‘ਭਾਰਤੀ ਟੈਕਸਟਾਈਲ ਉਦਯੋਗ ਨੂੰ ਬਚਾਉਣ ਲਈ ਰੂੰ ਦੀ ਬਰਾਮਦ ’ਤੇ ਪਾਬੰਦੀ ਲਗਾਉਣਾ ਜ਼ਰੂਰੀ’
Tuesday, Apr 26, 2022 - 12:55 PM (IST)
ਜੈਤੋ (ਪਰਾਸ਼ਰ) – ਦੇਸ਼ ’ਚ ਚਾਲੂ ਕਪਾਹ ਸੀਜ਼ਨ ਸਾਲ 2021-22 ਦੌਰਾਨ 5060 ਲੱਖ ਗੰਢਾਂ ਕਪਾਹ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਿਛਲੇ ਸਾਲ ਦੇਸ਼ ’ਚ ਕਪਾਹ ਉਤਪਾਦਨ 3.53 ਤੋਂ 3.55 ਕਰੋੜ ਗੰਢਾਂ (ਪ੍ਰਤੀ ਗੰਢ 170 ਕਿਲੋਗ੍ਰਾਮ) ਰਿਹਾ ਸੀ। ਉੱਥੇ ਹੀ ਕਾਟਨ ਐਸੋਸੀਏਸ਼ਨ ਆਫ ਇੰਡੀਆ ਦਾ ਅਨੁਮਾਨ ਹੈ ਕਿ ਉਤਪਾਦਨ 3.43 ਕਰੋੜ ਗੰਢਾਂ ਰਹੇਗਾ।
ਦੇਸ਼ ’ਚ ਰੂੰ ਦੀ ਕਮੀ ਨੂੰ ਦੇਖਦੇ ਹੋਏ ਭਾਰਤੀ ਟੈਕਸਟਾਈਲ ਉਦਯੋਗ ਅਤੇ ਕਤਾਈ ਮਿੱਲਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕਈ ਹਫਤਿਆਂ ਤੋਂ ਰੂੰ ਦੀਆਂ ਕੀਮਤਾਂ 7ਵੇਂ ਅਸਮਾਨ ’ਤੇ ਹਨ ਅਤੇ ਹੇਠਾਂ ਉਤਰਨ ਦਾ ਨਾਂ ਨਹੀਂ ਲੈ ਰਹੀਆਂ ਹਨ। ਰੂੰ ਕੀਮਤਾਂ ’ਚ ਭਿਆਨਕ ਤੇਜ਼ੀ ਨਾਲ ਕਤਾਈ ਮਿੱਲਾਂ ਨੂੰ 25-30 ਰੁਪਏ ਪ੍ਰਤੀ ਕਿਲੋ ਦਾ ਨੁਕਸਾਨ ਹੋ ਰਿਹਾ ਹੈ। ਸੂਤਰਾਂ ਮੁਤਾਬਕ ਭਾਰਤੀ ਟੈਕਸਟਾਈਲ ਉਦਯੋਗ ਅਤੇ ਕਤਾਈ ਮਿੱਲਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੁਣ ਰੂੰ ਬਰਾਮਦ ’ਤੇ ਤੁਰੰਤ ਪਾਬੰਦੀ ਲਗਾਉਣੀ ਚਾਹੀਦੀ ਹੈ ਕਿਉਂਕਿ ਇਸ ਸਾਲ ਭਾਰਤ ’ਚ ਕਪਾਹ ਉਤਪਾਦਨ ਲੱਖਾਂ ਗੰਢਾਂ ਘੱਟ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਇਸ ਸਾਲ ਪੰਜਾਬ, ਹਰਿਆਣਾ ਅਤੇ ਰਾਜਸਥਾਨ ਸਮੇਤ ਸਾਊਥ ਸੂਬਿਆਂ ’ਚ ਬੇਮੌਸਮੇ ਮੀਂਹ ਅਤੇ ਕੀੜਿਆਂ ਨੇ ਲੱਖਾਂ ਗੰਢਾਂ ਕਪਾਹ ਖਰਾਬ ਕਰ ਦਿੱਤੀ, ਜਿਸ ਨਾਲ ਉਤਪਾਦਨ ’ਚ ਕਮੀ ਆਉਣਾ ਨਿਸ਼ਚਿਤ ਹੈ। ਦੇਸ਼ ’ਚ ਉਤਪਾਦਨ ਘੱਟ ਹੋਣ ਕਾਰਨ ਕਪਾਹ ਦੇ ਭਾਅ ਘੱਟੋ-ਘੱਟ ਸਮਰਥਨ ਮੁੱਲ 5725 ਅਤੇ ਵਧੀਆ ਕਪਾਹ 6025 ਰੁਪਏ ਪ੍ਰਤੀ ਕੁਇੰਟਲ ਤੋਂ ਰਿਕਾਰਡ ਦਰਜ ਕਰ ਕੇ ਭਾਅ ਦੁੱਗਣੇ ਤੋਂ ਵੱਧ ਪਹੁੰਚ ਗਏ ਪਰ ਇਸ ਦੇ ਮੁਕਾਬਲੇ ਧਾਗੇ ਦੇ ਭਾਅ ਨਹੀਂ ਵਧੇ। ਕੇਂਦਰ ਸਰਕਾਰ ਨੇ ਭਾਰਤੀ ਟੈਕਸਟਾਈਲ ਉਦਯੋਗ ਨੂੰ ਰਾਹਤ ਦੇਣ ਲਈ ਰੂੰ ਤੋਂ ਦਰਾਮਦ ਡਿਊਟੀ ਖਤਮ ਕਰ ਦਿੱਤੀ ਹੈ ਪਰ ਸਰਕਾਰ ਨੇ ਇਹ ਫੈਸਲਾ 2-3 ਮਹੀਨੇ ਦੇਰੀ ਨਾਲ ਲਿਆ ਗਿਆ ਹੈ ਕਿਉਂਕਿ ਜ਼ਿਆਦਾਤਰ ਮਿੱਲਾਂ ਦਰਾਮਦ ਕਰ ਚੁੱਕੀਆਂ ਹਨ। ਸਰਕਾਰ ਵਲੋਂ ਦਰਾਮਦ ਡਿਊਟੀ ਖਤਮ ਕਰਨ ਤੋਂ ਬਾਅਦ ਵੀ ਰੂੰ ਅਤੇ ਕਪਾਹ ਦੇ ਭਾਅ ’ਚ ਕੋਈ ਗਿਰਾਵਟ ਨਹੀਂ ਆਈ ਹੈ ਅਤੇ ਦੋਵਾਂ ਦੇ ਭਾਅ ਉਸੇ ਤਰ੍ਹਾਂ ਚੱਲ ਰਹੇ ਹਨ।
ਇਸ ਦਰਮਿਆਨ ਹੀ ਕਾਟਨ ਐਸੋਸੀਏਸ਼ਨ ਆਫ ਇੰਡੀਆ (ਸੀ. ਏ. ਆਈ.) ਦੇ ਕੌਮੀ ਪ੍ਰਧਾਨ ਅਤੁਲ ਭਾਈ ਗਣਤਰਾ ਨੇ ਕਿਹਾ ਕਿ ਕਿਸਾਨਾਂ ਨੂੰ ਇਸ ਸਾਲ ਕਪਾਹ ਦਾ ਰਿਕਾਰਡ ਭਾਅ ਮਿਲਿਆ ਹੈ, ਜਿਸ ਨਾਲ ਆਉਣ ਵਾਲੇ ਸੀਜ਼ਨ 2022-23 ’ਚ ਪੂਰੇ ਭਾਰਤ ’ਚ 15 ਤੋਂ 25 ਫੀਸਦੀ ਕਾਟਨ ਦਾ ਰਕਬਾ ਵਧ ਜਾਏਗਾ। ਇਸ ਵਾਰ ਬਿਜਾਈ ਛੇਤੀ ਹੋਣ ਨਾਲ ਆਮਦ ਦੇ ਛੇਤੀ ਆਉਣ ਦੀ ਉਮੀਦ ਹੈ। ਸਪੀਨਿੰਗ ਮਿੱਲਾਂ ਦੀ ਦਰਾਮਦ ਡਿਊਟੀ ਹਟਾਉਣ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਨੂੰ ਸਤੰਬਰ ਤੋਂ ਬਾਅਦ ਪੂਰੀ ਤਰ੍ਹਾਂ ਹਟਾ ਦੇਣਾ ਚਾਹੀਦਾ ਹੈ ਤਾਂ ਕਿ ਫ੍ਰੀ ਟ੍ਰੇਡ ਕਾਰੋਬਾਰ ਕੀਤਾ ਜਾ ਸਕੇ।
ਸਪੀਨਿੰਗ ਮਿੱਲਾਂ ਲਈ ਆਉਣ ਵਾਲੇ 6 ਮਹੀਨੇ ਬੇਹੱਦ ਮੁਸ਼ਕਲ ਭਰੇ
ਗਣਤਰਾ ਨੇ ਕਿਹਾ ਕਿ ਸਪੀਨਿੰਗ ਮਿੱਲਾਂ ਲੌਬੀ ਦੀ ਸਰਕਾਰ ਤੋਂ ਮੰਗ ਹੈ ਕਿ ਰੂੰ ਸਟਾਕ ਲਿਮਿਟ ਲਗਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਭਾਰਤ ’ਚ ਕਾਟਨ ਯੀਲਡ ਇਕ ਬਹੁਤ ਵੱਡੀ ਸਮੱਸਿਆ ਹੈ। ਕਾਟਨ ਦੀ ਯੀਲਡ ਇੰਡੀਆ ’ਚ ਸਭ ਤੋਂ ਘੱਟ ਹੈ ਅਤੇ ਏਰੀਆ ਸਭ ਤੋਂ ਵੱਧ ਹੈ। ਜੇ ਅਸੀਂ ਵਿਸ਼ਵ ਦੀ ਐਵਰੇਜ ਯੀਲਡ ਨੂੰ ਵੀ ਟੱਚ ਕਰ ਲਈਏ ਤਾਂ ਉਤਪਾਦਨ ’ਚ 40 ਫੀਸਦੀ ਦਾ ਵਾਧਾ ਹੋ ਜਾਏਗਾ। ਉਨ੍ਹਾਂ ਨੇ ਕਿਹਾ ਕਿ ਸੀ. ਏ. ਆਈ. ਸਰਕਾਰ ਨੂੰ ਵਾਰ-ਵਾਰ ਕਹਿ ਰਹੀ ਹੈ ਕਿ ਦੇਸ਼ ਦੀ ਸੀਡ ਤਕਨਾਲੋਜੀ ’ਚ ਕ੍ਰਾਂਤੀ ਲਿਆਉਣ ਦੀ ਲੋੜ ਹੈ। ਜੇ ਸੀਡ ਤਕਨਾਲੋਜੀ ਲਾਗੂ ਹੋ ਜਾਂਦੀ ਹੈ ਤਾਂ ਕਪਾਹ ਉਤਪਾਦਨ ’ਚ ਵੱਡਾ ਵਾਧਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੀਆਂ ਕਈ ਮਿੱਲਾਂ 5 ਲੱਖ ਸਪਿੰਡਲਸ ਤੱਕ ਟਾਨ ਤੋਂ ਪਾਲਿਸਟਰ ਅਤੇ ਵਿਸਕੋਸ ਵੱਲ ਡਾਇਵਰਟ ਹੋ ਚੁੱਕੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਪੀਨਿੰਗ ਮਿੱਲਾਂ ਲਈ ਆਉਣ ਵਾਲੇ 6 ਮਹੀਨੇ ਬੇਹੱਦ ਮੁਸ਼ਕਲ ਵਾਲੇ ਹਨ।