ਕੋਲਡਪਲੇ ਟਿਕਟ ਕਾਲਾਬਾਜ਼ਾਰੀ : ‘BookMyShow’ ਦੇ CEO ਨੂੰ ਮੁੰਬਈ ਪੁਲਸ ਨੇ ਮੁੜ ਕੀਤਾ ਤਲਬ
Tuesday, Oct 01, 2024 - 10:44 AM (IST)
ਮੁੰਬਈ (ਏਜੰਸੀ) : ਮੁੰਬਈ ਪੁਲਸ ਨੇ ‘ਬੁੱਕਮਾਈਸ਼ੋਅ’ ਦੇ ਸੀ. ਈ. ਓ. ਅਤੇ ਸਹਿ-ਸੰਸਥਾਪਕ ਆਸ਼ੀਸ਼ ਹੇਮਰਾਜਾਨੀ ਨੂੰ ਕੋਲਡਪਲੇ ਕੰਸਰਟ ਦੀਆਂ ਟਿਕਟਾਂ ਦੀ ਕਥਿਤ ਕਾਲਾਬਾਜ਼ਾਰੀ ਦੀ ਜਾਂਚ ਨੂੰ ਲੈ ਕੇ ਮੁੜ ਤਲਬ ਕੀਤਾ ਹੈ। ਰਿਪੋਰਟ ਅਨੁਸਾਰ ਮੁੰਬਈ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ ‘ਬੁੱਕਮਾਈਸ਼ੋਅ’ ਦੀ ਮੂਲ ਕੰਪਨੀ ਬਿਗ ਟ੍ਰੀ ਐਂਟਰਟੇਨਮੈਂਟ ਦੇ ਸੀ. ਈ. ਓ. ਅਾਸ਼ੀਸ਼ ਹੇਮਰਾਜਾਨੀ ਦੇ ਨਾਲ ਹੀ ਕੰਪਨੀ ਦੇ ਟੈਕਨੀਕਲ ਹੈੱਡ ਨੂੰ ਵੀ ਦੂਜਾ ਸੰਮਨ ਜਾਰੀ ਕੀਤਾ ਹੈ।
ਕੰਪਨੀ ਦੇ ਟੈਕਨੀਕਲ ਹੈੱਡ ਦੇ ਨਾਲ ਹੇਮਰਾਜਾਨੀ ਨੂੰ ਪਹਿਲਾਂ 27 ਸਤੰਬਰ ਨੂੰ ਤਲਬ ਕੀਤਾ ਗਿਆ ਸੀ ਪਰ ਉਹ ਆਰਥਿਕ ਅਪਰਾਧ ਸ਼ਾਖਾ ਦੇ ਸਾਹਮਣੇ ਪੇਸ਼ ਨਹੀਂ ਹੋਏ ਸਨ। ਤੁਹਾਨੂੰ ਦੱਸ ਦੇਈਏ ਕਿ ਦੁਨੀਆ ਦੇ ਸਭ ਤੋਂ ਪਸੰਦੀਦਾ ਬੈਂਡਾਂ ’ਚੋਂ ਇਕ ‘ਕੋਲਡਪਲੇ’ 2025 ਵਿਚ ਇਕ ਰੋਮਾਂਚਕ ਕੰਸਰਟ ਦੇ ਲਈ ਭਾਰਤ ਪਰਤ ਰਿਹਾ ਹੈ। 2016 ’ਚ ਉਸ ਦੇ ਸਫਲ ਪ੍ਰਦਰਸ਼ਨ ਤੋਂ ਬਾਅਦ ਪ੍ਰਸ਼ੰਸ਼ਕ ਉਤਸ਼ਾਹ ਨਾਲ ਭਰੇ ਹੋਏ ਹਨ।
ਤੁਹਾਨੂੰ ਦੱਸ ਦੇਈਏ ਕਿ ਐਡਵੋਕੇਟ ਅਮਿਤ ਵਿਆਸ ਨੇ ਕੋਲਡਪਲੇ ਕੰਸਰਟ ਦੀਆਂ ਟਿਕਟਾਂ ਦੀ ਕਥਿਤ ਕਾਲਾਬਾਜ਼ਾਰੀ ਦੀ ਆਰਥਿਕ ਅਪਰਾਧ ਸ਼ਾਖਾ ਨੂੰ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ’ਚ ਵਿਆਸ ਨੇ ਦੋਸ਼ ਲਾਇਆ ਕਿ ‘ਬੁੱਕਮਾਈਸ਼ੋਅ’ ਨੇ ਅਨੈਤਿਕ ਪ੍ਰਥਾਵਾਂ ਦੀ ਵਰਤੋਂ ਕੀਤੀ। ਅਸਲ ੀ ਪ੍ਰਸ਼ੰਸ਼ਕਾਂ ਨੂੰ 22 ਸਤੰਬਰ ਤੋਂ ਸ਼ੁਰੂ ਹੋਈ ਅਧਿਕਾਰਤ ਵਿਕਰੀ ਦੇ ਦੌਰਾਨ ਟਿਕਟਾਂ ਖਰੀਦਣ ਤੋਂ ਰੋਕਿਆ ਗਿਆ।
ਆਪਣੀ ਸ਼ਿਕਾਇਤ ’ਚ ਉਨ੍ਹਾਂ ਨੇ ਪਲੇਟਫਾਰਮ ’ਤੇ ਜਾਇਜ਼ ਖਪਤਕਾਰਾਂ ਨੂੰ ਲਾਗ ਆਉਟ ਕਰਕੇ ਜਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਬਲਾਕ ਕਰਕੇ ਕਥਿਤ ਤੌਰ ’ਤੇ ਪਹੁੰਚ ’ਚ ਹੇਰਫੇਰ ਕਰਨ ਦਾ ਵੀ ਦੋਸ਼ ਲਗਾਇਆ।
35000 ਤੋਂ 3 ਲੱਖ ਰੁਪਏ ’ਚ ਵਿਕੀ ਟਿਕਟ
ਤੁਹਾਨੂੰ ਦੱਸ ਦੇਈਏ ਕਿ ਟਿਕਟਾਂ ਦੀ ਕੀਮਤ ਮੂਲ ਤੌਰ ’ਤੇ 2500 ਤੋਂ 35,000 ਰੁਪਏ ਦੇ ਦਰਮਿਅਾਨ ਸੀ। ਹਾਲਾਂਕਿ, ਵਿਅਾਗੋਗੋ ਵਰਗੇ ਪਲੇਟਫਾਰਮਾਂ ’ਤੇ ਰੀਸੈਲਰ ਟਿਕਟਾਂ 35,000 ਰੁਪਏ ਤੋਂ 3 ਲੱਖ ਰੁਪਏ ਜਾਂ ਇਸ ਤੋਂ ਵੀ ਵੱਧ ਵਿਚ ਵਿਕ ਰਹੀਆਂ ਸਨ।