ਕੋਰੋਨਾ ਦਾ ਪ੍ਰਭਾਵ: ਹੋਟਲਾਂ ਦੇ ਕਿਰਾਏ ਡਿੱਗੇ, ਫਰਾਰੀ ਦਾ ਵੀ ਕੰਮ ਬੰਦ

03/16/2020 12:54:56 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਕਾਰਨ ਲਗਜ਼ਰੀ ਹੋਟਲਾਂ, ਏਅਰਲਾਈਨਾਂ ਨੂੰ ਭਾਰੀ ਨੁਕਸਾਨ ਹੋਣਾ ਸ਼ੁਰੂ ਹੋ ਚੁੱਕਾ ਹੈ, ਜਿਸ ਦਾ ਸਿੱਧਾ ਪ੍ਰਭਾਵ ਰੋਜ਼ਗਾਰਾਂ 'ਤੇ ਪੈ ਸਕਦਾ ਹੈ। ਲਗਜ਼ਰੀ ਹੋਟਲਾਂ ਨੇ ਕਮਰੇ ਦੇ ਕਿਰਾਏ ਘਟਾ ਦਿੱਤੇ ਹਨ। ਵਾਇਰਸ ਦੀ ਚਿੰਤਾ ਕਾਰਨ ਬੁਕਿੰਗ ਡਿੱਗ ਗਈ ਹੈ, ਜਿਸ ਦੇ ਮੱਦੇਨਜ਼ਰ ਕਿਰਾਇਆਂ 'ਚ ਕਟੌਤੀ ਕਰ ਦਿੱਤੀ ਗਈ ਹੈ। ਉੱਥੇ ਹੀ, ਟੂਰਸਿਟ ਵੀਜ਼ਾ ਰੱਦ ਹੋਣ ਨਾਲ ਹੋਟਲਾਂ ਦੀ ਬੁਕਿੰਗ 40 ਤੋਂ 50 ਫੀਸਦੀ ਘੱਟ ਗਈ ਹੈ।

 

ਹੋਟਲ ਇੰਡਸਟਰੀ ਦੀ ਇਹ ਚਿੰਤਾਜਨਕ ਸਥਿਤੀ ਸਿਰਫ ਭਾਰਤ 'ਚ ਹੀ ਨਹੀਂ ਸਗੋਂ ਵਿਸ਼ਵ ਭਰ 'ਚ ਬਣੀ ਹੋਈ ਹੈ। ਕੋਵਿਡ -19 ਦੇ ਫੈਲਣ ਨੂੰ ਰੋਕਣ ਲਈ ਕਈ ਸਰਕਾਰਾਂ ਨੇ ਯਾਤਰਾ ਸੰਬੰਧੀ ਚਿਤਾਵਨੀ ਜਾਰੀ ਕੀਤੀ ਹੈ ਤੇ ਇਟਲੀ, ਸਪੇਨ ਅਤੇ ਫਰਾਂਸ ਸਮੇਤ ਕਈ ਦੇਸ਼ ਲਾਕਡਾਊਨ ਹਨ।

ਇਕ ਲਗਜ਼ਰੀ ਹੋਟਲ ਦੇ ਕਾਰਜਕਾਰੀ ਡਾਇਰੈਕਟਰ ਮੁਤਾਬਕ, ਹੋਟਲਾਂ ਦੇ ਕਿਰਾਏ ਪਿਛਲੇ ਸਾਲ ਨਾਲੋਂ 15-20 ਫੀਸਦੀ ਘੱਟ ਹੋ ਗਏ ਹਨ। ਦਿੱਲੀ ਦੇ ਇਕ ਲਗਜ਼ਰੀ ਹੋਟਲ 'ਚ ਕਮਰੇ ਦੇ ਰੇਟ 12,000 ਰੁਪਏ ਤੋਂ ਘੱਟ ਕੇ 8,000 ਰੁਪਏ ਹੋ ਗਏ ਹਨ। ਕਈ ਲਗਜ਼ਰੀ ਹੋਟਲਾਂ 'ਚ ਵੀ ਇਸੇ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ। ਕੋਰੋਨਾ ਵਾਇਰਸ ਕਾਰਨ ਵਿਸ਼ਵ ਭਰ 'ਚ ਯਾਤਰਾ 'ਤੇ ਪਾਬੰਦੀ ਲੱਗਣ ਨਾਲ ਇੰਡਸਟਰੀ ਖਾਸਾ ਪ੍ਰਭਾਵਿਤ ਹੋ ਰਹੀ ਹੈ।

