ਭਾਰਤੀ ਆਉਣ ਵਾਲੇ ਸਮੇਂ ''ਚ ਖ਼ਰਚੇ ਨੂੰ ਲੈ ਕੇ ਚੌਕਸ, 10 ''ਚੋਂ 9 ਨੇ ਜਤਾਈ ਚਿੰਤਾ : ਸਰਵੇ
Friday, Sep 25, 2020 - 09:30 AM (IST)

ਮੁੰਬਈ (ਭਾਸ਼ਾ) : ਕੋਰੋਨਾ ਵਾਇਰਸ ਇਨਫੈਕਸ਼ਨ 'ਚ ਲਗਾਤਾਰ ਵਧਦੇ ਮਾਮਲਿਆਂ ਦੇ ਨਾਲ ਰੋਜ਼ਗਾਰ ਅਤੇ ਆਰਥਿਕ ਰਿਵਾਈਵਲ ਨੂੰ ਲੈ ਕੇ ਇਕ ਅਨਿਸ਼ਚਿਤਤਾ ਪੈਦਾ ਹੋ ਰਹੀ ਹੈ ਅਤੇ ਇਸ ਦਾ ਅਸਰ ਖ਼ਰਚੇ 'ਤੇ ਵੀ ਦਿਖਾਈ ਦੇ ਰਿਹਾ ਹੈ। ਇਕ ਸਰਵੇ 'ਚ ਦੇਸ਼ 'ਚ 10 'ਚੋਂ 9 ਲੋਕਾਂ ਨੇ ਇਸ ਨੂੰ ਲੈ ਕੇ ਚਿੰਤਾ ਪ੍ਰਗਟਾਈ ਅਤੇ ਆਉਣ ਵਾਲੇ ਸਮੇਂ 'ਚ ਖ਼ਰਚ ਨੂੰ ਲੈ ਕੇ ਚੌਕਸੀ ਵਰਤਣ ਦੀ ਗੱਲ ਕਹੀ।
ਬ੍ਰਿਟੇਨ ਦੇ ਸਟੈਂਡਰਡ ਚਾਰਟਰਡ ਬੈਂਕ ਨੇ ਇਸ ਸਬੰਧ 'ਚ ਕੌਮਾਂਤਰੀ ਪੱਧਰ 'ਤੇ ਇਕ ਸਰਵੇ ਕੀਤਾ ਹੈ। ਬੈਂਕ ਨੇ ਕਿਹਾ ਕਿ ਸਰਵੇ 'ਚ 90 ਫ਼ੀਸਦੀ ਭਾਰਤੀ ਮੁਕਾਬਲੇਬਾਜ਼ਾਂ ਨੇ ਕਿਹਾ ਕਿ ਮਹਾਮਾਰੀ ਨੇ ਉਨ੍ਹਾਂ ਨੂੰ ਖ਼ਰਚੇ ਨੂੰ ਲੈ ਕੇ ਚੌਕਸ ਬਣਾ ਦਿੱਤਾ ਹੈ। ਸਰਵੇ ਮੁਤਾਬਕ 76 ਫੀਸਦੀ ਭਾਰੀ ਮੁਕਾਬਲੇਬਾਜ਼ ਮਹਿਸੂਸ ਕਰਦੇ ਹਨ ਕਿ ਮਹਾਮਾਰੀ ਨੇ ਉਨ੍ਹਾਂ ਨੂੰ ਆਪਣੇ ਖਰਚਿਆਂ ਬਾਰੇ ਸੋਚਣ ਨੂੰ ਮਮਜ਼ਬੂਰ ਕੀਤਾ ਹੈ। ਉਥੇ ਹੀ ਕੌਮਾਂਤਰੀ ਪੱਧਰ 'ਤੇ ਅਜਿਹਾ ਸੋਚਣ ਵਾਲੇ ਲੋਕਾਂ ਦਾ ਫੀਸਦੀ 62 ਹੈ। ਇਹ ਦੱਸਦਾ ਹੈ ਕਿ ਭਾਰਤੀ ਜ਼ਿਆਦਾ ਚੌਕਸ ਹਨ।
ਇਸ 'ਚ ਕਿਹਾ ਗਿਆ ਹੈ ਕਿ 80 ਫੀਸਦੀ ਜਾਂ ਤਾਂ ਬਜਟ ਬਣਾਉਣ ਵਾਲੇ ਸੋਮਿਆਂ ਦੀ ਵਰਤੋਂ ਕਰ ਰਹੇ ਹਨ ਜਾਂ ਫਿਰ ਅਜਿਹੇ ਉਪਾਅ ਕਰ ਰਹੇ ਹਨ, ਜਿਸ 'ਚ ਇਕ ਲਿਮਿਟ ਤੋਂ ਬਾਅਦ ਉਨ੍ਹਾਂ ਦੀ ਕਾਰਡ ਤੋਂ ਖਰਚੇ 'ਤੇ ਰੋਕ ਲੱਗ ਜਾਵੇ। ਸਰਵੇ ਮੁਤਾਬਕ ਭਾਰਤੀ ਆਪਣਾ ਖ਼ਰਚਾ ਡਿਜੀਟਲ ਤਰੀਕੇ ਨਾਲ ਵੱਧ ਕਰਨਾ ਚਾਹੁੰਦੇ ਹਨ। 