ਪਹਿਲੀ ਛਿਮਾਹੀ ’ਚ ਸੂਬਿਆਂ ਦਾ ਸਮੂਹਿਕ ਪੂੰਜੀਗਤ ਖਰਚਾ ’ਚ ਸਿਰਫ 2.2 ਫੀਸਦੀ ਵਧਿਆ
Monday, Dec 05, 2022 - 02:44 PM (IST)
ਮੁੰਬਈ (ਭਾਸ਼ਾ) - ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ’ਚ 18 ਸੂਬਿਆਂ ਦੇ ਪੂੰਜੀਗਤ ਖਰਚੇ ’ਚ ਸਿਰਫ 2.2 ਫੀਸਦੀ ਦਾ ਵਾਧਾ ਹੋਇਆ ਹੈ। ਹਾਲਾਂਕਿ ਇਸ ਸਮੇਂ ਦੌਰਾਨ ਇਨ੍ਹਾਂ ਸੂਬਿਆਂ ਦਾ ਸਮੂਹਿਕ ਮਾਲੀਆ ਘਾਟਾ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਇਕ-ਚੌਥਾਈ ਰਹਿ ਗਿਆ ਹੈ। 18 ਵੱਡੇ ਸੂਬਿਆਂ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਦੇ ਆਧਾਰ ’ਤੇ ਇਕ੍ਰਾ ਰੇਟਿੰਗਜ਼ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਇਨ੍ਹਾਂ ਸੂਬਿਆਂ ਨੂੰ 2022-23 ਦੇ ਬਜਟ ਟੀਚੇ ਨੂੰ ਪੂਰਾ ਕਰਨ ਲਈ ਦੂਜੀ ਛਿਮਾਹੀ ’ਚ ਪੂੰਜੀਗਤ ਖਰਚੇ ’ਚ 57 ਫੀਸਦੀ ਦਾ ਵਾਧਾ ਕਰਨਾ ਹੋਵੇਗਾ। ਇਨ੍ਹਾਂ 18 ਸੂਬਿਆਂ ਨੇ ਸਮੂਹਿਕ ਤੌਰ ’ਤੇ ਪੂੰਜੀਗਤ ਖਰਚੇ ਲਈ 6.2 ਲੱਖ ਕਰੋੜ ਰੁਪਏ ਦਾ ਬਜਟ ਟੀਚਾ ਰੱਖਿਆ ਹੈ।
ਇਹ ਹਨ 18 ਸੂਬੇ
ਨੋਟ ’ਚ ਜਿਨ੍ਹਾਂ 18 ਸੂਬਿਆਂ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ’ਚ ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਝਾਰਖੰਡ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਓਡਿਸ਼ਾ, ਪੰਜਾਬ, ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਪੱ. ਬੰਗਾਲ ਸ਼ਾਮਲ ਹਨ।