

ਜੈਤੋ (ਪਰਾਸ਼ਰ) - ਦੇਸ਼ ਦੇ ਉੱਤਰ ਖੇਤਰੀ ਮੁਖੀ ਵ੍ਹਾਈਟ ਗੋਲਡ (ਕਪਾਹ) ਪੈਦਾਵਾਰ ਸੂਬਿਆਂ, ਜਿਨ੍ਹਾਂ ਵਿਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਸ਼ਾਮਲ ਹਨ, ਵਿਚ ਕਪਾਹ ਸੀਜ਼ਨ ਸਾਲ 2023-24 ਲਈ ਕਪਾਹ (ਵ੍ਹਾਈਟ ਗੋਲਡ) ਦੀ ਬਿਜਾਈ 12 ਜੂਨ ਤੱਕ 17.20 ਲੱਖ ਹੈਕਟੇਅਰ ਜ਼ਮੀਨ ਵਿਚ ਹੋਣ ਦੀ ਸੂਚਨਾ ਹੈ। ਕਪਾਹ ਸੀਜ਼ਨ 2022-23 ਦੌਰਾਨ ਇਸ ਮਿਆਦ ’ਚ ਇਹ ਬਿਜਾਈ 16.40 ਲੱਖ ਹੈਕਟੇਅਰ ’ਚ ਹੋਈ ਸੀ। ਮਿਲੀ ਜਾਣਕਾਰੀ ਮੁਤਾਬਕ ਕਪਾਹ ਸੀਜ਼ਨ ਸਾਲ 2022-23 ਵਿਚ ਇਸ ਸਮੇਂ ਪੰਜਾਬ ’ਚ ਵ੍ਹਾਈਟ ਗੋਲਡ ਦੀ ਬਿਜਾਈ 2.50 ਲੱਖ ਹੈਕਟੇਅਰ ’ਚ ਹੋਈ ਸੀ, ਜਦ ਕਿ ਇਸ ਵਾਰ ਬਿਜਾਈ 1.85 ਲੱਖ ਹੈਕਟੇਅਰ ਵਿਚ ਹੋ ਚੁੱਕੀ ਹੈ।

ਇਸ ਦੌਰਾਨ ਜੇਕਰ ਗੱਲ ਹਰਿਆਣਾ ਦੀ ਕੀਤੀ ਜਾਵੇ ਤਾਂ ਹਰਿਆਣਾ ਵਿਚ ਇਸ ਵਾਰ ਕਪਾਹ ਦੀ ਬਿਜਾਈ 6.40 ਲੱਖ ਹੈਕਟੇਅਰ ’ਚ ਹੋਈ ਹੈ, ਜਦ ਕਿ ਪਿਛਲੇ ਸਾਲ ਬਿਜਾਈ 5.75 ਲੱਖ ਹੈਕਟੇਅਰ ਜ਼ਮੀਨ ’ਚ ਹੋਈ ਸੀ। ਇਸ ਤਰ੍ਹਾਂ ਰਾਜਸਥਾਨ ਅੱਪਰ ਖੇਤਰ ’ਚ ਪਿਛਲੇ ਸਾਲ 4.15 ਲੱਖ ਹੈਕਟੇਅਰ ਵਿਚ ਬਿਜਾਈ ਹੋਈ ਸੀ। ਇਸ ਵਾਰ ਬਿਜਾਈ 4.55 ਲੱਖ ਹੈਕਟੇਅਰ ਵਿਚ ਹੋਈ ਹੈ, ਉੱਥੇ ਹੀ ਰਾਜਸਥਾਨ ਦੇ ਲੋਅਰ ਖੇਤਰ ’ਚ ਹੁਣ ਤੱਕ 4.40 ਲੱਖ ਹੈਕਟੇਅਰ ਤੋਂ ਵੱਧ ਬਿਜਾਈ ਹੋ ਚੁੱਕੀ ਹੈ ਅਤੇ ਹਾਲੇ ਬਿਜਾਈ ਜਾਰੀ ਹੈ। ਪਿਛਲੇ ਸਾਲ ਇਹ ਬਿਜਾਈ 4 ਲੱਖ ਹੈਕਟੇਅਰ ਵਿਚ ਹੋਈ ਸੀ।

ਸੂਤਰਾਂ ਮੁਤਾਬਕ ਇਸ ਵਾਰ ਪੰਜਾਬ ’ਚ ਪਿਛਲੇ ਸਾਲ ਦੀ ਤੁਲਣਾ ’ਚ ਲਗਭਗ 25 ਫ਼ੀਸਦੀ ਕਪਾਹ ਦੀ ਬਿਜਾਈ ਘੱਟ ਹੋਈ ਹੈ ਜਦ ਕਿ ਹਰਿਆਣਾ ਵਿਚ 10 ਫ਼ੀਸਦੀ ਬਿਜਾਈ ਵੱਧ ਹੋਣ ਦੀ ਸੂਚਨਾ ਹੈ। ਆਦਮਪੁਰ, ਭੱਟੂ, ਹਿਸਾਰ, ਦਾਦਰੀ, ਭਿਵਾਨੀ ਅਤੇ ਰਿਵਾੜੀ ਦਾ ਖੇਤਰ ਵਧਿਆ ਹੈ। ਰਾਜਸਥਾਨ ਵਿਚ ਬਿਜਾਈ ਤੇਜ਼ੀ ਨਾਲ ਚੱਲ ਰਹੀ ਹੈ, ਜੋ ਆਉਂਦੇ ਕਈ ਦਿਨਾਂ ਤੱਕ ਜਾਰੀ ਰਹੇਗੀ। ਕੇਂਦਰ ਸਰਕਾਰ ਵਲੋਂ ਆਗਾਮੀ ਨਵੇਂ ਕਪਾਹ ਸੀਜ਼ਨ ਸਾਲ 2023-24 ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਵਿਚ 540 ਅਤੇ 640 ਰੁਪਏ ਪ੍ਰਤੀ ਕੁਇੰਟਲ ਵਧਾਉਣ ਦਾ ਫ਼ੈਸਲਾ ਕੀਤਾ ਹੈ। ਮੌਜੂਦਾ ਵਿੱਤੀ ਸਾਲ ਲਈ ਦਰਮਿਆਨੀ ਸਟੈਪਲ ਕਪਾਹ 6080 ਤੋਂ ਵਧਾ ਕੇ 6620 ਰੁਪਏ ਅਤੇ ਲੰਬਾ ਸਟੈਪਲ ਕਪਾਹ 6380 ਰੁਪਏ ਤੋਂ ਵਧਾ ਕੇ 7020 ਰੁਪਏ ਪ੍ਰਤੀ ਕੁਇੰਟਲ ਕੀਤਾ ਹੈ। ਸੂਤਰਾਂ ਦੀ ਮੰਨੀਏ ਤਾਂ ਦੇਸ਼ ’ਚ ਕਿਸਾਨ ਕਪਾਹ ਦੀ ਬਿਜਾਈ ਦਾ ਖੇਤਰ ਵਧਾ ਸਕਦੇ ਹਨ।


author

rajwinder kaur

Content Editor

Related News