78 ਫ਼ੀਸਦੀ ਭਾਰਤੀ ਮੁਕਾਬਲੇਬਾਜ਼ਾਂ ਨੇ ਕਿਹਾ ਕਿ ਉਹ 'ਆਨਲਾਈਨ' ਖ਼ਰੀਦਗਾਰੀ ਪਸੰਦ ਕਰਨਗੇ, ਜਦੋਂ ਕਿ ਕੌਮਾਂਤਰੀ ਔਸਤ ਲਗਭਗ 2 ਤਿਹਾਈ ਹੈ। ਮਹਾਮਾਰੀ ਦੇ ਪਹਿਲਾਂ ਦੀ ਤੁਲਨਾ 'ਚ ਭਾਰਤ ਸਮੇਤ ਦੁਨੀਆ ਭਰ 'ਚ ਗਾਹਕ ਹੁਣ ਕਰਿਆਨਾ ਸਾਮਾਨ, ਸਿਹਤ ਅਤੇ ਡਿਜੀਟਲ ਯੰਤਰਾਂ ਵਰਗੇ ਬੁਨਿਆਦੀ ਵਸਤਾਂ 'ਤੇ ਖ਼ਰਚ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ 'ਚ ਇਹ ਰੁਝਾਨ ਵਧੇਗਾ। ਸਰਵੇ 'ਚ 64 ਫ਼ੀਸਦੀ ਭਾਰਤੀਆਂ ਨੇ ਕਿਹਾ ਕਿ ਉਨ੍ਹਾਂ ਨੇ ਮਹਾਮਾਰੀ ਤੋਂ ਪਹਿਲਾਂ ਦੀ ਤੁਲਨਾ 'ਚ ਯਾਤਰਾ/ਛੁੱਟੀ 'ਤੇ ਖ਼ਰਚਿਆਂ 'ਚ ਕਟੌਤੀ ਕੀਤੀ ਹੈ। ਕੌਮਾਂਤਰੀ ਪੱਧਰ 'ਤੇ ਵੀ ਇਹ 64 ਫੀਸਦੀ ਹੈ। ਉਥੇ ਹੀ 56 ਫ਼ੀਸਦੀ ਭਾਰਤੀਆਂ ਨੇ (ਕੌਮਾਂਤਰੀ ਪੱਧਰ 'ਤੇ 55 ਫੀਸਦੀ) ਕੱਪੜਿਆਂ 'ਤੇ ਘੱਟ ਖ਼ਰਚ ਕੀਤੇ।
12,000 ਲੋਕਾਂ 'ਚ ਕੀਤਾ ਗਿਆ ਆਨਲਾਈਨ ਸਰਵੇ
ਆਨਲਾਈਨ ਸਰਵੇ 12,000 ਲੋਕਾਂ ਦਰਮਿਆਨ ਕੀਤਾ ਗਿਆ। ਇਸ 'ਚ 12 ਦੇਸ਼ਾਂ ਬ੍ਰਿਟੇਨ, ਹਾਂਗਕਾਂਗ, ਭਾਰਤ, ਇੰਡੋਨੇਸ਼ੀਆ, ਕੀਨੀਆ, ਚੀਨ, ਮਲੇਸ਼ੀਆ, ਪਾਕਿਸਤਾਨ, ਸਿੰਗਾਪੁਰ, ਤਾਈਵਾਨ, ਸੰਯੁਕਤ ਅਰਬ ਅਮੀਰਾਤ ਅਤੇ ਅਮਰੀਕਾ ਦੇ ਬਾਜ਼ਾਰ ਸ਼ਾਮਲ ਹਨ। ਇਹ ਸਰਵੇ 3 ਹਿੱਸਿਆਂ 'ਚ ਜਾਰੀ ਕੀਤਾ ਜਾਣਾ ਹੈ। ਹਾਲੇ ਦੂਜਾ ਹਿੱਸਾ ਜਾਰੀ ਕੀਤਾ ਗਿਆ ਹੈ। ਸਰਵੇ 'ਚ ਇਸ ਗੱਲ ਦਾ ਪਤਾ ਲਗਾਇਆ ਕਿ ਕਿਵੇਂ ਮਹਾਮਾਰੀ ਨੇ ਜੀਵਨ ਜਿਊਣ ਦੇ ਤਰੀਕਿਆਂ 'ਚ ਬਦਲਾਅ ਲਿਆਂਦਾ ਹੈ ਅਤੇ ਆਉਣ ਵਾਲੇ ਸਮੇਂ 'ਚ ਕੀ ਬਦਲਾਅ ਬਣਿਆ ਰਹਿ ਸਕਦਾ ਹੈ। ਪਹਿਲਾ ਸਰਵੇ ਜੁਲਾਈ 'ਚ ਕੀਤਾ ਗਿਆ ਸੀ। ਉਸ 'ਚ ਇਸ ਗੱਲ 'ਤੇ ਗੌਰ ਕੀਤਾ ਗਿਆ ਸੀ ਕਿ ਮਹਾਮਾਰੀ ਨਾਲ ਆਮਦਨ 'ਤੇ ਕੀ ਅਸਰ ਹੋਇਆ ਹੈ। ਸਰਵੇ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਹੁਣ ਲੋਕ ਜ਼ਿਆਦਾ ਖਰੀਦਦਾਰੀ ਆਨਲਾਈਨ ਕਰਨਾ ਪਸੰਦ ਕਰ ਰਹੇ ਹਨ। ਮਹਾਮਾਰੀ ਤੋਂ ਪਹਿਲਾਂ ਸਿਰਫ 54 ਫ਼ੀਸਦੀ ਭਾਰਤੀਆਂ ਨੇ ਆਨਲਾਈਨ ਖਰੀਦਦਾਰੀ ਨੂੰ ਤਰਜੀਹ ਦਿੱਤੀ ਪਰ ਹੁਣ ਇਹ ਵਧ ਕੇ 69 ਫ਼ੀਸਦੀ ਹੋ ਗਿਆ ਹੈ।