ਏ. ਆਈ. ਨਾਲ ਬਦਲੇਗਾ ਆਈ. ਟੀ. ਉਦਯੋਗ ਪਰ ਬਾਜ਼ਾਰ ਰਹੇਗਾ ਮਜ਼ਬੂਤ : ਕੋਫੋਰਜ ਸੀ. ਈ. ਓ.
Friday, May 08, 2026 - 01:00 AM (IST)
ਨਵੀਂ ਦਿੱਲੀ, (ਭਾਸ਼ਾ)- ਕੋਫੋਰਜ ਦੇ ਸੀ. ਈ. ਓ. ਸੁਧੀਰ ਸਿੰਘ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਤੇਜ਼ੀ ਨਾਲ ਵਧ ਰਹੀ ਵਰਤੋਂ ਕਾਰਨ ਰਵਾਇਤੀ ਆਈ. ਟੀ. ਸੇਵਾਵਾਂ ਦਾ ‘ਲੇਬਰ-ਏਜ਼-ਏ-ਡਿਫਾਲਟ’ ਮਾਡਲ ਪ੍ਰਭਾਵਿਤ ਹੋ ਰਿਹਾ ਹੈ ਪਰ ਇਸ ਨਾਲ ਆਈ. ਟੀ. ਉਦਯੋਗ ਦਾ ਬਾਜ਼ਾਰ ਛੋਟਾ ਨਹੀਂ ਹੋਵੇਗਾ। ਉਨ੍ਹਾਂ ਅਨੁਸਾਰ ਏ. ਆਈ. ਨਵੀਆਂ ਅਤੇ ਵਧੇਰੇ ਲਾਭਕਾਰੀ ਸੇਵਾਵਾਂ ਦੇ ਮੌਕੇ ਪੈਦਾ ਕਰ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਏ. ਆਈ. ਨਾਲ ਕੋਡ ਤਿਆਰ ਕਰਨਾ ਸਸਤਾ ਹੋ ਸਕਦਾ ਹੈ ਪਰ ਉਸ ਦਾ ਰੱਖ-ਰਖਾਅ, ਸੁਰੱਖਿਆ ਅਤੇ ਸੰਚਾਲਨ ਕਾਫੀ ਮਹਿੰਗਾ ਹੁੰਦਾ ਹੈ। ਇਸ ਲਈ ਭਵਿੱਖ ’ਚ ‘ਏਜੰਟ ਏ. ਆਈ.’ ਆਧਾਰਿਤ ਪ੍ਰਬੰਧਿਤ ਸੇਵਾਵਾਂ ਦੀ ਮੰਗ ਤੇਜ਼ੀ ਨਾਲ ਵਧੇਗੀ।
ਸੁਧੀਰ ਸਿੰਘ ਨੇ ਕਿਹਾ ਕਿ ਜਿਵੇਂ 2 ਦਹਾਕੇ ਪਹਿਲਾਂ ਕਲਾਊਡ ਤਕਨੀਕ ਨੇ ਆਈ. ਟੀ. ਉਦਯੋਗ ਨੂੰ ਬਦਲਿਆ ਸੀ, ਉਸੇ ਤਰ੍ਹਾਂ ਏ. ਆਈ. ਵੀ ਉਦਯੋਗ ਦੀ ਕਾਰਜਪ੍ਰਣਾਲੀ ਨੂੰ ਬਦਲ ਦੇਵੇਗਾ। ਕੰਪਨੀ ਦਾ ਅੰਦਾਜ਼ਾ ਹੈ ਕਿ ਏ. ਆਈ. ਸੇਵਾ ਬਾਜ਼ਾਰ ਅਗਲੇ 5 ਸਾਲਾਂ ’ਚ ਵਧ ਕੇ 800 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ।
