ਕੋਰੋਨਾ ਨਾਲ ਭਾਰਤੀ ਰੂੰ ਬਾਜ਼ਾਰ ਮੂਧੇ ਮੂੰਹ ਡਿੱਗਿਆ, ਪੈਸੇ ਦੀ ਬਣੀ ਤੰਗੀ

Monday, Mar 23, 2020 - 10:27 AM (IST)

ਜੈਤੋ- ਦੇਸ਼ ਦੇ ਵੱਖ-ਵੱਖ ਸਫੈਦ ਸੋਨਾ (ਨਰਮਾ) ਉਤਪਾਦਕ ਸੂਬਿਆਂ ਦੀਆਂ ਘਰੇਲੂ ਮੰਡੀਆਂ ‘ਚ ਹੁਣ ਤੱਕ 3 ਕਰੋੜ ਗੰਢ ਤੋਂ ਜ਼ਿਆਦਾ ਆਮਦ ਹੋਣ ਦੀ ਸੂਚਨਾ ਹੈ। ਭਾਰਤੀ ਟੈਕਸਟਾਈਲਜ਼ ਉਦਯੋਗ, ਸਪਿਨਿੰਗ ਮਿੱਲਾਂ ਅਤੇ ਹੋਰ ਛੋਟੀਆਂ-ਵੱਡੀਆਂ ਇਕਾਈਆਂ ਦੀ ਸਾਲਾਨਾ ਖਪਤ ਨਾਲ ਦੇਸ਼ ‘ਚ ਨਰਮੇ ਦੀ ਜ਼ਿਆਦਾ ਪੈਦਾਵਾਰ ਹੋਵੇਗੀ। ਕਾਟਨ ਐਸੋਸੀਏਸ਼ਨ ਆਫ ਇੰਡੀਆ (ਸੀ. ਏ. ਆਈ.) ਦੇ ਰਾਸ਼ਟਰੀ ਪ੍ਰਧਾਨ ਅਤੁਲ ਭਾਈ ਗਣਤਰਾ ਦਾ ਕਹਿਣਾ ਹੈ ਕਿ ਦੇਸ਼ ‘ਚ ਚਾਲੂ ਕਪਾਹ ਸੀਜ਼ਨ ਸਾਲ 2019-20 ‘ਚ ਪਿਛਲੇ ਸਾਲ ਦੇ ਮੁਕਾਬਲੇ ਸਫੈਦ ਸੋਨੇ ਦੀ ਪੈਦਾਵਾਰ ਜ਼ਿਆਦਾ ਹੋਵੇਗੀ। ਇਸ ਸੀਜ਼ਨ ‘ਚ 354.50 ਲੱਖ ਗੰਢ ਨਰਮੇ ਦੀ ਪੈਦਾਵਾਰ ਹੋਵੇਗੀ, ਜਦੋਂਕਿ ਪਿਛਲੇ ਸਾਲ ਸਿਰਫ 312 ਲੱਖ ਗੰਢ ਇਸ ਦੀ ਪੈਦਾਵਾਰ ਹੋਈ ਸੀ। ਦੂਜੇ ਪਾਸੇ ਕੱਪੜਾ ਮੰਤਰਾਲਾ ਦੇ ਕਾਟਨ ਐਡਵਾਈਜ਼ਰੀ ਬੋਰਡ (ਸੀ. ਏ. ਬੀ.) ਨੇ ਇਸ ਸੀਜ਼ਨ ਦੀ ਪੈਦਾਵਾਰ 360 ਲੱਖ ਗੰਢ ਹੋਣ ਦਾ ਅੰਦਾਜ਼ਾ ਲਾਇਆ ਹੈ। ਇਸ ਵਿਚਾਲੇ ਹੀ ਖੇਤੀ ਮੰਤਰਾਲਾ ਦੇ ਦੂਜੇ ਸ਼ੁਰੂਆਤੀ ਅੰਦਾਜ਼ੇ ਅਨੁਸਾਰ ਦੇਸ਼ ‘ਚ ਸਫੈਦ ਸੋਨੇ ਦੀ ਪੈਦਾਵਾਰ 348.91 ਲੱਖ ਗੰਢ ਹੋਵੇਗੀ।

