5-G ਸੇਵਾਵਾਂ ਲਿਆਉਣ ਦੀ ਤਿਆਰੀ ’ਚ ਜੁਟੀ BSNL, JIO ਅਤੇ Airtel ਨੂੰ ਸਖ਼ਤ ਟੱਕਰ ਮਿਲਣ ਦੇ ਆਸਾਰ

Sunday, Aug 04, 2024 - 01:52 PM (IST)

5-G ਸੇਵਾਵਾਂ ਲਿਆਉਣ ਦੀ ਤਿਆਰੀ ’ਚ ਜੁਟੀ BSNL, JIO ਅਤੇ Airtel ਨੂੰ ਸਖ਼ਤ ਟੱਕਰ ਮਿਲਣ ਦੇ ਆਸਾਰ

ਨਵੀਂ ਦਿੱਲੀ (ਏਜੰਸੀ) - ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਛੇਤੀ ਹੀ 5-ਜੀ ਸੇਵਾਵਾਂ ਸ਼ੁਰੂ ਕਰਨ ਵਾਲੀ ਹੈ। ਇਸ ਨਾਲ ਜੀਓ ਅਤੇ ਏਅਰਟੈੱਲ ਵਰਗੀਆਂ ਦਿੱਗਜ ਕੰਪਨੀਆਂ ਨੂੰ ਸਖ਼ਤ ਟੱਕਰ ਮਿਲਣ ਦੇ ਆਸਾਰ ਹਨ।

ਬੀ. ਐੱਸ. ਐੱਨ. ਐੱਲ. ਨੇ ਇਹ ਕਦਮ ਅਜਿਹੇ ਸਮੇਂ ’ਚ ਚੁੱਕਿਆ ਹੈ ਜਦੋਂ ਸੋਸ਼ਲ ਮੀਡੀਆ ’ਤੇ ਲੋਕਾਂ ਨੂੰ ਜੀਓ ਅਤੇ ਏਅਰਟੈੱਲ ਦੀਆਂ ਮਹਿੰਗੀਆਂ ਸੇਵਾਵਾਂ ਛੱਡ ਕੇ ਬੀ. ਐੱਸ. ਐੱਨ. ਐੱਲ. ਅਪਨਾਉਣ ਲਈ ਉਤਸ਼ਾਹ ਦਿੱਤਾ ਜਾ ਰਿਹਾ ਹੈ। ਬੀ. ਐੱਸ. ਐੱਨ. ਐੱਲ. ਨੇ ਆਪਣੀਆਂ 5-ਜੀ ਸੇਵਾਵਾਂ ਸ਼ੁਰੂ ਕਰਨ ਲਈ ਕਈ ਸਟਾਰਟਅਪ ਅਤੇ ਕੰਪਨੀਆਂ ਨਾਲ ਭਾਈਵਾਲੀ ਕੀਤੀ ਹੈ। ਇਸ ਨਾਲ ਖਪਤਕਾਰਾਂ ਨੂੰ ਸਸਤੀਆਂ ਦਰਾਂ ’ਤੇ 5-ਜੀ ਸੇਵਾਵਾਂ ਮਿਲਣ ਦੀ ਉਮੀਦ ਹੈ।

ਹੁਣ ਤੱਕ ਦੇਸ਼ ’ਚ ਸਿਰਫ ਰਿਲਾਇੰਸ ਜੀਓ ਅਤੇ ਏਅਰਟੈੱਲ ਹੀ 5-ਜੀ ਸੇਵਾਵਾਂ ਦੇ ਰਹੀਆਂ ਹਨ ਪਰ ਆਉਣ ਵਾਲੇ ਦਿਨਾਂ ’ਚ ਬੀ. ਐੱਸ. ਐੱਨ. ਐੱਲ. ਦੀ ਇਸ ਪੇਸ਼ਕਸ਼ ਨਾਲ ਇਨ੍ਹਾਂ ਦੋਵਾਂ ਕੰਪਨੀਆਂ ਨੂੰ ਆਪਣੇ ਗਾਹਕਾਂ ਨੂੰ ਗੁਆਉਣ ਦਾ ਡਰ ਸਤਾਅ ਰਿਹਾ ਹੈ। ਬੀ. ਐੱਸ. ਐੱਨ. ਐੱਲ. ਦਾ ਟੀਚਾ ਆਉਣ ਵਾਲੇ ਮਹੀਨਿਆਂ ’ਚ ਸਟਾਰਟਅਪ ਅਤੇ ਕੰਪਨੀਆਂ ਨਾਲ ਮਿਲ ਕੇ 5-ਜੀ ਦਾ ਟ੍ਰਾਇਲ ਸ਼ੁਰੂ ਕਰਨਾ ਹੈ। ਇਸ ਟ੍ਰਾਇਲ ’ਚ ਸਭ ਤੋਂ ਪਹਿਲਾਂ ਪ੍ਰਾਈਵੇਟ ਨੈੱਟਵਰਕ ਸੀ. ਐੱਨ. ਪੀ. ਐੱਨ. ਸਥਾਪਤ ਕਰਨ ’ਤੇ ਫੋਕਸ ਕੀਤਾ ਜਾਵੇਗਾ।

ਭਾਈਵਾਲੀ ’ਚ ਬੀ. ਐੱਸ. ਐੱਨ. ਐੱਲ. ਦਾ ਕੀ ਹੋਵੇਗਾ ਕੰਮ?

