ਕੋਰੋਨਾ ਕਾਰਨ ਜੁਲਾਈ-ਸਤੰਬਰ ਦੌਰਾਨ 7 ਸ਼ਹਿਰਾਂ ''ਚ ਘਰਾਂ ਦੀ ਵਿਕਰੀ 61 ਫੀਸਦੀ ਘਟੀ

09/28/2020 9:45:16 PM

ਨਵੀਂ ਦਿੱਲੀ- ਕੋਰੋਨਾ ਵਾਇਰਸ ਕਾਰਨ ਰਿਹਾਇਸ਼ੀ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਜਾਇਦਾਦ ਸਲਾਹਕਾਰ ਜੇ. ਐੱਲ. ਐੱਲ. ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਮਹਾਮਾਰੀ ਕਾਰਨ ਦੇਸ਼ ਦੇ ਉੱਚ 7 ਸ਼ਹਿਰਾਂ ਵਿਚ ਜੁਲਾਈ-ਸਤੰਬਰ ਦੀ ਤਿਮਾਹੀ ਵਿਚ ਘਰਾਂ ਦੀ ਵਿਕਰੀ 61 ਫੀਸਦੀ ਦੀ ਵੱਡੀ ਗਿਰਾਵਟ ਨਾਲ 14,415 ਇਕਾਈ ਰਹਿ ਗਈ। 

ਇਸ ਤੋਂ ਪਿਛਲੇ ਸਾਲ ਇਸ ਸਮੇਂ ਵਿਚ 7 ਸ਼ਹਿਰਾਂ ਦਿੱਲੀ, ਐੱਨ. ਸੀ. ਆਰ., ਮੁੰਬਈ, ਬੈਂਗਲੁਰੂ, ਚੇਨੱਈ, ਹੈਦਰਾਬਾਦ, ਪੁਣੇ ਅਤੇ ਕਲਕੱਤਾ ਵਿਚ 36,826 ਮਕਾਨ ਵੇਚੇ ਗਏ ਸਨ। ਇਸ ਸਾਲ ਜੁਲਾਈ-ਸਤੰਬਰ ਵਿਚ ਬੈਂਗਲੁਰੂ ਵਿਚ ਘਰਾਂ ਦੀ ਵਿਕਰੀ 1,742 ਇਕਾਈ, ਚੇਨੱਈ ਵਿਚ 1,570 ਇਕਾਈ, ਦਿੱਲੀ- ਐੱਨ. ਸੀ. ਆਰ. ਵਿਚ 3,112 ਇਕਾਈ, ਹੈਦਰਾਬਾਦ ਵਿਚ 2,122 ਇਕਾਈ, ਕਲਕੱਤਾ ਵਿਚ 390 ਇਕਾਈ, ਮੁੰਬਈ ਵਿਚ 4,135 ਇਕਾਈ ਅਤੇ ਪੁਣੇ ਵਿਚ 1,344 ਇਕਾਈ ਰਹੀ।

ਕੰਪਨੀ ਨੇ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਸ਼ਹਿਰਾਂ ਮੁਤਾਬਕ ਅੰਕੜੇ ਉਪਲਬਧ ਨਹੀਂ ਕਰਵਾਏ ਹਨ। ਹਾਲਾਂਕਿ ਤਿਮਾਹੀ ਦਰ ਤਿਮਾਹੀ ਆਧਾਰ 'ਤੇ ਤੁਲਨਾ ਕੀਤੀ ਜਾਵੇ ਤਾਂ ਅਪ੍ਰੈਲ-ਜੂਨ ਦੇ ਮੁਕਾਬਲੇ ਜੁਲਾਈ-ਸਤੰਬਰ ਦੌਰਾਨ ਘਰਾਂ ਦੀ ਵਿਕਰੀ 34 ਫੀਸਦੀ ਵਧੀ ਹੈ। ਅਪ੍ਰੈਲ-ਜੂਨ ਦੌਰਾਨ ਘਰਾਂ ਦੀ ਵਿਕਰੀ 10,753 ਇਕਾਈ ਰਹੀ ਸੀ। ਜੇ. ਐੱਲ. ਐੱਲ. ਇੰਡੀਆ ਦੇ ਸੀ. ਈ. ਓ. ਅਤੇ ਕੰਟਰੀ ਮੁਖੀ ਰਮੇਸ਼ ਨਾਇਰ ਨੇ ਬਿਆਨ ਵਿਚ ਕਿਹਾ ਕਿ ਅਸੀਂ ਰਿਹਾਇਸ਼ੀ ਬਾਜ਼ਾਰ ਨੂੰ ਲੈ ਕੇ ਆਸਵੰਦ ਹਾਂ। ਮੁੰਬਈ ਤੇ ਦਿੱਲੀ ਦੇ ਅੰਕੜਿਆਂ ਵਿਚ ਸਾਨੂੰ ਉਮੀਦ ਦਿਖਾਈ ਦੇ ਰਹੀ ਹੈ। ਨਾਇਰ ਨੇ ਕਿਹਾ ਕਿ ਸਸਤੇ ਕਰਜ਼, ਆਕਰਸ਼ਕ ਮੁੱਲ ਨਾਲ ਬਿਲਡਰਾਂ ਵਲੋਂ ਦਿੱਤੀ ਜਾ ਰਹੀ ਆਕਰਸ਼ਕ ਭੁਗਤਾਨ ਯੋਜਨਾ ਰਾਹੀਂ ਸਥਿਤੀ ਵਧੀਆ ਹੋ ਸਕਦੀ ਹੈ। 
 


Sanjeev

Content Editor

Related News