ਓਧਰ ਦੇਸ਼ ਦੇ ਇਕ ਵੱਡੇ ਰੂੰ ਕਾਰੋਬਾਰੀ ਅਤੇ ਬਰਾਮਦਕਾਰ ਨੇ ਉਪਰੋਕਤ ਸਾਰੇ ਅੰਕੜਿਆਂ ਨੂੰ ਠੁਕਰਾਉਂਦੇ ਹੋਏ ਕਿਹਾ ਹੈ ਕਿ ਭਾਰਤ ‘ਚ ਸਫੈਦ ਸੋਨੇ ਦੀ ਪੈਦਾਵਾਰ 4 ਕਰੋੜ ਗੰਢ ਦੇ ਆਸ-ਪਾਸ ਰਹੇਗੀ। ਦੇਸ਼ ਦੇ ਵੱਖ-ਵੱਖ ਸਫੈਦ ਸੋਨਾ ਪੈਦਾਵਾਰ ਸੂਬਿਆਂ ‘ਚ ਹੁਣ ਵੀ ਲੱਖਾਂ ਗੰਢ ਦਾ ਨਰਮਾ ਕਿਸਾਨਾਂ ਕੋਲ ਹੈ। ਸੂਤਰਾਂ ਅਨੁਸਾਰ ਕੋਰੋਨਾ ਵਾਇਰਸ ਕਾਰਣ ਵਿਸ਼ਵ ਰੂੰ ਬਾਜ਼ਾਰ ਸਮੇਤ ਭਾਰਤ ‘ਚ ਵੀ ਇਸ ਦਾ ਮਾੜਾ ਅਸਰ ਦੇਖਣ ਨੂੰ ਮਿਲਿਆ ਹੈ। ਸੂਤਰਾਂ ਅਨੁਸਾਰ ਦਸੰਬਰ ਮਹੀਨੇ ‘ਚ ਚੀਨ ‘ਚ ਫੈਲੇ ਕੋਰੋਨਾ ਵਾਇਰਸ ਨੂੰ ਲੈ ਕੇ ਇਸ ਦਾ ਅਸਰ ਭਾਰਤੀ ਟੈਕਸਟਾਈਲਜ਼ ਉਦਯੋਗ ਅਤੇ ਸਪਿਨਿੰਗ ਉਦਯੋਗ ‘ਤੇ ਹੋਣਾ ਸ਼ੁਰੂ ਹੋ ਗਿਆ ਸੀ। ਭਾਰਤੀ ਯਾਰਨ ਅਤੇ ਰੂੰ ਬਰਾਮਦਕਾਰਾਂ ਦੀ ਪੇਮੈਂਟ ਰੁਕਣੀ ਸ਼ੁਰੂ ਹੋ ਗਈ ਸੀ। ਚੀਨ ਤੋਂ ਇਲਾਵਾ ਹੋਰ ਦੇਸ਼ਾਂ ‘ਚ ਕੋਰੋਨਾ ਵਾਇਰਸ ਜਿਵੇਂ-ਜਿਵੇਂ ਫੈਲਣ ਲੱਗਾ ਤਾਂ ਇਸ ਦਾ ਅਸਰ ਭਾਰਤੀ ਰੂੰ ਵਪਾਰ ਜਗਤ ‘ਤੇ ਤੇਜ਼ੀ ਨਾਲ ਸ਼ੁਰੂ ਹੋ ਗਿਆ। ਦਸੰਬਰ 2019 ਮਹੀਨੇ ਦੇ ਅੰਤ ‘ਚ ਹਾਜ਼ਰ ਰੂੰ ਭਾਅ ਪੰਜਾਬ 4075-4100 ਰੁਪਏ ਮਣ, ਹਰਿਆਣਾ 4040-4060 ਰੁਪਏ, ਹਨੂਮਾਨਗੜ੍ਹ ਸਰਕਲ 4050-4060 ਰੁਪਏ, ਸ਼੍ਰੀਗੰਗਾਨਗਰ ਸਰਕਲ 3950-4000 ਰੁਪਏ ਮਣ ਅਤੇ ਲੋਅਰ ਰਾਜਸਥਾਨ ਰੂੰ 38000-39200 ਰੁਪਏ ਖੰਡੀ ਸਨ, ਜੋ ਹੁਣ ਕੋਰੋਨਾ ਕਾਰਣ ਮੂਧੇ ਮੁੰਹ ਡਿੱਗ ਕੇ ਪੰਜਾਬ ਰੂੰ ਭਾਅ 3810-3850 ਰੁਪਏ ਮਣ, ਹਰਿਆਣਾ 3790-3795 ਰੁਪਏ, ਹਨੂਮਾਨਗੜ੍ਹ ਸਰਕਲ 3780-3790 ਰੁਪਏ, ਸ਼੍ਰੀਗੰਗਾਨਗਰ ਲਾਈਨ 3730-3760 ਰੁਪਏ ਮਣ ਅਤੇ ਲੋਅਰ ਰਾਜਸਥਾਨ 35700-36700 ਰੁਪਏ ਪ੍ਰਤੀ ਖੰਡੀ ਰਹਿ ਗਏ ਹਨ। 260-270 ਰੁਪਏ ਪ੍ਰਤੀ ਮਣ ਅਤੇ ਲਗਭਗ 2500 ਰੁਪਏ ਪ੍ਰਤੀ ਖੰਡੀ ਭਾਅ ਫਿਸਲਣ ਤੋਂ ਬਾਅਦ ਵੀ ਸ਼ਨੀਵਾਰ ਨੂੰ ਸਪਿਨਿੰਗ ਮਿੱਲਾਂ ਦੀ ਮੰਗ ਠੁਸ ਰਹੀ। ਕੋਰੋਨਾ ਵਾਇਰਸ ਨਾਲ ਭਾਰਤ ‘ਚ ਇਸ ਦੀ ਗਿਣਤੀ ਲਗਾਤਾਰ ਵਧਣ ਕਾਰਣ ਰੂੰ ਬਾਜ਼ਾਰ ‘ਚ ਕਿਆਸ ਲਾਏ ਜਾ ਰਹੇ ਹਨ ਕਿ ਹਾਜ਼ਰ ਰੂੰ ਦਾ ਜਹਾਜ਼ ਗੰਗਾ ‘ਚ ਲਗਾਤਾਰ ਗੋਤੇ ਲਾ ਸਕਦਾ ਹੈ, ਜਿਸ ਨਾਲ ਰੂੰ ਬਾਜ਼ਾਰ ਦਾ ਲੱਕ ਟੁੱਟ ਸਕਦਾ ਹੈ। ਬਾਜ਼ਾਰ ‘ਚ ਪੈਸੇ ਦੀ ਵੱਡੀ ਤੰਗੀ ਨੇ ਰੂੰ ਕਾਰੋਬਾਰੀਆਂ ਨੂੰ ਵੱਡੀ ਪ੍ਰੇਸ਼ਾਨੀ ‘ਚ ਧੱਕ ਦਿੱਤਾ ਹੈ, ਜਿਸ ਨਾਲ ਦੇਣਦਾਰਾਂ ਦੀ ਨੀਂਦ ਉੱਡ ਚੁੱਕੀ ਹੈ ਕਿਉਂਕਿ ਵਿਦੇਸ਼ਾਂ ‘ਚ ਰੂੰ ਅਤੇ ਯਾਰਨ ਦਾ ਕਈ ਹਜ਼ਾਰ ਕਰੋੜ ਰੁਪਇਆ ਭਾਰਤੀ ਰੂੰ ਅਤੇ ਯਾਰਨ ਬਰਾਮਦਕਾਰਾਂ ਦਾ ਰੁਕਿਆ ਪਿਆ ਹੈ।


Tarsem Singh

Content Editor

Related News