ਕੋਰੋਨਾ ਵਿਗਾੜੇਗਾ ਕੱਪੜਾ ਕਾਰੋਬਾਰੀਆਂ ਦੀ ਦੀਵਾਲੀ, 40 ਫੀਸਦੀ ਘੱਟ ਰਹਿ ਸਕਦੀ ਹੈ ਸੇਲ

08/23/2020 1:59:43 AM

ਨਵੀਂ ਦਿੱਲੀ (ਇੰਟ.)–ਕੋਰੋਨਾ ਨੇ ਕੱਪੜਾ ਕਾਰੋਬਾਰੀਆਂ ਦਾ ਧੰਦਾ ਤਾਂ ਪਹਿਲਾਂ ਹੀ ਖਰਾਬ ਕੀਤਾ ਹੋਇਆ ਸੀ ਪਰ ਹੁਣ ਦੀਵਾਲੀ 'ਤੇ ਹੋਣ ਵਾਲੀ ਵਿਕਰੀ ਦੇ ਵੀ ਵੱਡੇ ਪੈਮਾਨੇ 'ਤੇ ਘਟਣ ਦੇ ਸੰਕੇਤ ਮਿਲ ਰਹੇ ਹਨ। ਦੀਵਾਲੀ ਲਈ ਦਿੱਤੇ ਜਾਣ ਵਾਲੇ ਆਫਰਸ 'ਚ ਕਾਫੀ ਕਮੀ ਦੇਖਣ ਨੂੰ ਮਿਲ ਰਹੀ ਹੈ। ਕਾਰਣ ਇਹ ਹੈ ਕਿ ਹਾਲੇ ਪਿਛਲੇ ਸਾਲ ਦਸੰਬਰ 'ਚ ਨਿਰਮਾਤਾਵਾਂ ਨੂੰ ਦਿੱਤੇ ਗਏ ਆਰਡਰਸ ਦੀ ਹੀ ਡਿਲਿਵਰੀ ਨਹੀਂ ਦਿੱਤੀ ਗਈ ਹੈ। ਕੱਪੜਾ ਕਾਰੋਬਾਰੀਆਂ ਦੇ ਸੰਗਠਨ ਕਲਾਦਿੰਗ ਮੈਨਿਯੂਫੈਕਚਰਰਸ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਅਤੇ ਪ੍ਰਮੁੱਖ ਸਲਾਹਕਾਰ ਰਾਹੁਲ ਮਹਿਤਾ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੀਵਾਲੀ 'ਤੇ ਵਿਕਰੀ 35 ਤੋਂ 40 ਫੀਸਦੀ ਘੱਟ ਰਹਿਣ ਵਾਲੀ ਹੈ। ਇਸ ਹਿਸਾਬ ਨਾਲ ਕਾਰੋਬਾਰੀਆਂ ਨੇ ਨਵੇਂ ਆਰਡਰ 'ਚ ਵੀ ਭਾਰੀ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਹੈ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਾਰੋਬਾਰੀਆਂ ਨੇ ਅਗਲੇ 6 ਮਹੀਨੇ ਦੇ ਹਿਸਾਬ ਨਾਲ ਸਿਰਫ ਸਰਦੀਆਂ 'ਚ ਪਹਿਨੇ ਜਾਣ ਵਾਲੇ ਜ਼ਰੂਰੀ ਕੱਪੜਿਆਂ ਅਤੇ ਇਨਰ ਵੀਅਰ ਦੇ ਹੀ ਆਰਡਰ ਦੇਣੇ ਸ਼ੁਰੂ ਕੀਤੇ ਹਨ। ਨਵੇਂ ਆਰਡਰ ਹਾਲੇ ਕਾਫੀ ਹੱਦ ਤੱਕ ਬੰਦ ਹਨ। ਇਸ ਦੇ ਪਿੱਛੇ ਵੱਡਾ ਕਾਰਣ ਇਹ ਦੱਸਿਆ ਜਾ ਰਿਹਾ ਹੈ ਕਿ ਦੁਕਾਨਾਂ 'ਤੇ ਪਹਿਲਾਂ ਤੋਂ ਹੀ ਸਾਮਾਨ ਬਚਿਆ ਹੋਇਆ ਹੈ ਅਤੇ ਕਾਰੋਬਾਰੀ ਨਵੇਂ ਆਰਡਰ ਤੋਂ ਪਰਹੇਜ਼ ਕਰ ਰਹੇ ਹਨ। ਕੱਪੜਾ ਕਾਰੋਬਾਰੀ ਤਿਓਹਾਰਾਂ ਅਤੇ ਸੀਜ਼ਨ ਨੂੰ ਦੇਖਦੇ ਹੋਏ 3-4 ਮਹੀਨੇ ਪਹਿਲਾਂ ਹੀ ਉਸ ਦੌਰਾਨ ਵੇਚਣ ਲਈ ਕੱਪੜਿਆਂ ਦੇ ਆਰਡਰ ਦਿੰਦੇ ਹਨ। ਉਦਯੋਗ ਜਗਤ ਤੋਂ ਮਿਲੀ ਜਾਣਕਾਰੀ ਮੁਤਾਬਕ ਕੋਰੋਨਾ ਸੰਕਟ ਤੋਂ ਬਾਅਦ ਦੇਸ਼ 'ਚ ਮਾਰਚ 'ਚ ਸ਼ੁਰੂ ਹੋਏ ਲਾਕਡਾਊਨ ਕਾਰਣ ਪਿਛਲੇ ਸਾਲ ਦਸੰਬਰ ਦੌਰਾਨ ਦਿੱਤੇ ਗਏ ਆਰਡਰ ਹਾਲੇ ਤੱਕ ਨਿਰਮਾਤਾਵਾਂ ਦੇ ਕੋਲ ਹੀ ਅਟਕੇ ਪਏ ਹਨ।

