ਕੋਰੋਨਾ ਕਾਰਣ ਭਾਰਤੀ ਰੂੰ ਬਾਜ਼ਾਰ ’ਚ ਸਤਾ ਰਹੀ ਹੈ ਪੈਸੇ ਦੀ ਤੰਗੀ

Monday, Mar 09, 2020 - 02:07 AM (IST)

ਜੈਤੋ(ਪਰਾਸ਼ਰ)-ਦੇਸ਼ ਦੇ ਵੱਖ-ਵੱਖ ਕਪਾਹ ਉਤਪਾਦਕ ਸੂਬਿਆਂ ਦੀਆਂ ਮੰਡੀਆਂ ’ਚ ਹੁਣ ਤੱਕ ਲਗਭਗ 2.85 ਕਰੋਡ਼ ਗੰਢ ਦੀ ਆਮਦ ਪੁੱਜਣ ਦੀ ਸੂਚਨਾ ਹੈ। ਚਾਲੂ ਕਪਾਹ ਸੀਜ਼ਨ ਸਾਲ 2019-20 ਦੌਰਾਨ ਦੇਸ਼ ’ਚ ਕਪਾਹ ਉਤਪਾਦਨ ਦੇ ਅੰਕੜਿਆਂ ’ਚ ਵਿਭਿੰਨਤਾ ਬਣੀ ਹੋਈ ਹੈ। ਕਾਟਨ ਐਡਵਾਈਜ਼ਰੀ ਬੋਰਡ (ਸੀ. ਏ. ਬੀ.) ਦਾ ਅੰਦਾਜ਼ਾ 3.60 ਕਰੋਡ਼ ਗੰਢ ਉਤਪਾਦਨ ਦਾ ਹੈ। ਕਾਟਨ ਐਸੋਸੀਏਸ਼ਨ ਆਫ ਇੰਡੀਆ ਦਾ ਅੰਦਾਜ਼ਾ 3.54 ਕਰੋਡ਼ ਗੰਢ ਅਤੇ ਰੂੰ ਬਾਜ਼ਾਰ ਦੇ ਮੰਦੜੀਆਂ ਦਾ ਮੰਨਣਾ ਹੈ ਕਿ ਉਤਪਾਦਨ 3.90 ਕਰੋਡ਼ ਗੰਢ ਤੋਂ ਘੱਟ ਨਹੀਂ ਹੋਵੇਗਾ। ਇਕ ਗੰਢ ’ਚ 170 ਕਿਲੋਗ੍ਰਾਮ ਭਾਰ ਹੁੰਦਾ ਹੈ। ਇਸ ਹਫਤੇ ਦੀ ਸ਼ੁਰੂਆਤ ’ਚ 1.50 ਤੋਂ 1.60 ਲੱਖ ਗੰਢ ਦੀ ਆਮਦ ਸੀ, ਜੋ ਸ਼ਨੀਵਾਰ ਘੱਟ ਕੇ 1.20 ਤੋਂ 1.30 ਲੱਖ ਗੰਢ ਰਹਿ ਗਈ।

