ਮਹਿੰਗੀ ਹੋ ਸਕਦੀ ਹੈ ਰਸੋਈ ਗੈਸ, ਕੀਮਤਾਂ 'ਚ ਹਰ ਮਹੀਨੇ ਹੋਵੇਗਾ ਇੰਨਾ ਵਾਧਾ!

02/19/2020 12:16:24 PM

ਨਵੀਂ ਦਿੱਲੀ— ਸਬਸਿਡੀ ਵਾਲੀ ਰਸੋਈ ਗੈਸ ਦੇ ਖਪਤਕਾਰਾਂ ਨੂੰ ਘਰੇਲੂ LPG ਸਿਲੰਡਰ ਖਰੀਦਣ ਲਈ ਜ਼ਿਆਦਾ ਭੁਗਤਾਨ ਕਰਨਾ ਪੈ ਸਕਦਾ ਹੈ। ਸਰਕਾਰ ਸਬਸਿਡੀ ਦਾ ਬੋਝ ਘੱਟ ਕਰਨ ਲਈ ਤੇਲ ਕੰਪਨੀਆਂ ਨੂੰ ਹਰ ਮਹੀਨੇ ਇਸ ਦੀ ਕੀਮਤ ਵਧਾਉਣ ਦੀ ਮਨਜ਼ੂਰੀ ਦੇਣ ਦਾ ਬਦਲ ਤਲਾਸ਼ ਰਹੀ ਹੈ।

ਰਸੋਈ ਗੈਸ ਕੀਮਤਾਂ 'ਚ ਹਰ ਮਹੀਨੇ ਪ੍ਰਤੀ ਸਿਲੰਡਰ 4-5 ਰੁਪਏ ਵਿਚਕਾਰ ਦਾ ਵਾਧਾ ਕੀਤਾ ਜਾ ਸਕਦਾ ਹੈ। ਇਹ ਠੀਕ ਉਸੇ ਤਰ੍ਹਾਂ ਹੀ ਹੋ ਸਕਦਾ ਹੈ ਜਿਸ ਤਰ੍ਹਾਂ ਵਿੱਤੀ ਸਾਲ 2016-17 'ਚ ਤੇਲ ਮਾਰਕੀਟਿੰਗ ਕੰਪਨੀਆਂ ਨੇ ਹਰ ਮਹੀਨੇ LPG ਸਿਲੰਡਰ ਕੀਮਤਾਂ 'ਚ 2 ਰੁਪਏ ਦਾ ਵਾਧਾ ਕਰਨਾ ਸ਼ੁਰੂ ਕੀਤਾ ਸੀ ਤੇ ਫਿਰ ਇਸ ਨੂੰ 4 ਰੁਪਏ ਕਰ ਦਿੱਤਾ ਸੀ। ਹਾਲਾਂਕਿ, ਸਖਤ ਵਿਰੋਧ ਮਗਰੋਂ ਅਕਤੂਬਰ 2017 'ਚ ਸਰਕਾਰ ਨੇ ਇਸ ਤੋਂ ਕਦਮ ਪਿੱਛੇ ਖਿੱਚ ਲਏ ਸਨ ਕਿਉਂਕਿ ਇਸ ਕਾਰਨ ਉਜਵਲਾ ਸਕੀਮ ਵੀ ਪ੍ਰਭਾਵਿਤ ਹੋਣ ਦਾ ਖਦਸ਼ਾ ਸੀ। ਸਵੱਛ ਊਰਜਾ ਦੇ ਮਕਸਦ ਨਾਲ ਉਜਵਲਾ ਸਕੀਮ 'ਚ ਗਰੀਬਾਂ ਨੂੰ ਮੁਫਤ ਰਸੋਈ ਗੈਸ ਕੁਨੈਕਸ਼ਨ ਦਿੱਤਾ ਜਾਂਦਾ ਹੈ।


ਇਕ ਅਧਿਕਾਰਤ ਸੂਤਰ ਨੇ ਕਿਹਾ ਕਿ ਰਸੋਈ ਗੈਸ ਕੀਮਤਾਂ 'ਚ ਸੋਧ ਕਰਨ ਦੀ ਇਸ ਸਾਲ ਪਹਿਲਾਂ ਤੋਂ ਵੱਧ ਜ਼ਰੂਰਤ ਹੈ ਕਿਉਂਕਿ ਫਰਵਰੀ 'ਚ ਸਿਲੰਡਰ ਸਬਸਿਡੀ ਲਗਭਗ ਦੁੱਗਣੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਰੁਝਾਨ ਵਿੱਤੀ ਸਾਲ 2020-21 'ਚ ਵੀ ਜਾਰੀ ਰਿਹਾ ਤਾਂ ਸਰਕਾਰ ਦਾ ਸਬਸਿਡੀ ਬਿੱਲ ਬਜਟ ਅਨੁਮਾਨ 35,605 ਕਰੋੜ ਤੋਂ ਵੀ ਪਾਰ ਹੋ ਜਾਵੇਗਾ। ਉੱਥੇ ਹੀ, ਤੇਲ ਮਾਰਕੀਟਿੰਗ ਫਰਮਾਂ ਨੇ ਨਵੇਂ ਵਿੱਤੀ ਸਾਲ ਤੋਂ ਰੈਗੂਲਰ ਆਧਾਰ 'ਤੇ ਸਿਲੰਡਰ ਕੀਮਤਾਂ ਵਧਾਉਣ ਦੀ ਕਿਸੇ ਯੋਜਨਾ ਬਾਰੇ ਅਣਜਾਣਤਾ ਜਤਾਈ ਹੈ।
ਹਾਲਾਂਕਿ, ਜੇਕਰ ਗੈਸ ਕੀਮਤਾਂ 'ਚ ਹਰ ਮਹੀਨੇ 4 ਤੋਂ 5 ਰੁਪਏ ਦਾ ਵਾਧਾ ਹੋਣਾ ਸ਼ੁਰੂ ਹੁੰਦਾ ਹੈ ਤਾਂ ਇਸ ਨਾਲ ਖਪਤਕਾਰਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ ਪਰ ਇਸ ਨਾਲ ਉਨ੍ਹਾਂ ਦੇ ਖਾਤੇ 'ਚ ਜਾਣ ਵਾਲੀ ਸਬਸਿਡੀ ਹੌਲੀ-ਹੌਲੀ ਘੱਟ ਹੋ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਵੀ ਹੋ ਸਕਦਾ ਹੈ ਕਿ ਹਰ ਮਹੀਨੇ ਕੀਮਤਾਂ 'ਚ ਵਾਧਾ ਨਾ ਕੀਤਾ ਜਾਵੇ ਪਰ ਤਿਮਾਹੀ ਜਾਂ ਜ਼ਰੂਰਤ ਦੇ ਹਿਸਾਬ ਨਾਲ ਕੀਮਤਾਂ 'ਚ ਵਾਧਾ ਕੀਤਾ ਜਾ ਸਕਦਾ ਹੈ।


Related News