ਅਨਿਲ ਅੰਬਾਨੀ ਦੇ ਹੱਥੋਂ ਨਿਕਲੀ ਇਹ ਵੱਡੀ ਕੰਪਨੀ, ਜਾਣੋ ਕੌਣ ਹੈ ਖ਼ਰੀਦਦਾਰ!
Friday, Mar 18, 2022 - 06:02 PM (IST)

ਨਵੀਂ ਦਿੱਲੀ : ਕਿਸੇ ਸਮੇਂ ਦੇਸ਼ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਰਹੇ ਅਨਿਲ ਅੰਬਾਨੀ ਨੂੰ ਵੱਡਾ ਝਟਕਾ ਲੱਗਾ ਹੈ। ਦੇਸ਼ ਦੀ ਸਭ ਤੋਂ ਵੱਡੀ ਪ੍ਰਾਈਵੇਟ ਸ਼ਿਪਯਾਰਡ ਬਣਾਉਣ ਵਾਲੀ ਕੰਪਨੀ ਰਿਲਾਇੰਸ ਨੇਵਲ ਐਂਡ ਇੰਜੀਨੀਅਰਿੰਗ ਲਿਮਟਿਡ (ਆਰ.ਐਨ.ਈ.ਐਲ.) ਅਨਿਲ ਅੰਬਾਨੀ ਦੇ ਹੱਥੋਂ ਨਿਕਲ ਗਈ ਹੈ। ਅਨਿਲ ਅੰਬਾਨੀ ਆਪਣੀ ਕੰਪਨੀ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸਨ ਅਤੇ ਇਸ ਦੇ ਲਈ ਉਨ੍ਹਾਂ ਨੇ ਆਖਰੀ ਸਮੇਂ 'ਤੇ ਰੈਜ਼ੋਲਿਊਸ਼ਨ ਪਲਾਨ ਵੀ ਪੇਸ਼ ਕੀਤਾ ਸੀ। ਪਰ ਇਸ ਪਲਾਨ ਨੂੰ ਰਿਣਦਾਤਿਆਂ ਨੇ ਰੱਦ ਕਰ ਦਿੱਤਾ ਹੈ।
ਰਿਲਾਇੰਸ ਦੀ ਕੀ ਸੀ ਯੋਜਨਾ
ਰਿਲਾਇੰਸ ਇਨਫਰਾਸਟ੍ਰਕਚਰ ਦੇ ਪ੍ਰਸਤਾਵ ਦੇ ਅਨੁਸਾਰ, ਰਿਣਦਾਤਿਆਂ ਨੂੰ 25 ਕਰੋੜ ਰੁਪਏ ਅਗਾਊਂ ਭੁਗਤਾਨ ਵਜੋਂ ਮਿਲਣੇ ਸਨ। ਇਸੇ ਤਰ੍ਹਾਂ ਉਨ੍ਹਾਂ ਨੂੰ ਪਹਿਲੇ ਸਾਲ ਦੇ ਅੰਤ ਵਿੱਚ 25 ਕਰੋੜ, ਦੂਜੇ ਅਤੇ ਤੀਜੇ ਸਾਲ ਦੇ ਅੰਤ ਵਿੱਚ 50 ਕਰੋੜ, ਚੌਥੇ ਸਾਲ ਬਾਅਦ 75 ਕਰੋੜ ਅਤੇ ਇੱਕ ਸਾਲ ਬਾਅਦ 2300 ਕਰੋੜ ਰੁਪਏ ਦਿੱਤੇ ਜਾਣੇ ਸਨ। ਪਰ ਕਰਜ਼ਦਾਰਾਂ ਨੇ ਇਸ 'ਤੇ ਕੋਈ ਗੌਰ ਨਹੀਂ ਕੀਤਾ ਅਤੇ ਸਰਬਸੰਮਤੀ ਨਾਲ ਇਸ ਨੂੰ ਰੱਦ ਕਰ ਦਿੱਤਾ।
ਕਰਜ਼ਦਾਰਾਂ ਦੀ ਕਮੇਟੀ ਨੇ ਰੱਦ ਕੀਤਾ ਪਲਾਨ
ਰਿਲਾਇੰਸ ਇਨਫਰਾਸਟ੍ਰਕਚਰ ਨੇ ਸ਼ੁੱਕਰਵਾਰ ਨੂੰ ਆਪਣੀ ਰੈਜ਼ੋਲਿਊਸ਼ਨ ਯੋਜਨਾ ਪੇਸ਼ ਕੀਤੀ, ਪਰ ਸੂਤਰਾਂ ਮੁਤਾਬਕ ਕਰਜ਼ਦਾਰਾਂ ਦੀ ਕਮੇਟੀ ਨੇ ਸਰਬਸੰਮਤੀ ਨਾਲ ਇਸ ਨੂੰ ਰੱਦ ਕਰ ਦਿੱਤਾ। ਇਸ ਨਾਲ 26 ਮਹੀਨਿਆਂ ਤੋਂ ਚੱਲ ਰਹੀ ਇਸ ਕੰਪਨੀ ਦੀ ਰੈਜ਼ੋਲਿਊਸ਼ਨ ਪ੍ਰਕਿਰਿਆ ਦਾ ਇਕ ਚੈਪਟਰ ਬੰਦ ਹੋ ਗਿਆ। ਕੰਪਨੀ 'ਤੇ ਐਸਬੀਆਈ ਅਤੇ ਯੂਨੀਅਨ ਬੈਂਕ ਸਮੇਤ ਹੋਰ ਬੈਂਕਾਂ ਦੇ 12,429 ਕਰੋੜ ਰੁਪਏ ਬਕਾਇਆ ਹਨ।