ਇਸ ਦਰਮਿਆਨ ਇੰਡੀਅਨ ਕਾਟਨ ਐਸੋਸੀਏਸ਼ਨ ਲਿਮਟਿਡ ਬਠਿੰਡਾ ਅਨੁਸਾਰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਸੂਬਿਆਂ ’ਚ ਇਸ ਚਾਲੂ ਸੀਜ਼ਨ ’ਚ ਕੁਲ ਉਤਪਾਦਨ 67.42 ਲੱਖ ਗੰਢ ਰਹਿ ਸਕਦਾ ਹੈ, ਜਿਸ ’ਚ 24,500 ਗੰਢ ਬੰਗਾਲ ਦੇਸੀ ਦੀ ਵੀ ਸ਼ਾਮਲ ਹੈ, ਜਦੋਂਕਿ ਪਿਛਲੇ ਕਪਾਹ ਸੀਜ਼ਨ 2018-19 ’ਚ ਇਹ ਉਤਪਾਦਨ 61.53 ਲੱਖ ਗੰਢ ਦਾ ਰਿਹਾ ਸੀ। ਇੰਡੀਅਨ ਕਾਟਨ ਐਸੋਸੀਏਸ਼ਨ ਲਿਮਟਿਡ (ਆਈ. ਸੀ. ਏ. ਐੱਲ.) ਸੂਤਰਾਂ ਅਨੁਸਾਰ ਚਾਲੂ ਸੀਜ਼ਨ 1 ਸਤੰਬਰ 2019 ਤੋਂ 29 ਫਰਵਰੀ ਤੱਕ ਉੱਤਰੀ ਭਾਰਤ ਦੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀ ਘਰੇਲੂ ਕਪਾਹ ਮੰਡੀਆਂ ’ਚ ਲਗਭਗ 55.24 ਲੱਖ ਗੰਢ ਦੀ ਆਮਦ ਪਹੁੰਚੀ ਹੈ, ਜਿਸ ’ਚ ਲਗਭਗ 20,000 ਗੰਢ ਬੰਗਾਲ ਦੇਸੀ ਦੀ ਹੈ। ਉਪਰੋਕਤ ਸੂਬਿਆਂ ’ਚ 29 ਫਰਵਰੀ, 2020 ਤੱਕ ਲਗਭਗ 2.51 ਲੱਖ ਗੰਢ ਦਾ ਸਟਾਕ ਨਿੱਜੀ ਕਾਰੋਬਾਰੀਆਂ ਕੋਲ ਹੈ, ਜਦੋਂਕਿ ਭਾਰਤੀ ਕਪਾਹ ਨਿਗਮ (ਸੀ. ਸੀ. ਆਈ.) 6.28 ਲੱਖ ਗੰਢ ਅਤੇ ਐੱਮ. ਐੱਨ. ਸੀ. ਕੋਲ ਲਗਭਗ 45,500 ਗੰਢ ਦਾ ਸਟਾਕ ਹੈ।

ਰੂੰ ਬਾਜ਼ਾਰ ਦੇ ਜਾਣਕਾਰਾਂ ਨੇ ਦੱਸਿਆ ਕਿ ਚੀਨ ਦੇ ਕੋਰੋਨਾ ਕਾਰਣ ਕੌਮਾਂਤਰੀ ਮਾਰਕੀਟ ਦੀ ਹਾਲਤ ਬੇਹੱਦ ਖਰਾਬ ਹੋ ਗਈ ਹੈ। ਇਸ ਨਾਲ ਭਾਰਤੀ ਰੂੰ ਬਾਜ਼ਾਰ ਜਗਤ ’ਚ ਪੈਸੇ ਦੀ ਵੱਡੀ ਤੰਗੀ ਸਤਾਉਣ ਲੱਗੀ ਹੈ। ਯਾਰਨ ਅਤੇ ਰੂੰ ਬਰਾਮਦਕਾਰਾਂ ਦੇ ਅਰਬਾਂ ਰੁਪਏ ਚੀਨ ’ਚ ਕੋਰੋਨਾ ਕਾਰਣ ਰੁਕ ਗਏ ਹਨ ਅਤੇ ਕੌਮਾਂਤਰੀ ਬਾਜ਼ਾਰ ’ਚ ਭਾਰਤੀ ਯਾਰਨ ਦੀ ਖੁੱਲ੍ਹ ਕੇ ਡਿਮਾਂਡ ਨਾ ਹੋਣ ਨਾਲ ਯਾਰਨ ’ਚ 10 ਤੋਂ 12 ਰੁਪਏ ਪ੍ਰਤੀ ਕਿਲੋ ਮੰਦੀ ਆ ਗਈ ਹੈ। ਇਹ ਮੰਦੀ ਬੀਤੇ ਕਈ ਦਿਨਾਂ ਤੋਂ ਬਣੀ ਹੋਈ ਹੈ, ਜਿਸ ਨਾਲ ਭਾਰਤੀ ਸਪਿਨਿੰਗ ਉਦਯੋਗ ਨੂੰ ਭਾਰੀ ਪ੍ਰੇਸ਼ਾਨੀਆਂ ’ਚੋਂ ਲੰਘਣਾ ਪੈ ਰਿਹਾ ਹੈ ਕਿਉਂਕਿ ਯਾਰਨ ਦਾ ਬਾਜ਼ਾਰ ਉੱਠਣ ਦਾ ਨਾਂ ਨਹੀਂ ਲੈ ਰਿਹਾ ਹੈ। ਸਪਿਨਿੰਗ ਮਿੱਲਾਂ ਨੂੰ ਮੁੱਖ ਆਮਦਨ ਯਾਰਨ ਤੋਂ ਹੀ ਹੁੰਦੀ ਹੈ। ਹਾਜ਼ਰ ਰੂੰ ਭਾਅ 4040 ਤੋਂ 4080 ਰੁਪਏ ਮਣ ਨਾਲ ਕਤਾਈ ਮਿੱਲਾਂ ਨੂੰ ਹਾਨੀ ਉਠਾਉਣੀ ਪੈ ਰਹੀ ਹੈ, ਜਿਸ ਕਾਰਣ ਹੀ ਰੂੰ ਬਾਜ਼ਾਰ ’ਚ ਕਤਾਈ ਮਿੱਲਾਂ ਦੀ ਡਿਮਾਂਡ ਕਾਫੀ ਠੰਡੀ ਪਈ ਹੋਈ ਹੈ। ਦੂਜਾ ਕਾਰਣ ਜ਼ਿਆਦਾਤਰ ਮਿੱਲਾਂ ਕੋਲ ਪੈਸੇ ਦੀ ਕਮੀ ਹੋਣ ਨਾਲ ਇਹ ਮਿੱਲਾਂ ‘ਹੈਂਡ ਟੂ ਮਾਊਥ’ ਗੰਢ ਖਰੀਦ ਕੇ ਆਪਣਾ ਟਾਈਮ ਪਾਸ ਕਰ ਰਹੀਆਂ ਹਨ।

