ਕਪਾਹ ਦਾ ਮੁੱਲ MSP ਦੇ ਪਾਰ, 5475 ''ਤੇ ਪੁੱਜੇ ਰੇਟ

09/19/2018 8:29:48 AM

ਜੈਤੋ, (ਰਘੁਨੰਦਨ ਪਰਾਸ਼ਰ)— ਉੱਤਰ ਭਾਰਤ ਦੇ ਪ੍ਰਮੁੱਖ ਕਪਾਹ ਉਤਪਾਦਕ ਸੂਬਿਆਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀਆਂ ਮੰਡੀਆਂ 'ਚ ਨਵੀਂ ਕਪਾਹ ਦੀ ਆਮਦ 'ਚ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ।ਇਹ ਜਾਣਕਾਰੀ ਮਹਾਦੇਵ ਸਪਿਨਿੰਗ ਮਿੱਲ ਸਮਾਣਾ ਦੇ ਅਸ਼ੋਕ ਮੋਦਗਿੱਲ ਨੇ ਦਿੱਤੀ।ਪੰਜਾਬ ਦੀਆਂ ਮੰਡੀਆਂ 'ਚ 2000 ਗੰਢ, ਹਰਿਆਣਾ 'ਚ 6000, ਸ਼੍ਰੀਗੰਗਾਨਗਰ ਸਰਕਲ 'ਚ 2000 ਅਤੇ ਲੋਅਰ ਰਾਜਸਥਾਨ ਖੇਤਰ 'ਚ 1800 ਗੰਢ ਕਪਾਹ ਪਹੁੰਚ ਚੁੱਕੀ ਹੈ, ਜਦੋਂ ਕਿ ਬੀਤੇ ਹਫਤੇ ਇਹ ਕਪਾਹ ਆਮਦ ਅੱਧੇ ਤੋਂ ਵੀ ਘੱਟ ਸੀ।

ਦੇਸ਼ 'ਚ ਬੀਤੇ ਦਿਨ ਲਗਭਗ 13,500 ਗੰਢ ਦੀ ਆਮਦ ਰਹੀ।ਉਨ੍ਹਾਂ ਕਿਹਾ ਕਿ ਨਵੀਂ ਕਪਾਹ ਮੀਡੀਅਮ ਸਟੈਪਲ ਦਾ ਐੱਮ. ਐੱਸ. ਪੀ. 5150 ਰੁਪਏ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ, ਜਦੋਂ ਕਿ ਅੱਜ-ਕੱਲ ਇਹ ਕਪਾਹ ਮੰਡੀਆਂ 'ਚ 5475-5500 ਰੁਪਏ ਕੁਇੰਟਲ ਤੱਕ ਵਿਕ ਰਹੀ ਹੈ।ਮੰਡੀਆਂ 'ਚ ਆਮ ਤੌਰ 'ਤੇ ਕਪਾਹ ਐੱਮ. ਐੱਸ. ਪੀ. ਤੋਂ ਲਗਭਗ 300-325 ਰੁਪਏ ਪ੍ਰਤੀ ਕੁਇੰਟਲ ਉੱਚੀ ਵਿਕ ਰਹੀ ਹੈ।ਓਧਰ ਬਾਜ਼ਾਰ ਜਾਣਕਾਰਾਂ ਦਾ ਕਹਿਣਾ ਹੈ ਕਿ ਨਵੀਂ ਕਪਾਹ ਦੀ ਵਧਦੀ ਆਮਦ ਨੂੰ ਵੇਖਦਿਆਂ ਜ਼ਿਆਦਾਤਰ ਸਪਿਨਿੰਗ ਮਿੱਲਾਂ ਨੇ ਆਪਣੀ ਖਰੀਦਦਾਰੀ ਘੱਟ ਕੀਤੀ ਹੋਈ ਹੈ।


Related News