ਕੋਰੋਨਾ ਸੰਕਟ ਕਾਰਨ ਦੁੱਧ ਅਤੇ ਉਸ ਦੇ ਉਤਪਾਦਾਂ ’ਚ ਕੋਈ ਕਮੀ ਨਹੀਂ, ਜਮ੍ਹਾਖੋਰੀ ਤੋਂ ਬਚੋ : ਅਮੂਲ
Monday, Mar 23, 2020 - 10:21 AM (IST)
ਆਣੰਦ— ਦੁੱਧ ਅਤੇ ਇਸ ਦੇ ਹੋਰ ਉਤਪਾਦ ਦੇ ਬ੍ਰਾਂਡ ਅਮੂਲ ਦੀ ਮਾਲਕੀ ਰੱਖਣ ਵਾਲੀ ਸਹਿਕਾਰੀ ਸੰਸਥਾ ਗੁਜਰਾਤ ਕੋਆਪਰੇਟਿਵ ਮਿਲਕ ਮਾਰਕੇਟਿੰਗ ਫੈਡਰੇਸ਼ਨ ਨੇ ਅੱਜ ਲੋਕਾਂ ਤੋਂ ਦੁੱਧ ਉਤਪਾਦਾਂ ਦੀ ਜ਼ਰੂਰਤ ਤੋਂ ਜ਼ਿਆਦਾ ਖਰੀਦਾਰੀ ਕਰਕੇ ਜਮ੍ਹਾਂ ਨਾ ਕਰਨ (ਪੈਨਿਕ ਬਾਇੰਗ) ਦੀ ਅਪੀਲ ਕਰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਸੰਕਟ ਦਾ ਦੁੱਧ ਜਾਂ ਹੋਰ ਉਤਪਾਦ ਪੂਰੀ ਮਾਤਰਾ ’ਚ ਉਪਲਬਧ ਰਹਿਣਗੇ। ਫੈਡਰੇਸ਼ਨ ਦੇ ਪ੍ਰਬੰਧ ਨਿਰਦੇਸ਼ਕ ਆਰ. ਐੱਸ. ਸੋਢੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੋਰੋਨਾ ਸੰਕਟ ਦਾ ਅਮੂਲ ਦੁੱਧ ਦੇ ਉਤਪਾਦਨ ਅਤੇ ਵੰਡ ’ਤੇ ਗੁਜਰਾਤ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਹਰਿਆਣਾ, ਬੰਗਾਲ ਅਤੇ ਹੋਰਨਾਂ ਸਥਾਨਾਂ ’ਤੇ ਕੋਈ ਅਸਰ ਨਹੀਂ ਪਿਆ ਹੈ। ਦੁੱਧ ਉਤਪਾਦਕਾਂ ਤੋਂ ਦੁੱਧ ਦੀ ਖਰੀਦ ਲਗਾਤਾਰ ਜਾਰੀ ਹੈ ਅਤੇ ਰਹੇਗੀ। ਸਰਕਾਰ ਨੇ ਰੋਜ਼ਮੱਰਾ ਦੀ ਜ਼ਿੰਦਗੀ ’ਚ ਦੁੱਧ ਦੀ ਵਰਤੋਂ ਹੋਣ ਕਾਰਨ ਇਸ ਦੇ ਉਤਪਾਦਨ ’ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਲਾਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਹਫਤੇ ਤਾਂ ਅਮੂਲ ਦੀ ਦੁੱਧ ਉਤਪਾਦਕਾਂ ਤੋਂ ਦੁੱਧ ਦੀ ਖਰੀਦ 10 ਤੋਂ 12 ਫੀਸਦੀ ਤੱਕ ਵੱਧ ਸੀ। ਉਹ ਲੋਕਾਂ ਨੂੰ ਭਰੋਸਾ ਦੇਣਾ ਚਾਹੁੰਦੇ ਹਨ ਕਿ ਦੁੱਧ, ਦਹੀਂ, ਘਿਓ, ਪਨੀਰ ਜਾਂ ਇਸ ਦੇ ਦੂਜੇ ਉਤਪਾਦਾਂ ਦੀ ਉਪਲਬਧਤਾ ਕਿਸੇ ਵੀ ਤਰ੍ਹਾਂ ਨਾਲ ਘੱਟ ਨਹੀਂ ਹੋਵੇਗੀ।