ਸਰਕਾਰੀ ਕਪਾਹ ਖਰੀਦ ਏਜੰਸੀਆਂ ਕੋਲ 93 ਲੱਖ ਗੰਢ ਸਟਾਕ
ਸੀ. ਸੀ. ਆਈ. ਨੇ ਚਾਲੂ ਸੀਜ਼ਨ ’ਚ ਹੁਣ ਤੱਕ 73.40 ਲੱਖ ਗੰਢ ਨਰਮਾ ਐੱਮ. ਐੱਸ. ਪੀ. ’ਤੇ ਖਰੀਦਿਆ ਜਾ ਹੈ, ਜਦੋਂਕਿ ਉਸ ਕੋਲ ਲਗਭਗ 9 ਲੱਖ ਗੰਢ ਪਿਛਲੇ ਸਾਲ ਦਾ ਸਟਾਕ ਪਿਆ ਹੈ। ਸੀ. ਸੀ. ਆਈ. ਨੇ ਇਸ ਸਾਲ ਤੇਲੰਗਾਨਾ ਤੋਂ 90 ਫੀਸਦੀ ਤੋਂ ਜ਼ਿਆਦਾ ਨਰਮਾ ਖਰੀਦਿਆ ਹੈ, ਜਦੋਂਕਿ ਮਹਾਰਾਸ਼ਟਰ ਫੈੱਡਰੇਸ਼ਨ ਨੇ ਲਗਭਗ 10.60 ਲੱਖ ਗੰਢ ਨਰਮਾ ਖਰੀਦਿਆ ਹੈ। ਮਾਰਕੀਟ ’ਚ ਚਰਚਾ ਹੈ ਕਿ ਸੀ. ਸੀ. ਆਈ. ਇਸ ਵਾਰ 1 ਕਰੋਡ਼ ਗੰਢ ਨਰਮਾ ਵੀ ਖਰੀਦ ਸਕਦੀ ਹੈ। ਕੋਰੋਨਾ ਵਾਇਰਸ ਕਾਰਣ ਗਲੋਬਲ ਬਾਜ਼ਾਰ ਦੀ ਹਾਲਤ ਕਾਫੀ ਵਿਗੜ ਚੁੱਕੀ ਹੈ ਪਰ ਇਨ੍ਹਾਂ ਹਾਲਾਤ ’ਚ ਕਤਾਈ ਮਿੱਲਾਂ ਦੀ ਡਿਮਾਂਡ ਬੇਤਹਾਸ਼ਾ ਕਮਜ਼ੋਰ ਹੈ। ਸੀ. ਸੀ. ਆਈ. ਨੇ ਰੂੰ ਗੰਢ ਦੀ ਸੇਲ ’ਤੇ ਭਾਰੀ ਡਿਸਕਾਊਂਟ ਦਾ ਆਫਰ ਦਿੱਤਾ ਗਿਆ ਹੈ ਪਰ ਅਜੇ ਤੱਕ ਕਤਾਈ ਮਿੱਲਾਂ ਨੇ ਸੀ. ਸੀ. ਆਈ. ਦੀ ਰੂੰ ਖਰੀਦਣ ’ਚ ਕੋਈ ਦਿਲਚਸਪੀ ਨਹੀਂ ਵਿਖਾਈ।