ਫਰਾਰੀ 'ਠੱਪ', ਏਅਰਲਾਈਨਾਂ ਨੂੰ ਘਾਟਾ
ਉੱਥੇ ਹੀ, ਇਟਲੀ ਦੀ ਲਗਜ਼ਰੀ ਕਾਰ ਨਿਰਮਾਤਾ ਫਰਾਰੀ ਨੇ ਦੋ ਹਫਤੇ ਲਈ ਪ੍ਰਾਡਕਸ਼ਨ ਬੰਦ ਕਰ ਦਿੱਤਾ ਹੈ। ਇਟਲੀ ਲਾਕਡਾਊਨ ਹੋਣ ਕਾਰਨ ਕੰਪਨੀ ਨੇ ਮਾਰਨੇਲੋ ਤੇ ਮੋਡੇਨਾ ਫੈਕਟਰੀ 'ਚ ਪ੍ਰਾਡਕਸ਼ਨ 27 ਮਾਰਚ ਤੱਕ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਓਧਰ ਗਲੋਬਲ ਹਵਾਬਾਜ਼ੀ ਸਲਾਹਕਾਰ ਫਰਮ CAPA ਨੇ ਵੀ ਚਿੰਤਾ ਜ਼ਾਹਰ ਕੀਤੀ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਮਈ ਤੱਕ ਕਈ ਹਵਾਈ ਜਹਾਜ਼ ਕੰਪਨੀਆਂ ਦਾ ਬੇੜਾ ਬਹਿ ਸਕਦਾ ਹੈ, ਯਾਨੀ ਦਿਵਾਲੀਆ ਹੋ ਸਕਦੀਆਂ ਹਨ। ਇਸ ਵਿਚਕਾਰ ਐਟਲਾਂਟਾ ਦੀ ਡੈਲਟਾ ਏਅਰਲਾਈਨ 300 ਜਹਾਜ਼ਾਂ ਨੂੰ ਖੜ੍ਹੇ ਕਰਨ ਜਾ ਰਹੀ ਹੈ ਅਤੇ ਉਡਾਣਾਂ 'ਚ 40 ਫੀਸਦੀ ਤੱਕ ਦੀ ਕਟੌਤੀ ਕਰੇਗੀ। ਹਵਾਈ ਜਹਾਜ਼ ਕੰਪਨੀਆਂ ਨੂੰ ਸਭ ਤੋਂ ਵੱਡਾ ਝਟਕਾ ਇਹ ਲੱਗਾ ਹੈ ਕਿ ਅਮਰੀਕਾ ਨੇ ਯੂਰਪੀ ਦੇਸ਼ਾਂ, ਯੂ. ਕੇ. ਅਤੇ ਆਇਰਲੈਂਡ ਨਾਲ ਸਬੰਧਤ ਸਾਰੇ ਲੋਕਾਂ ਲਈ ਟੂਰਿਸਟ ਵੀਜ਼ਾ ਮੁਅੱਤਲ ਕਰ ਦਿੱਤੇ ਹਨ। ਇਸੇ ਤਰ੍ਹਾਂ ਭਾਰਤ ਸਰਕਾਰ ਨੇ 11 ਮਾਰਚ ਨੂੰ ਜਾਂ ਇਸ ਤੋਂ ਪਹਿਲਾਂ ਦਿੱਤੇ ਗਏ ਸਾਰੇ ਯਾਤਰੀ ਵੀਜ਼ੇ ਮੁਅੱਤਲ ਕਰ ਦਿੱਤੇ ਹਨ, ਜਿਸ ਕਾਰਨ ਯਾਤਰੀ ਨਹੀਂ ਮਿਲ ਰਹੇ।


Related News