ਕੌਣ ਹੈ ਇਸ ਕੰਪਨੀ ਦਾ ਨਵਾਂ ਮਾਲਕ
ਇਕ ਨਿਊਜ਼ ਚੈਨਲ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਨਿਖਿਲ ਮਰਚੈਂਟ ਦੀ ਅਗਵਾਈ ਵਾਲੀ ਹੇਜ਼ਲ ਮਰਕੈਂਟਾਈਲ-ਸਵਾਨ ਐਨਰਜੀ ਕੰਸੋਰਟੀਅਮ ਨੇ ਰਿਲਾਇੰਸ ਨੇਵਲ ਦੀ ਦੌੜ ਜਿੱਤ ਲਈ ਹੈ। ਵੀਰਵਾਰ ਦੇਰ ਸ਼ਾਮ, ਲਗਭਗ 95 ਪ੍ਰਤੀਸ਼ਤ ਰਿਣਦਾਤਿਆਂ ਨੇ ਇਸ ਕੰਸੋਰਟੀਅਮ ਦੇ ਹੱਕ ਵਿੱਚ ਵੋਟ ਦਿੱਤੀ। ਕੰਪਨੀ ਦੇ ਰੈਜ਼ੋਲਿਊਸ਼ਨ ਪ੍ਰੋਫੈਸ਼ਨਲ ਜਲਦੀ ਹੀ ਇਸ ਲਈ NCLT ਤੋਂ ਮਨਜ਼ੂਰੀ ਲੈਣਗੇ। ਉਸ ਤੋਂ ਬਾਅਦ ਦੀਵਾਲੀਆ ਹੋਈ ਕੰਪਨੀ ਨੂੰ ਇਸ ਕੰਸੋਰਟੀਅਮ ਨੂੰ ਸੌਂਪ ਦਿੱਤਾ ਜਾਵੇਗਾ।
ਹੇਜ਼ਲ ਮਰਕੈਂਟਾਈਲ ਦੇ ਨਾਲ ਸਵੈਨ ਐਨਰਜੀ ਅਤੇ ਨਵੀਨ ਜਿੰਦਲ ਦੀ ਜਿੰਦਲ ਸਟੀਲ ਐਂਡ ਪਾਵਰ ਲਿਮਟਿਡ ਨੇ ਇਸ ਕੰਪਨੀ ਨੂੰ ਖਰੀਦਣ ਲਈ ਬੋਲੀ ਲਗਾਈ ਸੀ। Groupe Veritas ਦੀ ਕੰਪਨੀ Hazel Mercantile ਨੇ ਕਰਜ਼ਦਾਤਾਵਾਂ ਨੂੰ 2,040 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ। ਇਸ ਵਿੱਚੋਂ 1,640 ਕਰੋੜ ਰੁਪਏ ਅਗਲੇ ਪੰਜ ਸਾਲਾਂ ਵਿੱਚ ਦਿੱਤੇ ਜਾਣਗੇ ਅਤੇ ਬਾਕੀ ਕੁਝ ਬਕਾਏ ਦੀ ਵਸੂਲੀ ਤੋਂ ਬਾਅਦ ਅਦਾ ਕੀਤੇ ਜਾਣਗੇ। JSPL ਨੇ 2,210 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ। ਇਸ ਵਿੱਚੋਂ 850 ਕਰੋੜ ਰੁਪਏ ਅਗਲੇ ਪੰਜ ਸਾਲਾਂ ਵਿੱਚ ਦਿੱਤੇ ਜਾਣਗੇ ਜਦਕਿ ਬਾਕੀ ਕੁਝ ਰਿਕਵਰੀ ਤੋਂ ਬਾਅਦ ਦਿੱਤੇ ਜਾਣਗੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।