28 ਲੱਖ ਗੰਢ ਬਰਾਮਦ ਅਤੇ 12 ਲੱਖ ਦਰਾਮਦ
ਬਾਜ਼ਾਰ ਜਾਣਕਾਰਾਂ ਅਨੁਸਾਰ ਭਾਰਤ ਵੱਲੋਂ ਵੱਖ-ਵੇਖ ਦੇਸ਼ਾਂ ਨੂੰ ਹੁਣ ਤੱਕ 28 ਲੱਖ ਗੰਢ ਬਰਾਮਦ ਹੋ ਚੁੱਕੀ ਹੈ, ਜਦੋਂਕਿ 12 ਲੱਖ ਗੰਢ ਭਾਰਤੀ ਬੰਦਰਗਾਹਾਂ ’ਤੇ ਪਹੁੰਚ ਗਈ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਅਗਲੇ ਮਹੀਨਿਆਂ ਦੌਰਾਨ ਰੂੰ ਬਾਜ਼ਾਰ ’ਤੇ ਨਿਰਭਰ ਕਰਦਾ ਹੈ ਕਿ ਮਾਰਕੀਟ ਭਾਅ ਕੀ ਰੁਖ ਅਪਣਾਉਂਦੇ ਹਨ। ਇਸ ਵਾਰ ਹੀ ਦਰਾਮਦ-ਬਰਾਮਦ ਹੋਵੇਗੀ ਪਰ ਅਜੇ ਤੱਕ 48 ਲੱਖ ਗੰਢ ਬਰਾਮਦ ਅਤੇ 25 ਲੱਖ ਗੰਢ ਦਰਾਮਦ ਹੋਣ ਦਾ ਅੰਦਾਜ਼ਾ ਲਾਇਆ ਗਿਆ ਹੈ।

ਸੀ. ਸੀ. ਆਈ. ਦੀ ਕਪਾਹ ਖਰੀਦ ’ਤੇ ਚਰਚਾ
ਸੀ. ਸੀ. ਆਈ. ਨੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ’ਚ ਲੱਖਾਂ ਗੰਢ ਦਾ ਨਰਮਾ ਹੇਠਲੇ ਸਮਰਥਨ ਮੁੱਲ (ਐੱਮ. ਐੱਸ. ਪੀ.) ’ਤੇ ਖਰੀਦਿਆ ਹੈੈ। ਸੀ. ਸੀ. ਆਈ. ਦੀ ਨਰਮਾ ਖਰੀਦ ’ਤੇ ਬਾਜ਼ਾਰ ’ਚ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਮੰਨਿਆ ਜਾਂਦਾ ਹੈ ਕਿ ਜੇਕਰ ਸੀ. ਸੀ. ਆਈ. ਦੀ ਕਪਾਹ ਖਰੀਦ ਦੀ ਸੀ. ਸੀ. ਆਈ. ਬਾਰੀਕੀ ਨਾਲ ਜਾਂਚ-ਪੜਤਾਲ ਕਰੇ ਤਾਂ ਇਸ ’ਚ ਵੱਡਾ ਘਪਲਾ ਸਾਹਮਣੇ ਆ ਸਕਦਾ ਹੈ।


Karan Kumar

Content Editor

Related News