ਹੇਅਰ ਟਰਾਂਸਪਲਾਂਟ ਤੋਂ ਬਾਅਦ ਵੀ ਨਹੀਂ ਆਏ ਵਾਲ, ਕੰਪਨੀ ਨੂੰ ਜੁਰਮਾਨਾ

Sunday, Dec 01, 2019 - 07:51 AM (IST)

ਹੇਅਰ ਟਰਾਂਸਪਲਾਂਟ ਤੋਂ ਬਾਅਦ ਵੀ ਨਹੀਂ ਆਏ ਵਾਲ, ਕੰਪਨੀ ਨੂੰ ਜੁਰਮਾਨਾ

ਚੰਡੀਗੜ੍ਹ— ਹੇਅਰ ਟਰਾਂਸਪਲਾਂਟ ਕਰਵਾਉਣ ਦੇ ਬਾਵਜੂਦ ਜਦੋਂ ਸਿਰ ’ਤੇ ਚੰਗੀ ਤਰ੍ਹਾਂ ਵਾਲ ਨਹੀਂ ਆਏ ਤਾਂ ਫੋਰਮ ਨੇ ਕੰਪਨੀ ਨੂੰ ਮੁਆਵਜ਼ਾ ਰਾਸ਼ੀ, ਹੇਅਰ ਟਰਾਂਸਪਲਾਂਟ ਲਈ ਸ਼ਿਕਾਇਤਕਰਤਾ ਵੱਲੋਂ ਦਿੱਤੇ ਗਏ ਪੈਸੇ ਅਤੇ ਕੇਸ ਖਰਚ ਦੇ ਰੂਪ ’ਚ ਹਰਜਾਨਾ ਦੇਣ ਦਾ ਆਦੇਸ਼ ਦਿੱਤਾ।

 

ਕੀ ਹੈ ਮਾਮਲਾ
ਸੈਕਟਰ-25 ਨਿਵਾਸੀ ਵਿਕਾਸ ਨੇ ਕੰਜ਼ਿਊਮਰ ਫੋਰਮ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਹੇਅਰ ਟਰਾਂਸਪਲਾਂਟ ਸਰਜਰੀ ਕਰਵਾਉਣ ਲਈ ਉਸ ਦੀ ਸੈਕਟਰ-9 ਸਥਿਤ ਰਿਚਫੀਲ ਹੈਲਥ ਐਂਡ ਬਿਊਟੀ ਪ੍ਰਾਈਵੇਟ ਲਿਮਟਿਡ ਨਾਲ ਗੱਲ ਹੋਈ ਸੀ।

ਕੰਪਨੀ ਨੇ ਕਿਹਾ ਸੀ ਕਿ ਸਰਜਰੀ ਤੋਂ ਬਾਅਦ ਵਾਲਾਂ ’ਚ ਜਗ੍ਹਾ ਨਹੀਂ ਰਹੇਗੀ ਯਾਨੀ ਕਿ ਵਾਲ ਸੰਘਣੇ ਹੋ ਜਾਣਗੇ ਪਰ ਸਰਜਰੀ ਤੋਂ ਬਾਅਦ ਬਾਲ ਸੰਘਣੇ ਨਹੀਂ ਹੋਏ। ਇਸ ਬਾਰੇ ਉਸ ਨੇ ਕੰਪਨੀ ਨੂੰ ਦੱਸਿਆ ਪਰ ਉਸ ਨੇ ਹੋਰ ਵਾਲ ਲਾਉਣ ਲਈ ਵੱਖ ਤੋਂ 23,000 ਰੁਪਏ ਮੰਗ ਲਏ। ਇਸ ’ਤੇ ਸ਼ਿਕਾਇਤਕਰਤਾ ਨੇ ਪੁੱਛਿਆ ਕਿ ਜਦੋਂ ਉਹ ਇਕ ਵਾਰ ਪੈਸੇ ਦੇ ਚੁੱਕਾ ਹੈ ਤਾਂ ਦੁਬਾਰਾ ਪੈਸੇ ਕਿਉਂ ਦੇਵੇ ਪਰ ਇਸ ਤੋਂ ਬਾਅਦ ਕੰਪਨੀ ਨੇ ਉਸ ਦੀ ਗੱਲ ’ਤੇ ਕੋਈ ਧਿਆਨ ਨਹੀਂ ਦਿੱਤਾ। ਇਸ ਤੋਂ ਬਾਅਦ ਉਸ ਨੇ ਕਈ ਵਾਰ ਕੰਪਨੀ ਨੂੰ ਲੀਗਲ ਨੋਟਿਸ ਵੀ ਭੇਜੇ ਪਰ ਜਦੋਂ ਕੋਈ ਸੰਤੁਸ਼ਟ ਜਵਾਬ ਨਹੀਂ ਮਿਲਿਆ ਤਾਂ ਪ੍ਰੇਸ਼ਾਨ ਹੋ ਕੇ ਉਸ ਨੇ ਕੰਜ਼ਿਊਮਰ ਫੋਰਮ ਦਾ ਦਰਵਾਜ਼ਾ ਖੜਕਾਇਆ।

ਇਹ ਕਿਹਾ ਫੋਰਮ ਨੇ
ਕੰਜ਼ਿਊਮਰ ਫੋਰਮ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੰਪਨੀ ਨੂੰ ਦੋਸ਼ੀ ਪਾਇਆ। ਫੋਰਮ ਨੇ ਕੰਪਨੀ ਨੂੰ 25,000 ਰੁਪਏ ਮੁਆਵਜ਼ਾ ਰਾਸ਼ੀ, ਹੇਅਰ ਟਰਾਂਸਪਲਾਂਟ ਲਈ ਸ਼ਿਕਾਇਤਕਰਤਾ ਵੱਲੋਂ ਦਿੱਤੇ ਗਏ 70,948 ਰੁਪਏ 9 ਫੀਸਦੀ ਵਿਆਜ ਨਾਲ ਅਤੇ 10,000 ਰੁਪਏ ਕੇਸ ਖਰਚ ਦੇ ਰੂਪ ’ਚ ਵਿਕਾਸ ਨੂੰ ਦੇਣ ਲਈ ਕਿਹਾ ਹੈ।


Related News