ਇਕ ਸਾਲ ਦੀ ਦੇਰੀ ਨਾਲ ਡਿਲਿਵਰੀ
ਰਾਹੁਲ ਮਹਿਤਾ ਮੁਤਾਬਕ ਹੁਣ ਰਿਟੇਲ ਕਾਰੋਬਾਰੀਆਂ ਨੇ ਇਨ੍ਹਾਂ ਆਰਡਰਸ ਨੂੰ ਚੁੱਕਣ ਦਾ ਭਰੋਸਾ ਦਿੱਤਾ ਹੈ। ਹਾਲਾਂਕਿ ਹਾਲੇ ਇਸ ਨੂੰ ਲਏ ਜਾਣ ਦੀ ਕੋਈ ਡੈੱਡਲਾਈਨ ਨਹੀਂ ਦਿੱਤੀ ਗਈ ਹੈ ਅਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ 'ਚ 4-6 ਮਹੀਨੇ ਦਾ ਸਮਾਂ ਲਗ ਸਕਦਾ ਹੈ। ਅਜਿਹੇ 'ਚ ਇਹ ਮਾਲ ਵੀ ਦੀਵਾਲੀ ਤੋਂ ਪਹਿਲਾਂ ਦੁਕਾਨਾਂ 'ਚ ਪਹੁੰਚਣ ਦਾ ਆਸਾਰ ਨਹੀਂ ਹੈ। ਇਨ੍ਹਾਂ ਸਾਮਾਨਾਂ 'ਤੇ ਨਿਰਮਾਤਾਵਾਂ ਅਤੇ ਕਾਰੋਬਾਰੀਆਂ ਦਰਮਿਆਨ ਨਵੇਂ ਸਿਰੇ ਤੋਂ ਰੇਟ 'ਤੇ ਵੀ ਗੱਲਬਾਤ ਹੋ ਸਕਦੀ ਹੈ। ਹਾਲੇ ਹੀ ਕੱਪੜਾ ਕਾਰੋਬਾਰ ਨਾਲ ਜੁੜੀਆਂ ਫੈਕਟਰੀਆਂ ਸਿਰਫ ਜ਼ਰੂਰੀ ਸਾਮਾਨ ਜਿਵੇਂ ਮਾਸਕ ਅਤੇ ਸਿਰਫ ਜ਼ਰੂਰੀ ਸਾਮਾਨਾਂ ਦਾ ਹੀ ਕੰਮ ਕਰ ਰਹੀਆਂ ਹਨ। ਇਸ ਦੌਰਾਨ ਸਿਰਫ 15 ਤੋਂ 20 ਫੀਸਦੀ ਸਮਰੱਥਾ ਦੇ ਆਧਾਰ 'ਤੇ ਹੀ ਕੰਮ ਚੱਲ ਰਿਹਾ ਹੈ।


Karan Kumar

Content Editor

Related News