ਇਸ ਭਾਈਵਾਲੀ ’ਚ ਬੀ. ਐੱਸ. ਐੱਨ. ਐੱਲ. ਸਪੈਕਟਰਮ, ਇਨਫ੍ਰਾਸਟ੍ਰੱਕਚਰ ਅਤੇ ਸਾਧਨ ਮੁਹੱਈਆ ਕਰਾਏਗੀ, ਜਦੋਂ ਕਿ ਭਾਈਵਾਲ ਕੰਪਨੀਆਂ ਸੇਵਾਵਾਂ ਦੇਣ ਦਾ ਕੰਮ ਸੰਭਾਲਣਗੀਆਂ। ਬੀ. ਐੱਸ. ਐੱਨ. ਐੱਲ. ਨੂੰ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.), ਲੇਖਾ ਵਾਇਰਲੈੱਸ ਅਤੇ ਅਮੰਤਿਆ ਟੈਕਨੋਲਾਜੀਜ਼ ਵਰਗੀਆਂ ਕਈ ਪ੍ਰਮੁੱਖ ਭਾਰਤੀ ਕੰਪਨੀਆਂ ਵੱਲੋਂ ਟੈਸਟਿੰਗ ਪ੍ਰਸਤਾਵ ਮਿਲੇ ਹਨ।

ਇਹ ਕੰਪਨੀਆਂ ਵੁਆਇਸ, ਵੀਡੀਓ, ਡਾਟਾ, ਨੈੱਟਵਰਕ ਸਲਾਈਸਿੰਗ, ਪ੍ਰਾਈਵੇਟ ਆਟੋਮੈਟਿਕ ਬ੍ਰਾਂਚ ਐਕਸਚੇਂਜ (ਪੀ. ਏ. ਬੀ. ਐਕਸ.) ਵਰਗੀਆਂ ਵੱਖ-ਵੱਖ 5-ਜੀ ਆਧਾਰਿਤ ਸੇਵਾਵਾਂ ਦਾ ਪਤਾ ਲਗਾਉਣਗੀਆਂ।

ਕੇਂਦਰੀ ਦੂਰਸੰਚਾਰ ਮੰਤਰੀ ਨੇ ਦਿੱਤੀ ਇਹ ਜਾਣਕਾਰੀ

ਓਧਰ, ਗ‍ਵਾਲੀਅਰ ’ਚ ਸ਼ਨੀਵਾਰ ਨੂੰ ਕੇਂਦਰੀ ਦੂਰਸੰਚਾਰ ਮੰਤਰੀ ਜੋਤੀਰਾਦਿਤਿਆ ਸਿੰਧੀਆ ਨੇ ਦੱਸਿਆ ਕਿ ਬੀ. ਐੱਸ. ਐੱਨ. ਐੱਲ. ਦੇ ਗਾਹਕਾਂ ਦੀ ਗਿਣਤੀ ਵਧ ਰਹੀ ਹੈ। ਕੰਪਨੀ ਦਾ ਘਰੇਲੂ 4-ਜੀ ਨੈਟਵਰਕ ਵੀ ਤਿਆਰ ਹੈ। ਇਸ ਨੂੰ 5-ਜੀ ’ਚ ਬਦਲਣ ਦਾ ਕੰਮ ਚੱਲ ਰਿਹਾ ਹੈ।

ਸਿੰਧੀਆ ਨੇ ਕਿਹਾ, “ਕਈ ਲੋਕਾਂ ਨੇ ਪੁੱਛਿਆ ਸੀ ਕਿ ਜਦੋਂ ਜੀਓ, ਏਅਰਟੈੱਲ ਅਤੇ ਵੋਡਾਫੋਨ ਨੇ 4-ਜੀ ਨੈੱਟਵਰਕ ਸ਼ੁਰੂ ਕੀਤਾ ਤਾਂ ਬੀ. ਐੱਸ. ਐੱਨ. ਐੱਲ. ਨੇ ਕਿਉ ਨਹੀਂ ਕੀਤਾ? ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਕਲਪ ਸੀ ਕਿ ਜੇ ਸਾਨੂੰ ਸਰਕਾਰੀ ਕੰਪਨੀ ਦਾ ਨੈੱਟਵਰਕ ਵਿਕਸਤ ਕਰਨਾ ਹੈ ਤਾਂ ਅਸੀਂ ਚੀਨ ਜਾਂ ਕਿਸੇ ਹੋਰ ਬਾਹਰੀ ਦੇਸ਼ ਦੇ ਉਪਕਰਣਾਂ ਦੀ ਵਰਤੋਂ ਨਹੀਂ ਕਰਾਂਗੇ।”

ਸਿੰਧੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ‘ਆਤਮਨਿਰਭਰ ਭਾਰਤ’ ਦੇ ਤਹਿਤ ਸੰਕਲਪ ਲਿਆ ਹੈ ਕਿ ਭਾਰਤ ਆਪਣਾ ਖੁਦ ਦਾ 4-ਜੀ ਸਟੈਕ, ਕੋਰ ਸਿਸਟਮ ਜਾਂ ਟਾਵਰ ਵਿਕਸਤ ਕਰੇਗਾ। ਇਸ ਨੂੰ ਰੇਡੀਏਸ਼ਨ ਐਕਸੈੱਸ ਨੈੱਟਵਰਕ (ਆਰ. ਏ. ਐੱਨ.) ਕਿਹਾ ਜਾਂਦਾ ਹੈ। ਭਾਰਤ ਆਪਣੀ ਤਕਨੀਕ ਵਿਕਸਤ ਕਰੇਗਾ ਅਤੇ ਦੇਸ਼ ਵਾਸੀਆਂ ਨੂੰ 4-ਜੀ ਨੈੱਟਵਰਕ ਦੇਵੇਗਾ। ਇਸ ’ਚ ਸਾਨੂੰ ਡੇਢ ਸਾਲ ਲੱਗ ਗਏ। ਭਾਰਤ ਆਪਣੀ ਸਵਦੇਸ਼ੀ ਤਕਨੀਕ ਰੱਖਣ ਵਾਲਾ 5ਵਾਂ ਦੇਸ਼ ਬਣ ਗਿਆ ਹੈ। ਟਾਵਰ ਲਗਾਉਣ ਦਾ ਕੰਮ ਚੱਲ ਰਿਹਾ ਹੈ। ਤੇਜਸ ਨੈੱਟਵਰਕ, ਸੀ-ਡਾਟ ਅਤੇ ਟੀ. ਸੀ. ਐੱਸ. ਵਰਗੀਆਂ ਭਾਰਤੀ ਕੰਪਨੀਆਂ ਵੱਖ-ਵੱਖ ਖੇਤਰਾਂ ’ਚ ਕੰਮ ਕਰ ਰਹੀਆਂ ਹਨ। ਬੀ. ਐੱਸ. ਐੱਨ. ਐੱਲ. ਇਸ ਨੂੰ ਲਾਗੂ ਕਰ ਰਿਹਾ ਹੈ।

ਅਕਤੂਬਰ ਦੇ ਅੰਤ ਤੱਕ ਲੱਗਣਗੇ 80,000 ਟਾਵਰ

ਕੇਂਦਰੀ ਮੰਤਰੀ ਮੁਤਾਬਕ, ਅਕਤੂਬਰ ਦੇ ਅੰਤ ਤੱਕ 80,000 ਟਾਵਰ ਲੱਗ ਜਾਣਗੇ। ਬਾਕੀ 21,000 ਅਗਲੇ ਸਾਲ ਮਾਰਚ ਤੱਕ ਲਾਉਣ ਦਾ ਟੀਚਾ ਹੈ। ਹਾਲ ਹੀ ’ਚ ਜੀਓ, ਏਅਰਟੈੱਲ ਅਤੇ ਵੋਡਾਫੋਨ ਵਰਗੀਆਂ ਪ੍ਰਮੁੱਖ ਦੂਰਸੰਚਾਰ ਕੰਪਨੀਆਂ ਨੇ ਆਪਣੀਆਂ ਦਰਾਂ ’ਚ ਵਾਧਾ ਕੀਤਾ। ਇਸ ਦਾ ਸਿੱਧਾ ਫਾਇਦਾ ਬੀ. ਐੱਸ. ਐੱਨ. ਐੱਲ. ਨੂੰ ਹੋਇਆ। ਜਦੋਂ ਹੋਰ ਕੰਪਨੀਆਂ ਨੇ ਆਪਣੇ ਪਲਾਨ ਮਹਿੰਗੇ ਕੀਤੇ ਤਾਂ ਬੀ. ਐੱਸ. ਐੱਨ. ਐੱਲ. ਦੇ ਪ‍ਲਾਨ ਉਨ੍ਹਾਂ ਦੇ ਮੁਕਾਬਲੇ ਸਸਤੇ ਰਹਿ ਗਏ। ਇਸ ਨੇ ਉਨ੍ਹਾਂ ਗਾਹਕਾਂ ਨੂੰ ਬੀ. ਐੱਸ. ਐੱਨ. ਐੱਲ. ਵੱਲ ਆਕਰਸ਼ਿਤ ਕੀਤਾ ਜੋ ਘੱਟ ਖਰਚੇ ’ਚ ਜ਼ਿਆਦਾ ਡਾਟਾ ਅਤੇ ਕਾਲਿੰਗ ਦੀ ਸਹੂਲਤ ਚਾਹੁੰਦੇ ਸਨ।


author

Harinder Kaur

Content Editor

Related News